ਨਵੀਂ ਦਿੱਲੀ : ਨੋਟਬੰਦੀ ਦੌਰਾਨ ਸਰਕਾਰ ਨੇ ਪੁਰਾਣੇ 500 ਅਤੇ 1000 ਰੁਪਏ ਦੇ ਨੋਟ ਬੰਦ ਕਰਕੇ 2000 ਰੁਪਏ ਦਾ ਨੋਟ ਸ਼ੁਰੂ ਕੀਤਾ ਸੀ। ਹੁਣ ਪਿਛਲੇ ਕਾ਼ਫੀ ਸਮੇਂ ਤੋਂ ਇਹ ਚਰਚਾ ਵੀ ਚੱਲ ਰਹੀ ਸੀ ਕਿ ਸਰਕਾਰ 2000 ਰੁਪਏ ਦੇ ਨੋਟ ਨੂੰ ਵੀ ਬੰਦ ਕਰ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ।ਇਸ ਦੌਰਾਨ ਖ਼ਬਰ ਮਿਲੀ ਹੈ ਕਿ ਨੋਟਬੰਦੀ ਤੋਂ ਬਾਅਦ ਆਏ ਨਵੇਂ 500 ਰੁਪਏ ਦੇ ਨੋਟਾਂ ਦੀ ਛਪਾਈ ਨੂੰ ਸਰਕਾਰ ਨੇ ਬੰਦ ਕਰਨ ਲਈ ਆਖਿਆ ਹੈ। ਇਸਦੇ ਨਾਲ ਹੀ ਹੁਣ ਆਰਬੀਆਈ 500 ਦੀ ਜਗ੍ਹਾ 200 ਦੇ ਨਵੇਂ ਨੋਟ ਛਾਪਣ ‘ਤੇ ਧਿਆਨ ਦੇਵੇਗੀ। ਸੂਤਰਾਂ ਅਨੁਸਾਰ ਇਸ ਲਈ ਰਿਜ਼ਰਵ ਬੈਂਕ ਨੇ ਬੈਂਕ ਨੋਟ ਪ੍ਰੈੱਸ (ਬੀਐੱਨਪੀ) ਦੇਵਾਸ ਨੂੰ 200 ਰੁਪਏ ਦੇ 40 ਕਰੋੜ ਨੋਟ ਛਾਪਣ ਦਾ ਨਵਾਂ ਟਾਰਗੈੱਟ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਦੇ ਪਿੱਛੇ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਨੋਟਾਂ ਦਾ ਮਾਰਕਿਟ ‘ਚ ਫਲੋਅ ਬਹੁਤ ਜ਼ਿਆਦਾ ਹੋ ਗਿਆ ਹੈ, ਜਿਸ ਕਾਰਨ ਸਰਕਾਰ ਨੂੰ ਇਹ ਫ਼ੈਸਲਾ ਲੈਣਾ ਪੈ ਰਿਹਾ ਹੈ।ਸੂਤਰਾਂ ਅਨੁਸਾਰ ਦੇਵਾਸ ਤੋਂ ਇਲਾਵਾ ਨਾਸਿਕ ‘ਚ ਵੀ 500 ਦੇ ਨਵੇਂ ਨੋਟਾਂ ਦੀ ਛਪਾਈ ਹੋ ਰਹੀ ਸੀ। ਕਰੀਬ 10 ਮਹੀਨੇ ਤੱਕ ਲਗਾਤਾਰ 500 ਦੇ ਨੋਟ ਛਾਪੇ ਗਏ ਸਨ। ਹੁਣ 500 ਦੇ ਨੋਟ ਲੋੜੀਦੀ ਮਾਤਰਾ ‘ਚ ਉਪਲਬਧ ਹਨ, ਇਸ ਲਈ ਛੋਟੇ ਨੋਟਾਂ ਦੀ ਛਪਾਈ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ।ਜਾਣਕਾਰੀ ਅਨੁਸਾਰ 200 ਅਤੇ 20 ਰੁਪਏ ਦੇ ਨੋਟ ਬੈਂਕ ਨੋਟ ਪ੍ਰੈੱਸ (ਬੀਐੱਨਪੀ) ‘ਚ ਛਪਣੇ ਸ਼ੁਰੂ ਹੋ ਗਏ ਹਨ। ਇਸ ਤੋਂ ਬਾਅਦ 50 ਅਤੇ 10 ਰੁਪਏ ਦੇ ਨਵੇਂ ਨੋਟਾਂ ਦੀ ਛਪਾਈ ਕੀਤੀ ਜਾਣੀ ਹੈ। ਸਰਕਾਰ ਭਾਵੇਂ ਇਹ ਕਦਮ ਦੇਸ਼ ਦੀ ਆਰਥਿਕਤਾ ਨੂੰ ਹੋਣ ਵਾਲੇ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਲੈਣਾ ਦੱਸ ਰਹੀ ਹੈ ਪਰ ਇਸ ਨਾਲ ਜਨਤਾ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗ ਸਕਦਾ ਹੈ। ਭਾਵੇਂ ਕਿ ਸਰਕਾਰ ਸਿਰਫ਼ ਨੋਟਾਂ ਦੀ ਛਪਾਈ ਬੰਦ ਕਰਨ ਜਾ ਰਹੀ ਹੈ ਨਾ ਕਿ ਨੋਟਾਂ ਨੂੰ ਬੰਦ ਕਰ ਰਹੀ ਹੈ, ਫਿਰ ਵੀ ਇਸ ਫ਼ੈਸਲੇ ਨਾਲ ਜਨਤਾ ‘ਤੇ ਕੋਈ ਨਾ ਕੋਈ ਅਸਰ ਜ਼ਰੂਰ ਪਵੇਗਾ।ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਦੌਰਾਨ ਦੇਸ਼ ਦੀ ਜਨਤਾ ਨੂੰ ਕਈ ਮਹੀਨੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਰਕਾਰ ਨੇ ਨੋਟਬੰਦੀ ਤੋਂ ਪਹਿਲਾਂ ਸਹੀ ਤਰ੍ਹਾਂ ਪ੍ਰਬੰਧ ਵੀ ਨਹੀਂ ਕੀਤੇ ਹੋਏ ਸਨ, ਜਿਸ ਕਾਰਨ ਨੋਟਬੰਦੀ ਦੌਰਾਨ ਬੈਂਕਾਂ ਦੀਆਂ ਲਾਈਨਾਂ ਵਿਚ ਖੜ੍ਹੇ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ। ਵੈਸੇ ਬਹੁਤ ਸਾਰੇ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ 2000 ਦਾ ਨੋਟ ਬੰਦ ਹੋ ਜਾਵੇ ਤਾਂ ਜ਼ਿਆਦਾ ਬਿਹਤਰ ਹੈ ਕਿਉਂਕਿ ਇਸ ਵੱਡੇ ਨੋਟ ਕਾਰਨ ਆਮ ਜਨਤਾ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।