ਸਾਮਣੇ ਵਾਲੀ ਆਂਟੀ ਅਕਸਰ ਹੀ ਆਖਦੀ ਹੁੰਦੀ ਸੀ ਕੇ ਹੁਣ ਤੁਹਾਡੇ ਪਿਓ ਨੇ ਨਵੀਂ ਮਾਂ ਲੈ ਆਉਣੀ ਹੈ

ਰਸੋਈ ਚੋਂ ਪਾਣੀ ਦਾ ਗਿਲਾਸ ਲੈਣ ਗਈ ਦੀ ਸਰਸਰੀ ਨਜਰ ਨਿਆਣਿਆਂ ਦੇ ਕਮਰੇ ਵੱਲ ਨੂੰ ਜਾ ਪਈ। ਸੋਚਾਂ ਵਿਚ ਡੁੱਬੀ ਨੌ ਕੂ ਸਾਲਾਂ ਦੀ ਕੁੜੀ ਕੰਧ ਤੇ ਟੰਗੀ ਤਸਵੀਰ ਵੱਲ ਦੇਖਦੀ ਹੋਈ ਆਪਣੇ ਨਿੱਕੇ ਵੀਰ ਦਾ ਸਿਰ ਆਪਣੀ ਗੋਦ ਵਿਚ ਲੈ ਉਸਨੂੰ ਸੁਆਉਣ ਦਾ ਯਤਨ ਕਰ ਰਹੀ ਸੀ।

ਇਹ ਸਭ ਕੁਝ ਦੇਖ ਉਹ ਛੇਤੀ ਨਾਲ ਵਾਪਿਸ ਆਪਣੇ ਕਮਰੇ ਵਿਚ ਆ ਗਈ ਤੇ ਬੱਚਿਆਂ ਦੇ ਬਾਪ ਨੂੰ ਆਖਣ ਲੱਗੀ ਕੇ “ਪਤਾ ਨੀ ਕਿਓਂ ਮੈਨੂੰ ਸਾਡਾ ਇਸ ਤਰਾਂ ਆਪਣੇ ਕਮਰੇ ਵਿਚ ਬੰਦ ਹੋ ਜਾਣਾ ਠੀਕ ਜਿਹਾਂ ਨਹੀਂ ਲੱਗਦਾ..ਉਹ ਵੀ ਓਦੋਂ ਜਦੋਂ ਦੋਵੇਂ ਬੱਚੇ ਅਜੇ ਜਾਗਦੇ ਹੋਣ”!
ਫੇਰ ਥੋੜਾ ਸੋਚ ਕੇ ਅੱਗੋਂ ਆਖਣ ਲੱਗੀ ਕੇ “ਅੱਜ ਜਦੋ ਦੀ ਮੈਂ ਇਸ ਘਰੇ ਆਈ ਹਾਂ ਪਤਾ ਨੀ ਕਿਓਂ ਮੈਨੂੰ ਦੋਵੇਂ ਡਰੇ ਡਰੇ ਤੇ ਸਹਿੰਮੇ ਜਿਹੇ ਲੱਗ ਰਹੇ ਨੇ ..ਨਿੱਕਾ ਤੇ ਅਜੇ ਤੱਕ ਇੱਕ ਵਾਰ ਵੀ ਮੇਰੇ ਲਾਗੇ ਨਹੀਂ ਲੱਗਾ..ਦੋ ਵਾਰੀ ਕੋਲ ਬੁਲਾਇਆ ਪਰ ਦੋਵੇਂ ਵਾਰ ਭੱਜ ਕੇ ਆਪਣੀ ਭੈਣ ਦੀ ਬੁੱਕਲ ਵਿਚ ਜਾ ਵੜਿਆ ਏ ..ਪਲੀਜ ਮੈਨੂੰ ਥੋੜਾ ਟਾਈਮ ਚਾਹੀਦਾ ਏ..ਥੋੜਾ ਘੁਲ ਮਿਲ ਲੈਣ ਦਿਓ ਇਹਨਾਂ ਨਾਲ ..ਬਾਕੀ ਸਭ ਕੁਝ ਫੇਰ ਦੇਖਿਆ ਜਾਊ” ਆਪਣਾ ਚੂੜੇ ਵਾਲਾ ਹੱਥ ਛੁਡਾਉਂਦੀ ਹੋਈ ਨੇ ਇੱਕੋ ਸਾਹੇ ਕਿੰਨਾ ਕੁਝ ਆਖ ਦਿੱਤਾ।

“ਪਰ ਆਪਣੀ ਤੇ ਅੱਜ ਹੀ ਕੋਰਟ ਮੈਰਿਜ ਹੋਈ ਹੈ ਤੇ ਹਰ ਨਵੀਂ ਵਿਆਹੀ ਦੇ ਪਹਿਲੀ ਰਾਤ ਨੂੰ ਲੈ ਕੇ ਕੁਝ ਸੱਧਰਾਂ ਤੇ ਅਰਮਾਨ ਹੁੰਦੇ ਨੇ..ਬਾਕੀ ਮੇਰੀ ਤੇ ਖੈਰ ਏ ..ਤੈਨੂੰ ਤੇ ਪਤਾ ਹੀ ਹੈ ਕੇ ਮੈਨੂੰ ਇਹ ਸਭ ਕੁਝ ਕਿੰਨਾ ਹਲਾਤਾਂ ਵਿਚ ਕਰਨਾ ਪਿਆ” ਉਹ ਹੌਲੀ ਜਿਹੀ ਅੱਗੋਂ ਬੋਲਿਆ।

“ਪਰ ਹਰੇਕ ਕੁੜੀ ਦਾ ਵਿਆਹ ਵੀ ਤੇ ਇਹਨਾਂ ਹਾਲਾਤਾਂ ਵਿਚ ਨਹੀਂ ਹੋਇਆ ਹੁੰਦਾ” ਅੱਗੋਂ ਏਨਾ ਆਖ ਉਹ ਬੱਚਿਆਂ ਦੇ ਕਮਰੇ ਵੱਲ ਨੂੰ ਹੋ ਤੁਰੀ ਤੇ ਜਾ ਬੂਹਾ ਖੜਕਾਇਆ। ਸਹਿੰਮੀ ਜਿਹੀ ਏਧਰ ਓਧਰ ਝਾਕਦੀ ਕੁੜੀ ਨੇ ਆਣ ਕੁੰਡਾ ਖੋਲ ਦਿਤਾ। ਨਿੱਕਾ ਜਿਹਾ ਮੁੰਡਾ ਉਸਦੇ ਸੂਟ ਦੀ ਕੰਨੀ ਫੜੀ ਉਸਦੇ ਮਗਰ ਹੀ ਲੁਕਿਆ ਹੋਇਆ ਖਲੋਤਾ ਰਿਹਾ।

“ਬੇਟੀ ਕੀ ਮੈਂ ਅੰਦਰ ਆ ਸਕਦੀ ਹਾਂ?”… ਉਸਨੇ ਪੁੱਛਿਆ। ਕੁੜੀ ਨੇ ਅੱਗੋਂ ਹੌਲੀ ਜਿਹੀ “ਹਾਂ” ਵਿਚ ਸਰ ਹਿਲਾ ਦਿੱਤਾ ਤੇ ਉਹ ਨਾਲ ਹੀ ਅੰਦਰ ਵੜ ਓਹਨਾ ਦੇ ਮੰਜੇ ਤੇ ਜਾ ਬੈਠੀ ਤੇ ਫੇਰ ਦੋਨਾਂ ਨੂੰ ਆਪਣੇ ਕੋਲ ਸੱਦ ਆਪਣੇ ਨੇੜੇ ਬਿਠਾ ਲਿਆ। ਫੇਰ ਦੋਨਾਂ ਦੇ ਸਿਰ ਤੇ ਹੱਥ ਫੇਰ ਕੁੜੀ ਨੂੰ ਉਸਦਾ ਨਾਮ ਪੁੱਛਿਆ।

ਅੱਗੋਂ ਆਖਣ ਲੱਗੀ ਕੇ “ਮੇਰਾ ਨਾਮ ਮਿੱਠੋ ਹੈ ਤੇ ਇਹ ਮੇਰਾ ਨਿੱਕਾ ਵੀਰ “ਰੇਸ਼ਮ” ਏ”…ਹੁਣ ਤੱਕ ਕੋਲ ਬੈਠਾ ਰੇਸ਼ਮ ਹੁੰਦੀ ਗੱਲਬਾਤ ਸੁਣ ਥੋੜਾ ਠੀਕ ਜਿਹਾ ਮਹਿਸੂਸ ਕਰ ਰਿਹਾ ਲੱਗ ਰਿਹਾ ਸੀ। ਉਹ ਫੇਰ ਦੋਵਾਂ ਨੂੰ ਆਪਣੀ ਛਾਤੀ ਨਾਲ ਲਾਉਂਦੀ ਹੋਈ ਆਖਣ ਲੱਗੀ ਕੇ ਅੱਜ ਤੋਂ ਬਾਅਦ ਅਸੀਂ ਤਿੰਨੋਂ ਜਣੇ ਇਸੇ ਕਮਰੇ ਵਿਚ ਇਕੱਠੇ ਹੀ ਸੋਵੇਆਂ ਕਰਾਂਗੇ ਤੇ ਨਾਲ ਹੀ ਉਸਨੇ ਆਪਣੀਆਂ ਬਾਹਵਾਂ ਦੇ ਸਿਰਹਾਣੇ ਬਣਾ ਦੋਨੋਂ ਬਚੇ ਆਪਣੇ ਨਾਲ ਪਾ ਲਏ।

ਡਰ ਝਾਕਾ ਤੇ ਸਹਿੰਮ ਇੱਕਦਮ ਖੰਬ ਲਾ ਕੇ ਉਡ ਗਏ ਅਤੇ ਹੁਣ ਉਹ ਦੋਵੇਂ ਆਪਣੇ ਸਕੂਲ ਤੇ ਆਸ ਪਾਸ ਦੀਆਂ ਅਨੇਕਾਂ ਗੱਲਾਂ ਆਪਣੀ ਨਵੀਂ ਮਾਂ ਨਾਲ ਸਾਂਝੀਆਂ ਕਰਨ ਲੱਗੇ ਹੋਏ ਸਨ।

“ਮਿੱਠੀ” ਦੱਸਣ ਲੱਗੀ ਕੇ ਜਦੋ ਡੈਡੀ ਹਸਪਤਾਲ ਚਲਾ ਜਾਂਦਾ ਤਾਂ ਸਾਮਣੇ ਵਾਲੀ ਆਂਟੀ ਅਕਸਰ ਹੀ ਆਖਦੀ ਹੁੰਦੀ ਸੀ ਕੇ ਹੁਣ ਤੁਹਾਡੇ ਪਿਓ ਨੇ ਨਵੀਂ ਮਾਂ ਲੈ ਆਉਣੀ ਹੈ ਤੇ ਉਸਦੇ ਆਉਂਦਿਆਂ ਹੀ ਤੁਹਾਡਾ ਪਾਪਾ ਬਦਲ ਜਾਊ ਅਤੇ ਨਵੀਂ ਮੰਮੀ ਨਾਲ ਰਲ ਕੇ ਤੁਹਾਨੂੰ ਕੁੱਟਿਆ ਵੀ ਕਰੂ ..ਪਰ ਤੁਸੀਂ ਤੇ ਏਦਾਂ ਦੇ ਨਹੀਂ ਲੱਗਦੇ ਹੋ”

ਦੇਰ ਰਾਤ ਤੱਕ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਬੇਗ਼ਾਨੇਪਨ ਦੇ ਬੱਦਲ ਛੱਟਦੇ ਗਏ ਤੇ ਫੇਰ ਪਤਾ ਹੀ ਨਹੀਂ ਲੱਗਾ ਕਦੋਂ ਤਿੰਨੋਂ ਗੂੜੀ ਨੀਂਦਰ ਸੌਂ ਗਏ।

ਉਹ ਅੱਧੀ ਰਾਤ ਨੂੰ ਉਠਿਆ ਤੇ ਓਹਨਾ ਦੇ ਕਮਰੇ ਵੱਲ ਨੂੰ ਹੋ ਤੁਰਿਆ..ਤਿੰਨਾਂ ਨੂੰ ਚਾਦਰ ਨਾਲ ਢੱਕਿਆ ਤੇ ਫੇਰ ਬੱਤੀ ਬੰਦ ਕਰ ਮੁੜ ਆਪਣੇ ਕਮਰੇ ਵਿਚ ਆ ਗਿਆ।

ਕੈਂਸਰ ਦੀ ਭੇਂਟ ਚੜੀ ਨਿਆਣਿਆਂ ਦੀ ਪਹਿਲੀ ਮਾਂ ਦੀ ਤਸਵੀਰ ਸਾਮਣੇ ਖਲੋਤਾ ਉਹ ਅੱਜ ਆਪਣੇ ਅੰਦਰ ਕਦੇ ਦਾ ਡੱਕਿਆ ਹੋਇਆ ਖਾਰੇ ਪਾਣੀ ਦਾ ਸਮੁੰਦਰ ਵਗਣੋਂ ਨਾ ਰੋਕ ਸਕਿਆ।

ਹਰਪ੍ਰੀਤ ਸਿੰਘ ਜਵੰਦਾ

 

error: Content is protected !!