ਅੰਮ੍ਰਿਤਸਰ: ਆਸਟ੍ਰੇਲੀਆ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਇੱਕ ਐਨ.ਆਰ.ਆਈ. ਔਰਤ ਗੁਰਜੀਤ ਕੌਰ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਦਾ ਡਾਲਰਾਂ ਅਤੇ ਸੋਨੇ ਦੇ ਗਹਿਣਿਆਂ ਵਾਲਾ ਬੈਗ ਕਿਸੇ ਵੱਲੋਂ ਚੋਰੀ ਕਰ ਲਿਆ ਗਿਆ।
 ਜਿਸ ਵੇਲੇ ਮਹਿਲਾ ਦਾ ਬੈਗ ਚੋਰੀ ਹੋਇਆ ਉਸ ਵੇਲੇ ਉਹ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਬਣੀ ਹੈਰੀਟੇਜ ਸਟਰੀਟ ਵਿੱਚ ਸੈਲਫੀ ਲੈ ਰਹੀ ਸੀ।
ਲੁੱਟ ਦਾ ਸ਼ਿਕਾਰ ਹੋਈ ਐਨ.ਆਰ.ਆਈ ਔਰਤ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਵਿੱਚ ਬਣੀ ਸਾਰਾਗੜ੍ਹੀ ਸਰਾਂ ਦੇ ਬਾਹਰ ਸੈਲਫੀ ਲੈ ਰਹੀ ਸੀ ਜਦੋਂ ਕੋਈ ਅਣਜਾਣ ਚੋਰ ਉਸ ਦਾ ਸਾਰਾ ਸਮਾਨ ਲੈ ਕੇ ਰਫੂ ਚੱਕਰ ਹੋ ਗਿਆ। ਉਸ ਦੇ ਬੈਗ ਵਿੱਚ 5000 ਅਸਟਰੇਲੀਅਨ ਡਾਲਰ, 10,000 ਭਾਰਤੀ ਕਰੰਸੀ, ਸੋਨੇ ਦੇ ਜੇਵਰ ਜਿਸ ਦੀ ਕੀਮਤ ਕਰੀਬ 2,000 ਅਸਟਰੇਲੀਅਨ ਡਾਲਰ ਦੱਸੀ ਹੈ, ਇਸ ਤੋਂ ਇਲਾਵਾ ਉਸਦਾ ਹੋਰ ਜ਼ਰੂਰੀ ਸਾਮਾਨ ਵੀ ਸੀ।
ਜਾਣਕਾਰੀ ਮੁਤਾਬਕ ਇਹ ਮਹਿਲਾ ਕੱਲ ਹੀ ਆਸਟ੍ਰੇਲੀਆ ਤੋਂ ਭਾਰਤ ਪੁੱਜੀ ਸੀ ਅਤੇ ਉਸ ਨੇ ਚੰਡੀਗੜ੍ਹ ਜਾਣਾ ਸੀ। ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਰੁਕੀ ਆਈ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ ਸਨ ਪਰ ਇਸ ਦੌਰਾਨ ਉਸ ਨਾਲ ਇਹ ਹਾਦਸਾ ਵਾਪਰ ਗਿਆ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਇਨ ਔਰਤ ਇਸ ਬਾਰੇ ਸ਼ਿਕਾਇਤ ਦਰਜ ਕਰਵਾਉਣ ਲਈ ਕੋਤਵਾਲੀ ਪੁਲਿਸ ਸਟੇਸ਼ਨ ਪਹੁੰਚੀ ਤਾਂ ਇਸ ਨੂੰ ਤਿੰਨ ਘੰਟੇ ਥਾਣੇ ਵਿੱਚ ਖੱਜਲ ਹੋਣਾ ਪਿਆ ਪਾਰ ਫਿਰ ਵੀ ਇਸ ਦੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ, ਕਿਉਂਕਿ ਲੁੱਟ ਦਾ ਮਾਮਲਾ ਦਰਜ ਕਰਨ ਨਾਲ ਪੁਲਿਸ ਦਾ ਅਕਸ ਖ਼ਰਾਬ ਹੁੰਦਾ ਹੈ।
ਜਦੋਂ ਇਸ ਬਾਰੇ ਥਾਣਾ ਇੰਚਾਰਜ ਰਾਜਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਜਵਾਬ ਹੋਰ ਹੈਰਾਨ ਕਰਨ ਵਾਲਾ ਸੀ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਇਥੇ ਸ਼ਰਧਾਲੂਆਂ ਦੀ ਭੀੜ ਜ਼ਿਆਦਾ ਹੋਣ ਕਰ ਕੇ ਚੋਰਾਂ ਦੀ ਗਿਣਤੀ ਵੀ ਵਧ ਗਈ ਹੈ। ਇਥੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਰਮੰਦਿਰ ਸਾਹਿਬ ਨੂੰ ਜਾਣ ਵਾਲੇ ਰਸਤੇ ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਬੰਦ ਹਨ। ਇਸ ਘਟਨਾ ਨੇ ਪੁਲਿਸ ਦੀ ਕਾਰਗੁਜ਼ਾਰੀ ਅਤੇ ਗੁਰੂ ਨਗਰੀ ਦੀ ਸੁਰੱਖਿਆ ਲਈ ਕੀਤੇ ਜਾਣ ਵਾਲੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਦੱਸ ਦੇਈਏ ਕਿ ਬੀਤੀ ਰਾਤ ਵੀ ਅੰਮ੍ਰਿਤਸਰ ਵਿੱਚ ਰੇਲਵੇ ਸਟੇਸ਼ਨ ਕੋਲ ਇੱਕ ਢਾਬੇ ‘ਤੇ ਸ਼ਰ੍ਹੇਆਮ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਸੀ। ਪਰ ਇਹ ਢਾਬਾ ਮਾਲਕ ਦੀ ਸਿਆਣਪ ਸੀ ਕਿ ਉਸ ਨੇ ਆਪਣੇ ਸੀ.ਸੀ.ਟੀ.ਵੀ. ਕੈਮਰੇ ਦਰੁਸਤ ਰੱਖੇ ਹੋਏ ਸਨ। ਇਸ ਨਾਲ ਵਾਰਦਾਤ ਕਰਨ ਵਾਲੇ ਸਾਰੇ ਨੌਜਵਾਨ ਕੈਮਰੇ ਵਿੱਚ ਤਾਂ ਕੈਦ ਹੋ ਗਏ ਪਰ ਪੁਲਿਸ ਦੀ ਗ੍ਰਿਫਤ ਤੋਂ ਹਾਲੇ ਬਾਹਰ ਹੀ ਹਨ।
Sikh Website Dedicated Website For Sikh In World