ਜਲੰਧਰ ਦੇ ਦੀਪ ਨਗਰ ਸ਼ਮਸ਼ਾਨ ਘਾਟ ਵਿੱਚ ਆਪਣੇ ਭਰਾ ਨੂੰ ਸਿਹਰਾ ਬੰਨ੍ਹ ਰਹੀ ਅਤੇ ਮਹਿੰਦੀ ਲਗਾ ਰਹੀ ਇਸ ਭੈਣ ਸ਼ਰਣਜੀਤ ਕੌਰ ਨੂੰ ਪੂਰਾ ਚਾਅ ਸੀ ਕਿ ਕਦੋਂ ਉਹ ਸਮਾਂ ਆਏਗਾ ਕਿ ਉਹ ਆਪਣੇ ਭਰਾ ਨੂੰ ਸਿਹਰਾ ਬੰਨ੍ਹ ਘੋੜੀ ਉੱਤੇ ਚੜ੍ਹਿਆ ਵੇਖੇਗੀ। ਪਰ ਕਿਸ ਨੂੰ ਪਤਾ ਸੀ ਕਿ ਇਹ ਮੌਕਾ ਤਾਂ ਆਵੇਗਾ, ਪਰ ਭਰਾ ਘੋੜੀ ਉੱਤੇ ਨਹੀਂ ਚਾਰ ਮੋਢਿਆਂ ਉੱਤੇ ਹੋਵੇਗਾ। ਅੱਜ ਇਸ ਭੈਣ ਨੇ ਆਪਣੇ ਭਰਾ ਨੂੰ ਵਿਦਾ ਕਰਦੇ ਹੋਏ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਜਿਸ ਭਰਾ ਦੇ ਵਿਆਹ ਦੇ ਸੁਪਨੇ ਉਸਨੇ ਵੇਖੇ ਸਨ, ਉਸਨੂੰ ਇਸ ਤਰੀਕੇ ਨਾਲ ਅੰਤਮ ਵਿਦਾਈ ਦੇਣੀ ਪਵੇਗੀ।
shot dead in US
ਇਸਦਾ ਭਰਾ ਅੱਜ ਤੋਂ ਕਰੀਬ 3 ਸਾਲ ਪਹਿਲਾਂ ਅਮਰੀਕਾ ਦੇ ਮਿੱਸੀਸਿਪੀ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਗਿਆ ਸੀ ਅਤੇ ਉਥੇ ਹੀ ਪੱਕਾ ਵੀ ਹੋ ਗਿਆ ਸੀ। ਜਿੱਥੇ ਇੱਕ ਪਾਸੇ ਭਰਾ ਕਹਿੰਦਾ ਸੀ ਕਿ ਮੈਂ ਆਪਣੀ ਭੈਣ ਦੇ ਵਿਆਹ ਅਜਿਹਾ ਕਰਵਾਂਗਾ ਕਿ ਪੂਰੀ ਦੁਨੀਆ ਦੇਖੇਗੀ, ਉਥੇ ਹੀ ਭੈਣ ਨੂੰ ਵੀ ਇਹੀ ਚਾਅ ਸੀ ਕਿ ਉਸਦੇ ਭਰਾ ਦੇ ਵਿਆਹ ਹੋਵੇ ਅਤੇ ਉਹ ਆਪਣੇ ਸਾਰੇ ਸ਼ੌਕ ਪੂਰੇ ਕਰੇ।
ਪਰ ਸ਼ਾਇਦ ਕਿਸਮਤ ਨੂੰ ਇਹ ਸਭ ਮਨਜ਼ੂਰ ਨਹੀਂ ਸੀ। ਅੱਜ ਜੋ ਕੁੱਝ ਵੀ ਇੱਥੇ ਮੌਜੂਦ ਲੋਕਾਂ ਨੇ ਵੇਖਿਆ ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸਦੀਆਂ ਅੱਖਾਂ ਵਿੱਚ ਹੰਝੂ ਨਾ ਆਏ ਹੋਣ। ਮ੍ਰਿਤਕ ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਨੇ ਆਪਣੇ ਬੇਟੇ ਦੀ ਚਿਤਾ ਨੂੰ ਅਗਨੀ ਵਿਖਾਈ, ਉਹ ਇੱਕ ਪੁਲਿਸ ਮੁਲਾਜ਼ਮ ਹਨ।
ਇਸ ਮੌਕੇ ਉੱਤੇ ਸੰਦੀਪ ਦੇ ਚਾਚੇ ਚਰਣਜੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਜਿਸ ਬੇਟੇ ਨੂੰ ਬਹੁਤ ਚਾਅ ਨਾਲ ਵਿਦੇਸ਼ ਭੇਜਿਆ ਸੀ ਅੱਜ ਉਹ ਇਸ ਤਰ੍ਹਾਂ ਨਾਲ ਘਰ ਪਰਤਿਆ ਹੈ । ਉਨ੍ਹਾਂ ਨੇ ਅਮਰੀਕਾ ਸਰਕਾਰ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬਿਨਾਂ ਕੋਈ ਦੇਰੀ ਦੇ ਲਾਸ਼ ਨੂੰ ਭਾਰਤ ਪਹੁੰਚਾਣ ਵਿੱਚ ਮਦਦ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿੱਚ ਜਿੱਥੇ ਇੱਕ ਪਾਸੇ ਪੁਲਿਸ ਉਨ੍ਹਾਂ ਲੋਕਾਂ ਨੂੰ ਲੱਭ ਰਹੀ ਹੈ ਜਿਨ੍ਹਾਂ ਨੇ ਇਹ ਕਤਲ ਕੀਤਾ ਹੈ, ਉਥੇ ਹੀ ਦੂਜੇ ਪਾਸੇ ਸਿੱਖ ਭਾਈਚਾਰਾ ਮਿਲਕੇ ਬਲਵਿੰਦਰ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਅੱਗੇ ਆਇਆ ਹੈ।
ਪੰਜਾਬੀ ਨੌਜਵਾਨ ਦਾ ਅਮਰੀਕਾ ‘ਚ ਗੋਲੀ ਮਾਰ ਕੇ ਕੀਤਾ ਕਤਲ
ਵਿਦੇਸ਼ੀ ਦੇਸ਼ਾਂ ‘ਚ ਭਾਰਤੀ ਮੂਲ ਦੇ ਨੌਜਵਾਨਾਂ ਦੇ ਕਤਲ ਦੇ ਸਿਲਸਿਲੇ ਦਿਨੋ ਦਿਨ ਵਧਦੇ ਹੀ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਅਮਰੀਕਾ ‘ਚ ਦੇਖਣ ਨੂੰ ਮਿਲਿਆ ਹੈ। ਅਮਰੀਕਾ ਦੇ ਜੈਕਸਨ ਸ਼ਹਿਰ ਵਿਚ ਇਕ 21 ਸਾਲਾ ਪੰਜਾਬੀ ਨੌਜਵਾਨ ਦੀ ਲੁਟੇਰਿਆਂ ਵੱਲੋ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨਿਊ ਡਿਫੈਂਸ ਕਾਲੋਨੀ ਫੇਸ 1 ਵਜੋ ਹੋਈ ਹੈ। ਰਾਮਾ ਮੰਡੀ ਥਾਣੇ ‘ਚ ਮੁਣਸ਼ੀ ਵਜੋ ਤਾਇਨਾਤ ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਸੰਦੀਪ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਹ 10+2 ਪਾਸ ਕਰਨ ਤੋ ਬਾਅਦ ਅਮਰੀਕਾ ਰਿਸ਼ਤੇਦਾਰਾਂ ਕੋਲ ਪਿਛਲੇ ਸਾਢੇ ਤਿੰਨ ਸਾਲਾਂ ਤੋ ਗਰੋਸਰੀ ਸਟੋਰ ‘ਤੇ ਕੰਮ ਕਰ ਰਿਹਾ ਸੀ।