ਲੱਭਣਾ ਤਾਂ ਸੀ ਭਾਈ ਨਹਿਰ ‘ਚੋਂ ਚੋਰੀ ਦਾ ਮੋਟਰਸਾਇਕਲ ਪਰ ਜੋ ਮਿਲਿਆ ਦੇਖ ਸਭ ਨੂੰ ਪੈ ਗਈਆਂ ਭਾਜੜਾਂ
ਲੱਭਣਾ ਤਾਂ ਸੀ ਭਾਈ ਨਹਿਰ ‘ਚੋਂ ਚੋਰੀ ਦਾ ਮੋਟਰਸਾਇਕਲ ਪਰ ਜੋ ਮਿਲਿਆ ਦੇਖ ਸਭ ਨੂੰ ਪੈ ਗਈਆਂ ਭਾਜੜਾਂ
ਰੂਪਨਗਰ ‘ਚੋਂ ਲੰਗਦੀ ਭਾਖੜਾ ਨਹਿਰ ਵਿੱਚੋਂ ਭਾਰੀ ਅਸਲਾ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਭਾਖੜਾ ਨਹਿਰ ਵਿੱਚੋਂ ਜੋ ਵੀ ਅਸਲ ਮਿਲਿਆ ਹੈ ਉਹ ਸਾਰਾ ਨਜਾਇਜ਼ ਅਸਲ ਹੈ। ਅਸਲੇ ਦੇ ਨਾਲ ਨਾਲ ਨਹਿਰ ਵਿਚ ਡੁੱਬੇ ਹੋਏ ਚੋਰੀ ਦੇ ਮੋਟੋਰਸੀਕਲੇ ਵੀ ਗੋਤਾਖੋਰਾਂ ਦੀ ਮਦਦ ਨਾਲ ਪੁਲਿਸ ਵੱਲੋਂ ਪ੍ਰਾਪਤ ਕੀਤੇ ਗਏ ਹਨ।
ਇਸ ਸਾਰੇ ਮਾਮਲੇ ਬਾਰੇ ਰਾਜ ਬਚਨ ਸਿੰਘ ਸੰਧੂ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਪ੍ਰੈਸ ਵਾਰਤਾਲਾਪ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਅਸਲੇ ਦੀ ਇੱਕ ਵੱਡੀ ਖੇਪ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਰਾਜ ਬਚਨ ਸੰਧੂ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਨੰ. 60, ਮਿਤੀ 23.03.2018 ਅ/ਧ 379,34 ਹਿੰ.ਦੰ. ਥਾਣਾ ਸਿਟੀ ਰੂਪਨਗਰ ਦੀ ਤਫਤੀਸ਼ ਇੰਸ.ਅਤੁਲ ਸੋਨੀ ਇੰਚਾਰਜ ਸੀ.ਆਈ.ਏ. ਸਟਾਫ ਰੂਪਨਗਰ ਅਤੇ ਥਾ. ਬਲਵਿੰਦਰ ਕੁਮਾਰ ਸੀ.ਆਈ.ਏ. ਸਟਾਫ ਰੂਪਨਗਰ ਦੀ ਟੀਮ ਵੱਲੋ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਸੀ, ਜੋ ਇਸ ਮੁਕੱਦਮੇ ਦੇ ਦੋਸ਼ੀ ਸੁਖਬੀਰ ਸਿੰਘ ਪੁੱਤਰ ਗੁਰਿੰਦਰ ਸਿੰਘ ਅਤੇ ਪ੍ਰੇਮ ਮਸੀਹ ਪੁੱਤਰ ਕਸ਼ਮੀਰ ਮਸੀਹ ਵਾਸੀ ਕੋਟਲਾ ਨਿਹੰਗ ਥਾਣਾ ਸਿੰਘ ਭਗਵੰਤਪੁਰ ਜ਼ਿਲ੍ਹਾ ਰੂਪਨਗਰ ਦੇ ਨਾਮ ‘ਤੇ ਦਰਜ ਹੈ।
ਇਹਨਾਂ ਮੁਲਜ਼ਮਾਂ ਨੇ ਜਾਂਚ ਪੜਤਾਲ ਵੇਲੇ ਦੱਸਿਆ ਹੈ ਕਿ ਉਹਨਾਂ ਨੇ ਚੋਰੀ ਕੀਤਾ ਗਿਆ ਮੋਟਰਸਾਇਕਲ ਭਾਖੜਾ ਮੇਨ ਲਾਈਨ ਨਹਿਰ ਵਿੱਚ ਸੁੱਟ ਦਿੱਤਾ ਸੀ। ਜੋ ਨਹਿਰ ਵਿੱਚ ਸਰਚ ਅਭਿਆਨ ਤਹਿਤ ਰੰਗੀਲਪੁਰ ਵੱਡੇ ਪੁਲ ਦੇ ਨਜ਼ਦੀਕ ਨਹਿਰ ਵਿਚੋ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕਢਿਆ ਗਿਆ ਹੈ। ਇਸ ਸਾਰੇ ਮਾਮਲੇ ਵਿਚ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਸ ਮੋਟੋਰਸੀਕਲ ਕੋਲੋਂ ਇੱਕ ਪਲਾਸਟਿਕ ਦਾ ਥੈਲਾ ਵੀ ਬਰਾਮਦ ਹੋਇਆ ਹੈ ਜਿਸ ਵਿੱਚੋ ਇੱਕ ਵਿਦੇਸ਼ੀ ਗੰਨ, ਇੱਕ ਪਿਸਟਲ .38 ਬੌਰ, ਦੇਸੀ ਕੱਟਾ .12 ਬੌਰ ਅਤੇ 02 ਮੈਗਜੀਨ ਵਿਦੇਸ਼ੀ ਗੰਨ ਸਮੇਤ 206 ਕਾਰਤੂਸ (19 ਚਲੇ ਹੋਏ ਅਤੇ 187 ਅਣਚਲੇ ਹੋਏ) ਵੱਖ ਵੱਖ ਬੌਰ ਦੇ ਬ੍ਰਾਮਦ ਹੋਏ ਹਨ ਅਤੇ ਦੋਸ਼ੀਆਂ ਦਾ ਕਹਿਣਾ ਹੈ ਕਿ ਮੋਟੋਰਸੀਕਲ ਤਾਂ ਉਹਨਾਂ ਨੇ ਹੀ ਇਥੇ ਸੁਟਿਆ ਸੀ ਪਰ ਇਹ ਅਸਲੇ ਵਾਲਾ ਥੈਲਾ ਉਹਨਾਂ ਦਾ ਨਹੀਂ ਹੈ।
ਹੁਣ ਪੁਲਿਸ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਅਸਲਾ ਚੋਰਾਂ, ਗੁੰਡਿਆਂ ਜਾਂ ਹੋਰ ਸ਼ਰਾਰਤੀ ਅਨਸਰਾਂ ਵੱਲੋ ਜਾਂ ਗੈਂਗਸਟਰਾਂ ਵੱਲੋ ਪੁਲਿਸ ਦੇ ਵੱਧਦੇ ਹੋਏ ਦਬਾਅ ਨੂੰ ਦੇਖਦੇ ਹੋਏ ਨਹਿਰ ਵਿਚ ਇਸ ਤਰ੍ਹਾਂ ਛੁੱਪਾ ਕੇ ਰੱਖਿਆ ਹੋਇਆ ਸੀ। ਜਿਸ ਸਬੰਧੀ ਮੁਕੱਦਮਾ ਨੰ. 29 ਮਿਤੀ 28.03.2018 ਅ/ਧ 25—54—59 ਅਸਲਾ ਐਕਟ ਥਾਣਾ ਸਿੰਘ ਭਗਵੰਤਪੁਰ ਦਰਜ਼ ਰਜਿਸਟਰ ਕਰਕੇ ਇਸ ਦੀ ਗਹਿਰਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਸ ਅਸਲੇ ਦਾ ਸਬੰਧ ਕਿਸੇ ਮੌਜੂਦਾ ਗੈਂਗਸਟਰ ਗਤੀਵਿਧੀਆਂ ਨਾਲ ਤਾਂ ਨਹੀ ਹੈ।
ਇਸ ਅਸਲੇ ਦੇ ਬਰਾਮਦ ਹੋ ਜਾਣ ਨਾਲ ਇੰਝ ਲੱਗ ਰਿਹਾ ਹੈ ਜਿਵੇਂ ਕਿਸੇ ਵੱਡੀ ਘਟਨਾ ਦੇ ਵਾਪਰਨ ਤੋ ਪਹਿਲਾਂ ਹੀ ਉਸ ਨੂੰ ਖੂੰਜੇ ਲਾ ਦਿੱਤਾ ਗਿਆ ਹੋਵੇ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਸਾਰਾ ਅਸਲ ਹੈ ਕਿਸਦਾ ਤੇ ਇਥੇ ਆਇਆ ਕਿਵੇਂ। ਇਸ ਅਸਲੇ ਨਾਲ ਸਬੰਧਤ ਦੋਸ਼ੀ/ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ, ਜਿਹਨਾਂ ਦੇ ਕਾਬੂ ਆਉਣ ‘ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।