ਦਿੜ੍ਹਬਾ : ਇਸ ਤੋਂ ਵੱਡੀ ਦੁੱਖ ਦੀ ਘੜੀ ਹੋਰ ਕੀ ਹੋ ਸਕਦੀ ਹੈ ਕਿ ਜਿਸ ਘਰ ਵਿਚ ਲੜਕੇ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹੋਣ ਉਥੇ ਕੋਈ ਵੱਡੀ ਅਣਹੋਣੀ ਵਾਪਰ ਜਾਵੇ। ਦਿੜ੍ਹਬਾ ਖੇਤਰ ਦੇ ਪਿੰਡ ਦੀਦਾਰਗੜ੍ਹ ਕੈਂਪਰ ਵਿਚ ਵੀ ਕੁਝ ਅਜਿਹਾ ਹੀ ਹੋਇਆ ਹੈ, ਉਥੇ ਇੱਕ ਘਰ ਵਿਚ ਵਿਆਹ ਦੇ ਜਸ਼ਨ ਮਨਾਏ ਜਾ ਰਹੇ ਸਨ, ਵਿਆਹ ਵਾਲੇ ਲੜਕੇ ਸਮੇਤ ਰਿਸ਼ਤੇਦਾਰ ਅਤੇ ਮਿੱਤਰ ਡੀਜੇ ‘ਤੇ ਨੱਚ ਕੇ ਖ਼ੁਸ਼ੀਆਂ ਮਨਾ ਰਹੇ ਸਨ ਪਰ ਅਚਾਨਕ ਉਸ ਸਮੇਂ ਇਹ ਖ਼ੁਸ਼ੀਆਂ ਗ਼ਮੀ ਵਿਚ ਬਦਲ ਗਈਆਂ ਜਦੋਂ ਵਿਆਹ ਵਾਲੇ ਲੜਕੇ ਦੀ ਅਚਾਨਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਘਰ ਵਿੱਚ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਵਿਆਹ ਦਾ ਬੈਂਡ ਵੱਜ ਰਿਹਾ ਸੀ ਅਤੇ ਡੀਜੇ ਦੀ ਧੁਨ ‘ਤੇ ਰਿਸ਼ਤੇਦਾਰ ਨੱਚ ਰਹੇ ਸਨ। ਲਾੜੇ ਦੇ ਘੋੜੀ ‘ਤੇ ਚੜ੍ਹਨੇ ਦੀ ਤਿਆਰੀ ਹੋ ਰਹੀ ਸੀ। ਅਚਾਨਕ ਸਾਰੀਆਂ ਖੁਸ਼ੀਆਂ ਇੱਕਦਮ ਸੋਗ ਵਿੱਚ ਬਦਲ ਗਈਆਂ ਅਤੇ ਪਰਿਵਾਰਿਕ ਮੈਂਬਰਾਂ ਵਿਚ ਚੀਕ ਚਿਹਾੜਾ ਮਚ ਗਿਆ। ਇਸ ਦੌਰਾਨ ਡੀਜੇ ‘ਤੇ ਨੱਚ ਰਹੇ ਲਾੜੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਲਾੜੇ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਮੌਤ ਹੋਣ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਜਾਣਕਾਰੀ ਦੇ ਅਨੁਸਾਰ ਪਿੰਡ ਦੇ ਨੌਜਵਾਨ (25 ਸਾਲ) ਸਤਨਾਮ ਸਿੰਘ ਦਾ ਐਤਵਾਰ 24 ਸਤੰਬਰ ਨੂੰ ਪਾਤੜਾਂ ਵਿੱਚ ਵਿਆਹ ਸੀ। ਉਸ ਤੋਂ ਪਹਿਲਾਂ ਉਸ ਦੇ ਘਰ ਵਿੱਚ ਸਮਾਰੋਹ ਚੱਲ ਰਿਹਾ ਸੀ। ਸਤਨਾਮ ਦੇ ਚਾਚੇ ਜੋਧਾ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ ਘਰ ਵਿੱਚ ਚੱਲ ਪ੍ਰੋਗਰਾਮ ਵਿੱਚ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਖੁਸ਼ੀਆਂ ਮਨਾ ਰਹੇ ਸਨ ਅਤੇ ਪੂਰਾ ਘਰ ਮਹਿਮਾਨਾਂ ਨਾਲ ਭਰਿਆ ਹੋਇਆ ਸੀ ਅਤੇ ਲੋਕ ਡੀਜੇ ਦੀ ਧੁਨ ‘ਤੇ ਨੱਚ ਰਹੇ ਸਨ ਪਰ ਅਚਾਨਕ ਇਹ ਸਾਰਾ ਮਾਹੌਲ ਸੋਗ ਵਿਚ ਬਦਲ ਗਿਆ।
ਇਸ ਦੌਰਾਨ ਘਰ ਵਿੱਚ ਲੱਗੀ ਲੋਹੇ ਦੀ ਰਾਡ ਵਿੱਚ ਕਰੰਟ ਆ ਗਿਆ ਅਤੇ ਵਿਆਹ ਵਾਲਾ ਲੜਕਾ ਸਤਨਾਮ ਸਿੰਘ ਇਸ ਦੀ ਚਪੇਟ ਵਿੱਚ ਆ ਗਿਆ। ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਅਤੇ ਉਸ ਨੂੰ ਤੁਰੰਤ ਅਸਪਤਾਲ ਲਿਜਾਇਆ ਗਿਆ। ਪਹਿਲਾਂ ਉਸ ਨੂੰ ਦਿੜ੍ਹਬਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਬਾਅਦ ਵਿੱਚ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ । ਸਤਨਾਮ ਦੀ ਪਿੰਡ ਰੋਗਲਾ ਵਿੱਚ ਮੋਬਾਇਲਾਂ ਦੀ ਦੁਕਾਨ ਸੀ।
ਉਧਰ ਪਾਤੜਾਂ ਵਿੱਚ ਦੁਲਹਨ ਦੇ ਘਰ ਵੀ ਵਿਆਹ ਦੀ ਤਿਆਰੀ ਹੋ ਰਹੀ ਸੀ ਅਤੇ ਵਿਆਹ ਨੂੰ ਲੈ ਕੇ ਰਸਮਾਂ ਨਿਭਾਈਆਂ ਜਾ ਰਹੀਆਂ ਸਨ। ਇਸ ਦੌਰਾਨ ਹਾਦਸੇ ਦੀ ਖ਼ਬਰ ਜਦੋਂ ਲੜਕੀ ਵਾਲਿਆਂ ਦੇ ਘਰ ਪਹੁੰਚੀ ਤਾਂ ਉੱਥੇ ਵੀ ਸੋਗ ਛਾ ਗਿਆ। ਦੋਨਾਂ ਪਿੰਡ ਵਿੱਚ ਇਸ ਹਾਦਸੇ ਦੇ ਕਾਰਨ ਸੋਗ ਪਸਰਿਆ ਹੋਇਆ ਹੈ। ਮ੍ਰਿਤਕ ਸਤਨਾਮ ਦੇ ਪਰਿਵਾਰ ਵਿੱਚ ਵਿਧਵਾ ਮਾਂ, ਦੋ ਭੈਣਾਂ ਅਤੇ ਦੋ ਭਰਾ ਹਨ।