ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਸਬੰਧੀ ਪਾਈ ਪਟੀਸ਼ਨ ‘ਤੇ ਹਾਈਕੋਰਟ ਦਾ ਆਇਆ ਨਵਾਂ ਫ਼ੈਸਲਾ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਫ਼ਾਂਸੀ ਦੀ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਘਟਾ ਕੇ ਉਮਰ ਕੈਦ ’ਚ ਤਬਦੀਲ ਕਰਨ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ।
ਇਹ ਪਟੀਸ਼ਨ ਉਨ੍ਹਾਂ ਦੀ ਮੂੰਹ ਬੋਲੀ ਭੈਣ ਬੀਬੀ ਕਮਲਦੀਪ ਕੌਰ ਵੱਲੋਂ ਪਾਈ ਗਈ ਸੀ।ਜਿਸ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਹੈ।ਹਾਈਕੋਰਟ ਨੇ ਇਹ ਪਟੀਸ਼ਨ ਰੱਦ ਇਸ ਆਧਾਰ ’ਤੇ ਕੀਤੀ ਹੈ ਕਿ ਬੀਬੀ ਕਮਲਦੀਪ ਕੌਰ ਦਾ ਇਸ ਪਟੀਸ਼ਨ ਸੰਬੰਧੀ ‘ਲੋਕਸ ਸਟੈਂਡਾਈ’ ਨਹੀਂ ਬਣਦਾ ਅਤੇ ਉਨ੍ਹਾਂ ਵੱਲੋਂ ਇਹ ਪਟੀਸ਼ਨ ਨਹੀਂ ਪਾਈ ਜਾ ਸਕਦੀ।
ਹਾਈਕੋਰਟ ਦਾ ਕਹਿਣਾ ਹੈ ਕਿ ਇਸ ਸੰਬੰਧੀ ਕੋਈ ਵੀ ਪਟੀਸ਼ਨ ਖ਼ੁਦ ਰਾਜੋਆਣਾ ਵੱਲੋਂ ਪਾਈ ਜਾ ਸਕਦੀ ਹੈ।ਦਸਿਆ ਜਾਂਦਾ ਹੈ ਕਿ ਰਾਜੋਆਣਾ ਇਸ ਵੇਲੇ ਪਟਿਆਲਾ ਕੇਂਦਰੀ ਜੇਲ੍ਹ ਵਿਚ ਬੰਦ ਹਨ।ਉਹਨਾਂ ਦੀ ਭੈਣ ਨੇ ਇਹ ਪਟੀਸ਼ਨ ਇਸ ਆਧਾਰ ’ਤੇ ਪਾਈ ਸੀ ਕਿ ਰਾਜੋਆਣਾ ਪਿਛਲੇ 22 ਸਾਲ ਤੋਂ ਪਟਿਆਲਾ ਦੀ ਜੇਲ੍ਹ ਵਿਚ ਬੰਦ ਹਨ ਅਤੇ ਉਨ੍ਹਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਏ ਜਾਣ ਮਗਰੋਂ ਵੀ ਲਗਪਗ ਇਕ ਦਹਾਕਾ ਬੀਤ ਚੁੱਕਾ ਹੈ।
ਕਮਲਦੀਪ ਕੌਰ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਫ਼ਾਂਸੀ ਦੀ ਸਜ਼ਾ ਸੁਣਾਏ ਜਾਣ ਮਗਰੋਂ ਲੰਘੇ ਦੱਸ ਸਾਲਾਂ ਵਿਚ ਭਾਈ ਰਾਜੋਆਣਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਦਿਮਾਗੀ ਪਰੇਸ਼ਾਨੀ ਝੱਲੀ ਹੈ ਇਸ ਲਈ ਉਨ੍ਹਾਂ ਦੀ ਫ਼ਾਂਸੀ ਦੀ ਸਜ਼ਾ ਨੂੰ ਖ਼ਤਮ ਕਰਕੇ ਇਸ ਨੂੰ ਉਮਰ ਕੈਦ ਵਿਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ।
ਯਾਦ ਰਹੇ ਕਿ ਇਸ ਮਾਮਲੇ ਵਿਚ ਪਟੀਸ਼ਨ ਕਰਤਾ ਦੀ ਵਕੀਲ ਐਡਵੋਕੇਟ ਗੁਰਸ਼ਰਨ ਕੌਰ ਮਾਨ ਨੇ ਇਹ ਤਰਕ ਵੀ ਦਿੱਤਾ ਸੀ ਕਿ ਭਾਈ ਰਾਜੋਆਣਾ ਨੇ ਆਪਣੇ ਵਿਰੁੱਧ ਚੱਲੇ ਕੇਸ ਟਰਾਇਲ ਦੌਰਾਨ ਕੋਈ ਕਾਨੂੰਨੀ ਸਹਾਇਤਾ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ ਅਤੇ ਸੁਣਾਈ ਗਈ ਫ਼ਾਂਸੀ ਦੀ ਸਜ਼ਾ ਵਿਰੁੱਧ ਵੀ ਕੋਈ ਅਪੀਲ ਦਾਇਰ ਕਰਨ ਤੋਂ ਨਾਂਹ ਕਰ ਦਿੱਤੀ ਸੀ।
Sikh Website Dedicated Website For Sikh In World