ਮਹਿਲਾ ਕਾਂਸਟੇਬਲ ਨੇ MLA ਦੇ ਥੱਪੜ ਦਾ ਥੱਪੜ ਨਾਲ ਦਿੱਤਾ ਜਵਾਬ
ਇੱਥੇ ਕਾਂਗਰਸ ਦਫ਼ਤਰ ਦੇ ਬਾਹਰ ਅੱਜ ਹਾਈਪ੍ਰੋਫਾਈਲ ਡਰਾਮਾ ਹੋ ਗਿਆ। ਅਸਲ ਵਿਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਕਾਫ਼ਲਾ ਜਦੋਂ ਪਾਰਟੀ ਦੇ ਦਫ਼ਤਰ ਪਹੁੰਚਿਆ ਤਾਂ ਉਸ ਤੋਂ ਬਾਅਦ ਆਸ਼ਾ ਕੁਮਾਰੀ ਵੀ ਉਨ੍ਹਾਂ ਦੇ ਪਿੱਛੇ ਭੀੜ ਵਿਚ ਅੱਗੇ ਵਧਣ ਲੱਗੀ। ਇਸੇ ਦੌਰਾਨ ਧੱਕਾਮੁੱਕੀ ਦੇ ਵਿਚਕਾਰ ਮਹਿਲਾ ਪੁਲਿਸ ਕਾਂਸਟੇਬਲ ਅਤੇ ਕਾਂਗਰਸ ਦੀ ਸੀਨੀਅਰ ਲੀਡਰ ਆਸ਼ਾ ਕੁਮਾਰੀ ਨੇ ਮਹਿਲਾ ਪੁਲਿਸ ਕਾਂਸਟੇਬਲ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਮਹਿਲਾ ਪੁਲਿਸ ਕਾਂਸਟੇਬਲ ਨੇ ਵੀ ਆਸ਼ਾ ਕੁਮਾਰੀ ਨੂੰ ਥੱਪੜ ਨਾਲ ਹੀ ਇਸ ਦਾ ਜਵਾਬ ਦਿੱਤਾ।
ਦੱਸ ਦੇਈਏ ਕਿ ਆਸ਼ਾ ਕੁਮਾਰੀ ਕਾਂਗਰਸ ਦੇ ਸੀਨੀਅਰ ਲੀਡਰਾਂ ਵਿਚ ਸ਼ੁਮਾਰ ਹੈ। ਜਿੱਥੇ ਉਹ ਹਿਮਾਚਲ ਪ੍ਰਦੇਸ਼ ਦੇ ਡਲਹੌਜੀ ਤੋਂ ਵਿਧਾਇਕ ਹਨ, ਉਥੇ ਹੀ ਉਹ ਕਾਂਗਰਸ ਪਾਰਟੀ ਦੇ ਪੰਜਾਬ ਇੰਚਾਰਜ ਵੀ ਹਨ। ਸ਼ਿਮਲਾ ਸਥਿਤ ਕਾਂਗਰਸ ਦਫ਼ਤਰ ਦੇ ਗੇਟ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਈ ਸੀ। ਭੀੜ ਅੰਦਰ ਜਾਣ ਲਈ ਗੇਟ ਨੂੰ ਧੱਕਣ ਲੱਗੀ, ਇੰਨੇ ਵਿਚ ਵਿਧਾਇਕ ਆਸ਼ਾ ਕੁਮਾਰੀ ਅਤੇ ਮੁਕੇਸ਼ ਅਗਨੀਹੋਤਰੀ ਉੱਥੇ ਪਹੁੰਚੇ।
ਇਸ ਦੌਰਾਨ ਮਹਿਲਾ ਕਾਂਸਟੇਬਲ ਨੇ ਆਸ਼ਾ ਕੁਮਾਰੀ ਨੂੰ ਰੋਕਿਆ ਤਾਂ ਉਨ੍ਹਾਂ ਨੇ ਮਹਿਲਾ ਕਾਂਸਟੇਬਲ ਦੇ ਥੱਪੜ ਜੜ ਦਿੱਤਾ, ਨਾਲ ਹੀ ਬਿਨਾਂ ਸਮਾਂ ਗਵਾਏ ਮਹਿਲਾ ਕਾਂਸਟੇਬਲ ਨੇ ਵੀ ਆਸ਼ਾ ਕੁਮਾਰੀ ਦੇ ਬਰਾਬਰ ਹੀ ਥੱਪੜ ਮਾਰ ਦਿੱਤਾ। ਇਸ ਦੌਰਾਨ ਕਾਫ਼ੀ ਹੰਗਾਮਾ ਹੋ ਗਿਆ। ਕਾਂਗਰਸ ਦੀ ਦਿੱਗਜ਼ ਨੇਤਾ ਆਸ਼ਾ ਕੁਮਾਰੀ ਅਤੇ ਮਹਿਲਾ ਕਾਂਸਟੇਬਲ ਵਿਚਕਾਰ ਹੋਈ ਮਾਰਕੁੱਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਅਤੇ ਇੱਥੇ ਭਾਜਪਾ ਦੀ ਸਰਕਾਰ ਬਣੀ ਹੈ। ਜਿਸ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਬਣੇ ਹਨ ਜੋ ਇਸ ਸਮੇਂ ਦਿੱਲੀ ਵਿਚ ਹਨ। ਜਦੋਂ ਪੱਤਰਕਾਰਾਂ ਨੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਥੱਪੜ ਵਾਲੀ ਘਟਨਾ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ, ਜੇਕਰ ਅਜਿਹਾ ਕੁਝ ਹੋਇਆ ਹੈ ਤਾਂ ਉਹ ਇਸ ਦੀ ਜਾਂਚ ਕਰਵਾਉਣਗੇ।
ਉੱਧਰ ਇਸ ਮਾਮਲੇ ਸਬੰਧੀ ਪੰਜਾਬ ਤੋਂ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿਚ ਸੱਤਾ ‘ਤੇ ਆਉਂਦਿਆਂ ਹੀ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਹੈ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਪਹਿਲਾਂ ਆਸ਼ਾ ਕੁਮਾਰੀ ਨੇ ਮਹਿਲਾ ਕਾਂਸਟੇਬਲ ਦੇ ਥੱਪੜ ਮਾਰਿਆ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਆਸ਼ਾ ਕੁਮਾਰੀ ਇੱਕ ਸ਼ਾਂਤ ਨੇਤਾ ਹਨ। ਉਨ੍ਹਾਂ ਕਿਹਾ ਕਿ ਜ਼ਰੂਰ ਕੋਈ ਅਜਿਹੀ ਗੱਲ ਹੋਈ ਹੋਵੇਗੀ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ।
ਤਰੁਣ ਚੁੱਪ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਦਾ ਕਹਿਣਾ ਹੈ ਕਿ ਕਿਸੇ ਵੱਡੇ ਨੇਤਾ ਵੱਲੋਂ ਇਸ ਤਰ੍ਹਾਂ ਕਾਂਸਟੇਬਲ ਨੂੰ ਥੱਪੜ ਮਾਰਨਾ ਅਤਿ ਨਿੰਦਣਯੋਗ ਹੈ। ਆਸ਼ਾ ਕੁਮਾਰੀ ਕਾਂਗਸਰ ਦੀ ਸੀਨੀਅਰ ਲੀਡਰ ਹੈ ਅਤੇ ਉਹ ਕਈ ਵਾਰ ਵਿਧਾਇਕ ਰਹਿ ਚੁੱਕੇ ਹਨ, ਉਨ੍ਹਾਂ ਵੱਲੋਂ ਇਸ ਤਰ੍ਹਾਂ ਆਪਾ ਖੋਂਦੇ ਹੋਏ ਕਿਸੇ ਮਹਿਲਾ ਕਾਂਸਟੇਬਲ ਨੂੰ ਸ਼ਰ੍ਹੇਆਮ ਥੱਪੜ ਮਾਰਨਾ ਸਮਝਦਾਰੀ ਵਾਲੀ ਗੱਲ ਨਹੀਂ ਆਖੀ ਜਾ ਸਕਦੀ।