ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ ਉਹ। ……
ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਸ਼ਨੀਵਾਰ ਦੇਰ ਰਾਤ ਹਾਰਟ ਅਟੈਕ ਕਾਰਨ ਮੌਤ ਹੋ ਗਈ। ਸ਼੍ਰੀਦੇਵੀ ਦੁਬਈ ‘ਚ ਇਕ ਵਿਆਹ ਸਮਾਰੋਹ ‘ਚ ਸ਼ਿਰਕਤ ਕਰਨ ਲਈ ਆਪਣੇ ਪਰਿਵਾਰ
ਨਾਲ ਪਹੁੰਚੀ ਸੀ। ਦੱਸਣਯੋਗ ਹੈ ਕਿ 55 ਸਾਲਾਂ ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ ਤੇ ਉਨ੍ਹਾਂ ਨੇ 1970 ‘ਚ ਬਾਲ ਕਲਾਕਾਰ ਦੇ ਰੂਪ ‘ਚ ਤਾਮਿਲ ਫਿਲਮ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਉਨ੍ਹਾਂ ਨੇ ਬਹੁਤ ਸਾਰੀਆਂ
ਤਾਮਿਲ ਫਿਲਮਾਂ, ਮਲਿਆਲਮ, ਕੰਨੜ, ਹਿੰਦੀ ਫਿਲਮਾਂ ‘ਚ ਕੰਮ ਕੀਤਾ। ਬਾਲੀਵੁੱਡ ‘ਚ ਸ਼੍ਰੀਦੇਵੀ ਨੇ ਫਿਲਮ ‘ਸੋਲਹਵਾਂ ਸਾਵਨ’ ਨਾਲ ਸ਼ੁਰੂਆਤ ਕੀਤੀ। 2 ਜੂਨ 1996 ‘ਚ ਉਨ੍ਹਾਂ ਨੇ ਨਿਰਦੇਸ਼ਕ ਬੋਨੀ ਕਪੂਰ ਨਾਲ
ਵਿਆਹ ਕਰ ਲਿਆ। ਸ਼੍ਰੀਦੇਵੀ ਦੀਆਂ 2 ਬੇਟੀਆਂ ਜਾਨਵੀ ਕਪੂਰ ਤੇ ਖੁਸ਼ੀ ਕਪੂਰ ਹਨ। ਬੋਨੀ ਕਪੂਰ ਮਸ਼ਹੂਰ ਅਦਾਕਾਰ ਅਨਿਲ ਕਪੂਰ ਦਾ ਭਰਾ ਹੈ।
ਦੋ ਦਹਾਕਿਆਂ ਤਕ ਸਿਲਵਰ ਸਕਰੀਨ ‘ਤੇ ਸਾਰਿਆਂ ਦਾ ਮਨ ਮੋਹਣ ਵਾਲੀ ਸ਼੍ਰੀਦੇਵੀ ਨੇ ਹਾਲ ਹੀ ‘ਚ ‘ਮਾਮ’ ਫਿਲਮ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ‘ਇੰਗਲਿਸ਼ ਵਿੰਗਲਿਸ਼’ ਫਿਲਮ ‘ਚ ਕਮਬੈਕ ਕਰ ਉਨ੍ਹਾਂ ਨੇ ਪਰਦੇ ‘ਤੇ ਜ਼ਬਰਦਸਤ ਵਾਪਸੀ ਕੀਤੀ ਸੀ। ਸ਼੍ਰੀਦੇਵੀ ਨਾਲ ਖੁਦਾ ਗਵਾਹ,
ਮਿਸਟਰ ਇੰਡੀਆ ਤੇ ਚਾਂਦਨੀ ਵਰਗੀਆਂ ਵੱਡੀਆਂ ਸੁਪਰਹਿੱਟ ਫਿਲਮਾਂ ਦੇ ਨਾਂ ਵੀ ਜੁੜੇ ਹੋਏ ਹਨ।
ਇਸ ਖੂਬਸੂਰਤ ਅਦਾਕਾਰਾ ਦੇ ਜਾਣ ਨਾਲ ਪੂਰੇ ਬਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਜ਼ਿਕਰਯੋਗ ਹੈ ਕਿ
ਬਾਲੀਵੁੱਡ ਵੱਲੋਂ ਸ਼੍ਰੀਦੇਵੀ ਨੂੰ ਟਵੀਟਰ ‘ਤੇ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਪ੍ਰਿਯੰਕਾ ਚੋਪੜਾ, ਸੁਸ਼ਮਿਤਾ ਸ਼ੇਨ ਤੇ ਹੋਰ ਕਈ ਮਸ਼ਹੂਰ ਅਦਾਕਾਰਾ, ਪ੍ਰੋਡਿਊਸਰ, ਡਾਇਰੈਕਟਰਾਂ ਨੇ ਵੀ ਸ਼੍ਰੀਦੇਵੀ ਦੀ ਮੌਤ ਦੀ ਖਬਰ ‘ਤੇ ਦੁੱਖ ਜ਼ਾਹਿਰ ਕੀਤਾ।