ਸਾਉਣ ਦੇ ਮਹੀਨੇ ਝੜੀ ਵਾਲੇ ਦਿਨ ਸਕੂਲੋਂ ਛੁੱਟੀ ਹੁੰਦੀ ਤਾਂ ਜਾਣ ਬੁਝ ਕੇ ਚੰਗੀ ਤਰਾਂ ਭਿੱਜ ਕੇ ਘਰੇ ਵੜਦੀ.

ਸਾਉਣ ਦੇ ਮਹੀਨੇ ਝੜੀ ਵਾਲੇ ਦਿਨ ਸਕੂਲੋਂ ਛੁੱਟੀ ਹੁੰਦੀ ਤਾਂ ਜਾਣ ਬੁਝ ਕੇ ਚੰਗੀ ਤਰਾਂ ਭਿੱਜ ਕੇ ਘਰੇ ਵੜਦੀ।

ਪਤਾ ਹੁੰਦਾ ਸੀ ਕੇ ਅੱਗੋਂ ਤਿਲਾਂ ਤੇ ਗੁੜ ਦੇ ਮਜੇਦਾਰ ਲੱਡੂ ਮਿਲਣੇ ਨੇ ਤੇ ਕਦੀ ਕਦੀ ਗੋਬੀ ਦੇ ਗਰਮ ਗਰਮ ਪਕੌੜੇ ਤਾਂ ਪੱਕੇ ਹੀ ਹੁੰਦੇ ਸਨ !
ਉਹ ਵੀ ਭਲੀ-ਭਾਂਤ ਜਾਣਦੀ ਹੁੰਦੀ ਕੇ ਜਾਣਕੇ ਗਿੱਲੀ ਹੋ ਕੇ ਆਈ ਹੈ ਪਰ ਫੇਰ ਵੀ ਚਿੱਕੜ ਹੋਈ ਵਰਦੀ ਤੇ ਗੰਦੇ ਬੂਟ ਧੋਂਦਿਆਂ ਤੇ ਗਿੱਲੀਆਂ ਕਿਤਾਬਾਂ ਸੁਕਾਉਂਦਿਆਂ ਕਦੀ ਕੋਈ ਗਿਲਾ ਨਾ ਕਰਦੀ। ਬਸ ਕਦੀ ਕਦੀ ਏਨਾ ਜਰੂਰ ਆਖ ਦਿੰਦੀ ਕੇ ਧੀਏ ਸਿਆਣੇ ਬਣੀਦਾ ਮਾਵਾਂ ਤੋਂ ਬਗੈਰ ਕੋਈ ਨਹੀਂ ਸਹਿੰਦਾ ਇਹ ਨਖਰੇ !

ਕਦੀ ਕਦੀ ਸਕੂਲੋਂ ਕਿਸੇ ਗੱਲੋਂ ਨਰਾਜ ਹੋਈ ਘਰੇ ਵੜਦੀ ਤਾਂ ਬਸਤਾ ਵਗਾਹ ਕੇ ਮਾਰਦੀ ਤੇ ਫੇਰ ਸਾਰਾ ਗੁੱਸਾ ਉਸ ਤੇ ਜਾਂ ਫੇਰ ਰੋਟੀ ਤੇ ਕੱਢਦੀ ..ਆਖਦੀ ਨਹੀਂ ਖਾਣੀ ਰੋਟੀ-ਰੂਟੀ..ਚੁੱਕ ਲੈ ਮੇਰੇ ਅੱਗੋਂ ..ਫੇਰ ਜਦੋਂ ਬੁਰਕੀ ਤੋੜ ਮੇਰੇ ਮੂੰਹ ਚ ਪਾਉਂਦੀ ਤਾਂ ਐਵੇਂ ਝੂਠ ਹੀ ਆਖ ਦਿੰਦੀ ਕੇ ਸਬਜ਼ੀ ਵਿਚ ਲੂਣ ਜਿਆਦਾ ਹੈ ਤੇ ਜਾਂ ਫੇਰ ਰੋਟੀ ਪਾਸਿਓਂ ਸੜੀ ਹੋਈ ਹੈ ਤੇ ਹੋਰ ਵੀ ਲੱਖ ਨਖਰੇ ..!

ਅੱਗੋਂ ਚੁੰਨੀਂ ਨਾਲ ਮੁੜਕਾ ਪੂੰਝਦੀ ਹੋਈ ਕਈ ਹੋਰ ਆਪ੍ਸ਼ਨਾਂ ਸਾਮਣੇ ਢੇਰੀ ਕਰ ਦਿੰਦੀ “ਚੂਰੀ ਕੁੱਟ ਦਿੰਦੀ ਹਾਂ। ਗੁੜ ਵਾਲੇ ਮਿੱਠੇ ਚੌਲ ਰਿੰਨ ਦਿੰਨੀ ਆ”..”ਆਲੂਆਂ ਵਾਲੇ ਪਰੌਠੇ ਖਾ ਲੈ ਤੇ ਜਾ ਫੇਰ ਰਾਜਮਾਂਹ ਚੋਲ…ਉਹ ਨਖਰੇ ਸਹਿੰਦੀ ਰਹਿੰਦੀ ਤੇ ਮੇਰੇ ਨਖਰੇ ਆਸਮਾਨ ਨੂੰ ਛੂਹਣ ਲੱਗਦੇ ..ਤੇ ਫੇਰ ਗੁੱਸਾ ਕੱਢਣ ਲਈ ਆਖ ਦਿੰਦੀ .”ਨਹੀਂ ਮੈਂ ਨਾਲਦੀ ਗਲੀ ਦੀ ਨੁੱਕਰ ਤੇ ਲੱਗੀ ਰੇਹੜੀ ਦੇ ਸਮੋਸੇ ਖਾਣੇ ਆ।

ਅਗਲੀ ਸਿਖਰ ਦੁਪਹਿਰੇ ਲੰਮੀਂ ਸਾਰੀ ਵਾਟ ਤੁਰ ਮੁੜਕੋ ਮੁੜਕੀ ਹੋਈ ਉਹ ਵੀ ਲਿਆ ਦਿੰਦੀ .ਫੇਰ ਕੋਲ ਬਿਠਾ ਕੇ ਆਪ ਖੁਆਉਂਦੀ ਤੇ ਫੇਰ ਆਖਦੀ ..ਚੱਲ ਘੜੀ ਅਰਾਮ ਕਰ ਲੈ ਜਾ ਥੱਕੀ ਹੋਵੇਂਗੀ…ਕੋਲ ਬੈਠੀ ਪੱਖੀ ਝਲਦੀ ਰਹਿੰਦੀ .ਜਦੋ ਜਾਗ ਖੁਲਦੀ ਤਾਂ ਪਾਰਲੇ ਜੀ ਦੇ ੦ ਬਿਸਕੁਟ ਸਿਰਹਾਣੇ ਪਏ ਦੇਖ ਰੂਹ ਬਾਗੋ ਬਾਗ ਹੋ ਜਾਂਦੀ।

ਪਰ ਸੜ ਜਾਏ ਮੇਰੀ ਜੁਬਾਨ ਮੈਂ ਉਸਦਾ ਕਦੀ ਧੰਨਵਾਦ ਨਾ ਕਰਦੀ ਤੇ ਨਾ ਹੀ ਕਦੀ ਉਸਨੂੰ ਕਲਾਵੇ ਵਿਚ ਲੈ ਲਾਡ ਪਿਆਰ ਕਰਦੀ ..ਬਸ ਏਹੀ ਸੋਚਦੀ ਕੇ ਚੰਗੀ ਭਲੀ ਇਥੇ ਹੀ ਤਾਂ ਹੈ ਮੇਰੇ ਕੋਲ ਕਿਹੜੀ ਕਿਤੇ ਭੱਜੀ ਜਾ ਰਹੀ ਏ ਕਰ ਦੇਵਾਂਗੀ ਸ਼ੁਕਰੀਆ..ਅਜੇ ਬਥੇਰਾ ਚਿਰ ਜਿਉਂਦੀ ਰਹਿਣਾ ਇਸ ਨੇ।

ਅੱਜ ਤੁਰ ਗਈ ਨੂੰ ਪੂਰਾ ਸਾਲ ਹੋ ਗਿਆ ..ਨਵੀਂ ਲਿਆਂਦੀ ਲਗਪਗ ਮੇਰੇ ਹਾਣ ਦੀ ਏ..ਇਸੇ ਸ਼ਸ਼ੋਪੰਜ ਵਿਚ ਰਹਿੰਦੀ ਹਾਂ ਕੇ “ਮਾਂ” ਆਖਾਂ ਕੇ ਉਸਦਾ ਨਾਮ ਲੈ ਕੇ ਬੁਲਾਵਾਂ ?

ਇੱਕ ਦਿਨ ਨਾਮ ਲੈ ਅਵਾਜ ਮਾਰ ਲਈ ਤਾਂ ਘਰੇ ਪਰਲੋ ਆ ਗਈ ..ਉਸ ਦਿਨ ਮਗਰੋਂ ਉਸਦੇ ਰੰਗ ਵਿਚ ਪੂਰੀ ਤਰਾਂ ਰੰਗਿਆ ਹੋਇਆ ਬਾਪ ਬੇਗਾਨਾ-ਬੇਗਾਨਾ ਜਿਹਾ ਲੱਗਣ ਲੱਗਾ।

ਫੇਰ ਕਦੀ ਵੀ ਉਸ ਨਾਲ ਨਜਰ ਨਹੀਂ ਮਿਲਾਈ ..ਜਦੋਂ ਕਦੀ ਅੱਗੋਂ ਤੁਰੀ ਆਉਂਦੀ ਦਿਸ ਪੈਂਦੀ ਤਾਂ ਬਹਾਨੇ ਨਾਲ ਰਾਹ ਬਦਲ ਲੈਂਦੀ..ਉਹ ਵੀ ਬੜੀ ਪੱਕੀ ਪੀਠੀ ਸੀ ..ਆਪ ਮੂਹੋਂ ਕੁਝ ਨਾ ਆਖਦੀ ਪਰ ਹੌਲੀ ਜਿਹੀ ਮੇਰੇ ਬਾਪ ਦੇ ਕੰਨ ਵਿਚ ਫੂਕ ਮਾਰ ਦਿਆ ਕਰਦੀ ਤੇ ਫੇਰ ਜੋ ਕੁਝ ਮੇਰੇ ਨਾਲ ਹੁੰਦਾ ਉਹ ਸਿਰਫ ਮੈਂ ਹੀ ਜਾਣਦੀ।

ਪਰ ਮੇਰੇ ਲਈ ਸਭ ਤੋਂ ਔਖਾ ਇਹਸਾਸ ਇਹ ਸੀ ਕੇ ਹੁਣ ਮੇਰੇ ਸਿਰ ਵਿਚ ਤੇਲ ਝੱਸਣ ਵਾਲਾ ਤੇ ਵਾਲਾਂ ਦੀਆਂ ਅੜਕਾਂ ਕੱਢਣ ਵਾਲਾ ਕੋਈ ਨਹੀਂ ਸੀ ਤੇ ਨਾ ਹੀ ਕਿਸੇ ਨੇ ਮੁੜ ਸਰੋਂ ਦੇ ਤੇਲ ਨਾਲ ਮੇਰੀਆਂ ਬਾਹਵਾਂ ਤੇ ਪਿੰਨੀਆਂ ਦੀ ਮਾਲਿਸ਼ ਕੀਤੀ ਸੀ ! ਸਮੋਸਿਆਂ ਵਾਲੀ ਗਲੀ ਵਿਚੋਂ ਤੇ ਲੰਘਣਾ ਹੀ ਬੰਦ ਕਰ ਦਿੱਤਾ ਸੀ..ਤੇ ਤਰਾਂ ਤਰਾਂ ਦੇ ਪਕਵਾਨ ਖਾਦਿਆਂ ਤੇ ਸ਼ਾਇਦ ਮੁੱਦਤਾਂ ਹੀ ਹੋ ਗਈਆਂ ਸਨ।

ਹੁਣ ਪਤਾ ਲੱਗਦਾ ਕੇ ਕਿੰਨਾ ਔਖਾ ਸੀ ਏਡੇ ਵੱਡੇ ਵੇਹੜੇ ਵਿਚ ਕੱਲੇ ਪੋਚਾ ਲਾਉਣਾ ਤੇ ਸਾਰੇ ਘਰ ਦੀ ਝਾੜ ਪੂੰਝ ਕਰਨੀ ! ਫੇਰ ਮੈਨੂੰ ਕਦੀ ਕਦੀ ਕੰਧ ਤੇ ਟੰਗੇ ਫੋਟੋ ਫਰੇਮ ਵਿਚ ਬੰਦ ਹੋਈ ਤੇ ਬੜਾ ਗੁੱਸਾ ਆਉਂਦਾ..ਫੇਰ ਸੀਤੇ ਹੋਏ ਬੁੱਲਾਂ ਨਾਲ ਉਲਾਹਮਾਂ ਦੇ ਦਿੰਦੀ ਕੇ ਜੇ ਏਨੀ ਛੇਤੀ ਏਨੀਂ ਦੂਰ ਤੁਰ ਜਾਣਾ ਸੀ ਤਾਂ ਮੈਨੂੰ ਕੱਲਿਆਂ ਕਿਓਂ ਛਡਿਆ..ਘਟੋ ਘਟ ਮੇਰੇ ਕੰਨਾਂ ਚੋਂ ਹੀ ਕੱਢ ਦਿੰਦੀ ਮੈਨੂੰ ਧੋਖੇ ਵਿਚ ਕਿਓਂ ਰਖਿਆ ?

ਹੁਣ ਕਈ ਸਾਲਾਂ ਮਗਰੋਂ ਮੈਂ ਖੁਦ ਮਾਂ ਬਣ ਗਈ ਹਾਂ ..ਆਪਣੇ ਬੱਚਿਆਂ ਦੀ ਵੀ ਤੇ ਆਪਣੇ ਬੁੱਢੇ ਬਾਪ ਦੀ ਵੀ ..ਕਿਓੰਕੇ ਮੇਰੇ ਹਾਣ ਦੀ ਨੇ ਇੱਕ ਦਿਨ ਕਿਸੇ ਹੋਰ ਨਾਲ ਗੰਢ-ਤੁੱਪ ਕਰ ਲਈ ਤੇ ਬਿਮਾਰੀ ਦਾ ਭੰਨਿਆ ਮੇਰੀਆਂ ਬਰੂਹਾਂ ਤੇ ਆਣ ਡਿੱਗਾ ! ਉਸਨੂੰ ਇਸ ਹਾਲਤ ਵਿਚ ਦੇਖ ਮੈਂ ਫੋਟੋ ਫਰੇਮ ਵੱਲ ਤੱਕਿਆ ਤਾਂ ਉਹ ਮੈਨੂੰ ਇਹ ਕਹਿੰਦੀ ਮਹਿਸੂਸ ਹੋਈ ਕੇ ਇਸਨੂੰ ਕੱਲਾ ਨਾ ਛੱਡੀਂ..ਤੇਰੇ ਵਜੂਦ ਦਾ ਸਿਰਜਣਹਾਰ ਏ ..!

ਪਰ ਮੈਨੂੰ ਅਜੇ ਵੀ ਗਿਲਾ ਏ ਉਸ ਨਾਲ..ਉਹ ਮੇਰੇ ਸੁਪਨਿਆਂ ਵਿਚ ਤਕਰੀਬਨ ਰੋਜ ਰਾਤ ਨੂੰ ਆਉਂਦੀ ਏਂ ਤੇ ਮੇਰੇ ਆਸ-ਪਾਸ ਵਿਚਰਦੀ ਏ ਪਰ ਦਿਨ ਚੜੇ ਸੁਪਨਿਆਂ ਦੇ ਟੁੱਟਦੇ ਸਾਰ ਹੀ ਮੁੜ ਫੋਟੋ ਫਰੇਮ ਵਿਚ ਜਾ ਵੜਦੀ ਏ ਤੇ ਹੱਸਦੀ ਹੋਈ ਮੇਰੇ ਵੱਲ ਤੱਕਦੀ ਰਹਿੰਦੀ ਹੈ!

ਮੇਰੀ ਜਿੰਦਗੀ ਵਿਚ ਹੱਡ ਮਾਸ ਦੀ ਤੁਰੀ ਫਿਰਦੀ ਮੇਰੇ ਲੱਖ ਨਖਰੇ ਸਹਿੰਦੀ ਹੋਈ ਅਸਲ “ਮਾਂ”ਸਿਰਫ ਇੱਕ ਵਾਰ ਹੀ ਆਈ ਸੀ ਤੇ ਉਹ ਵੀ ਥੋੜੇ ਚਿਰ ਲਈ।

ਕਦੀ ਕਦੀ ਫੇਰ ਨਿਆਣੀ ਬਣ ਕੇ ਉਸਦੀ ਬੁੱਕਲ ਵਿਚ ਸਾਉਣ ਨੂੰ ਬਾਹਲਾ ਚਿੱਤ ਕਰਦਾ ਏ ਪਰ ਇੱਕ ਵਾਰ ਪੁੱਲਾਂ ਹੇਠੋਂ ਲੰਘ ਗਏ ਪਾਣੀ ਦੋਬਾਰਾ ਕਿਥੇ ਮੁੜਦੇ ਨੇ।

Harpreet singh jawanda

error: Content is protected !!