ਭੂਤ ਕੀ ਹੈ? (ਇਹ ਹੈ ਜਵਾਬ)
ਭੂਤ ਸ਼ਬਦ ਸੁਣਦੇ ਜਾਂ ਪੜ੍ਹਦੇ ਸਾਰ ਹੀ ਦਿਮਾਗ ਵਿੱਚ ਕੁਝ ਡਰਾਉਣੀਆਂ ਸ਼ਕਲਾਂ, ਨਾ ਦਿਖਾਈ ਦੇਣ ਵਾਲੀ ਆਤਮਾ, ਉਲਟੇ ਪੈਰਾਂ ਵਾਲੀ ਚੁੜੇਲ, ਖੂਨ ਪੀਣ ਵਾਲੇ ਵੱਡੇ ਵੱਡੇ ਦੰਦਾਂ ਵਾਲੇ ਰਾਖਸ਼ਸ ਆਦਿ ਪਤਾ ਨਹੀਂ ਕੀ ਕੀ ਆ ਜਾਂਦਾ ਹੈ। ਪਰ ਅਸਲ ਵਿੱਚ ਇਹ ਸਭ ਵਿੱਚੋਂ ਕੁਝ ਵੀ ਸੱਚ ਨਹੀਂ ਹੈ। ਇਹ ਸਭ ਵਿਗਿਆਨਿਕ ਸੋਚ ਤੋਂ ਪਹਿਲਾਂ ਦੀਆਂ ਚੱਲੀਆਂ ਆ ਰਹੀਆਂ ਮਨਘੜੰਤ ਕਹਾਣੀਆਂ ਹਨ ਜਿਹਨਾਂ ਨੂੰ ਕੁਝ ਚਤੁਰ ਇਨਸਾਨਾਂ ਨੇ ਭੋਲੇ ਇਨਸਾਨਾਂ ਨੂੰ ਡਰਾ ਕੇ ਆਪਣਾ ਧੰਦਾ ਚਲਾਉਣ ਲਈ ਘੜਿਆ ਸੀ।
ਅਤੇ ਬਾਕੀ ਬਚਦੀ ਕਸਰ ਫ਼ਿਲਮਾਂ ਵਾਲਿਆਂ ਨੇ ਪੂਰੀ ਕਰ ਦਿੱਤੀ ਜੋ ਇਸੇ ਡਰ ਦਾ ਫਾਇਦਾ ਉਠਾ ਕੇ ਅਨੋਖੀਆਂ ਚੀਜ਼ਾਂ ਜਾਂ ਚਮਤਕਾਰ ਦਿਖਾਉਣ ਦੇ ਨਾਮ ਤੇ ਅਫਵਾਹਾਂ ਫੈਲਾ ਕੇ ਆਪਣੀਆਂ ਫ਼ਿਲਮਾਂ ਵੇਚਦੇ ਰਹੇ। ਪਰ ਭੋਲੇ ਲੋਕਾਂ ਨੇ ਸੱਚ ਸਮਝ ਲਿਆ ਕਿਉਂਕਿ ਉਹ ਫ਼ਿਲਮਾਂ ਦੀ ਤਕਨੀਕ ਨਹੀਂ ਜਾਣਦੇ ਸਨ ਕਿ ਇਹ ਸਭ ਕਾਲਪਨਿਕ ਹੈ।
ਹੁਣ ਗੱਲ ਕਰਦੇ ਹਾਂ ਕਿ ਭੂਤ ਅਸਲ ਵਿੱਚ ਹੈ ਕੀ। ਭੂਤ ਅਸਲ ਵਿੱਚ ਇੱਕ ਕਾਲ ਦਾ ਨਾਮ ਹੈ। ਬੀਤ ਚੁੱਕੇ ਸਮੇਂ ਨੂੰ ਭੂਤਕਾਲ ਕਹਿੰਦੇ ਹਨ। ਭੂਤਕਾਲ ਸਾਡੇ ਤੋਂ ਬਸ ਇੱਕ ਪਲ ਦੂਰ ਹੁੰਦਾ ਹੈ। ਜੋ ਪਲ ਹੁਣੇ ਗੁਜ਼ਰ ਗਿਆ ਉਹ ਭੂਤਕਾਲ ਬਣ ਜਾਂਦਾ ਹੈ ਭਾਵ ਭੂਤ ਬਣ ਜਾਂਦਾ ਹੈ। ਇਸੇ ਤਰਾਂ ਪੁਰਾਣੇ ਸਮੇਂ ਵਿੱਚ ਸਭ ਤੋਂ ਪਹਿਲਾਂ ਕਿਸੇ ਪੜ੍ਹੇ ਲਿੱਖੇ ਸਿਆਣੇ ਨੇ ਜੋ ਕਿ ਕਾਲ ਦਾ ਨਾਮ ਜਾਣਦਾ ਹੋਏਗਾ ਕਿਸੇ ਦੇ ਮਰਨ ਤੇ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਹੋਵੇਗਾ ਕਿ ਇਹ ਬੰਦਾ ਮਰ ਗਿਆ, ਹੁਣ ਨਹੀਂ ਰਿਹਾ, ਭੂਤ ਬਣ ਗਿਆ। ਭਾਵ ਵਰਤਮਾਨ ਕਾਲ ਵਿੱਚ ਮੌਜੂਦ ਨਹੀਂ ਰਿਹਾ ਹੁਣ ਬਸ ਬੀਤ ਚੁੱਕੇ ਸਮੇਂ “ਭੂਤਕਾਲ” ਵਿੱਚ ਹੀ ਰਹਿ ਗਿਆ।
ਬਸ ਹੁਣ ਕਿਸੇ ਦਾ ਬਚਪਨਾ ਕਹਿ ਲਵੋ ਜਾਂ ਲੋਕਾਂ ਦਾ ਭੋਲਾਪਨ ਕਿ ਮਰ ਕੇ ਭੂਤ ਬਣਨ ਵਾਲਿਆਂ ਦੀਆਂ ਕਹਾਣੀਆਂ ਬਣਨ ਲੱਗੀਆਂ ਅਤੇ ਅੱਗੇ ਤੋਂ ਅੱਗੇ ਚਲਦੀਆਂ ਆ ਗਈਆਂ। ਪਹਿਲਾਂ ਕੋਈ ਪੁਰਾਣਾ ਬੰਦਾ ਆਪਣੇ ਬੱਚੇ ਨੂੰ ਸੁਣਾਉਂਦਾ ਹੈ ਅਤੇ ਫਿਰ ਬੱਚਾ ਆਪਣੇ ਸਹਿਪਾਠੀਆਂ ਨੂੰ। ਇਸੇ ਤਰਾਂ ਇਹ ਵਹਿਮ ਪਲਦੇ ਰਹਿੰਦੇ ਹਨ। ਪੀੜ੍ਹੀ ਦਰ ਪੀੜ੍ਹੀ ਏਹੀ ਕਿਰਿਆ ਚਲਦੀ ਜਾ ਰਹੀ ਹੈ। ਬਾਕੀ ਕਹਾਣੀਆਂ ਵੇਚ ਕੇ ਪੈਸੇ ਕਮਾਉਣ ਵਾਲੇ ਕੋਈ ਕਸਰ ਨਹੀਂ ਛੱਡਦੇ।
ਘੱਟ ਪੜ੍ਹੇ ਲਿਖੇ ਭੋਲੇ ਭਾਲੇ ਬੰਦੇ ਜੋ ਸਰੀਰ ਨਾਲ ਜੁੜੀਆਂ ਬਿਮਾਰੀਆਂ ਤੋਂ ਅਣਜਾਣ ਹੁੰਦੇ ਹਨ। ਅਕਸਰ ਇਸ ਗੱਲ ਦੇ ਲਈ ਸਬੂਤ ਬਣ ਜਾਂਦੇ ਹਨ ਕਿ ਦੇਖੋ ਇਸਦੀ ਬਿਮਾਰੀ ਠੀਕ ਨਹੀਂ ਹੋ ਰਹੀ ਇਸਤੇ ਕਿਸੇ ਭੂਤ ਚੁੜੇਲ ਦਾ ਕਬਜ਼ਾ ਹੈ ਜਾਂ ਬਾਹਰਲੀ ਕਸਰ ਹੈ।
ਬਚਪਨ ਵਿੱਚ ਮੈਂ ਬਹੁਤ ਡਰਦਾ ਸੀ ਭੂਤ, ਪ੍ਰੇਤ, ਆਤਮਾਵਾਂ ਅਤੇ ਸ਼ਲੇਡੇ ਦੀਆਂ ਕਹਾਣੀਆਂ ਤੋਂ। ਪਰ ਜਿਉਂ ਜਿਉਂ ਵੱਡੇ ਹੋ ਕੇ ਸਰੀਰ ਨੂੰ ਜਾਣਿਆ ਅਤੇ ਖੁਦ ਆਪਣੇ ਕਰੀਬੀ ਰਿਸ਼ਤਿਆਂ ਨੂੰ ਸ਼ਮਸ਼ਾਨ ਛੱਡ ਕੇ ਆਇਆ ਤਾਂ ਸਮਝ ਆਇਆ ਕਿ ਇਹ ਸਭ ਗੱਲਾਂ ਬਸ ਕਾਲਪਨਿਕ ਡਰਾਵੇ ਹਨ।
ਭੂਤ ਦਾ ਅਸਲ ਅਰਥ ਬੀਤ ਚੁੱਕਿਆ ਸਮਾਂ ਹੈ ਜਿਸਨੂੰ ਕਿਸੇ ਮਰ ਚੁੱਕੇ ਇਨਸਾਨ ਲਈ ਇਸ ਕਰਕੇ ਵਰਤਿਆ ਜਾਂਦਾ ਹੈ ਕਿਉਂਕਿ ਉਹ ਬੀਤ ਚੁੱਕੇ ਕਾਲ ਦਾ ਹਿੱਸਾ ਬਣ ਜਾਂਦਾ ਹੈ।
-ਅਗਿਆਤ (ਅਗਰ ਇਹ ਲਿਖਤ ਤੁਸੀਂ ਲਿਖੀ ਹੈ ਤਾਂ ਸਾਨੂੰ ਪੇਜ ਤੇ ਮੈਸੇਜ਼ ਕਰ ਸਕਦੇ ਹੋ)