ਬਠਿੰਡਾ (ਬਲਵਿੰਦਰ)-ਆਮ ਆਦਮੀ ਪਾਰਟੀ ਦੇ ਐੱਮ.ਪੀ. ਭਗਵੰਤ ਮਾਨ ਵਲੋਂ ਹਿੰਦੂ ਆਗੂਆਂ ਦੀ ਹੱਤਿਆ ਦੇ ਦੋਸ਼ ‘ਚ ਫੜੇ ਗਏ ਮੁਲਜ਼ਮਾਂ ਦੇ ਹੱਕ ‘ਚ ਬਿਆਨ ਦੇਣਾ ਕਾਫੀ ਹੰਗਾਮਾਪੂਰਨ ਸਾਬਤ ਹੋ ਰਿਹਾ ਹੈ। ਜਿਸ ਦੇ ਚਲਦਿਆਂ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਯੋਗਸ਼ ਬਾਤਿਸ਼ ਨੇ ਐਲਾਨ ਕੀਤਾ ਹੈ ਕਿ ਜੋ ਵੀ ਭਗਵੰਤ ਮਾਨ ਦਾ ਨੱਕ ਵੱਢ ਕੇ ਲਿਆਵੇਗਾ, ਉਸਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਬਾਤਿਸ਼ ਨੇ ਕਿਹਾ ਕਿ ਸਪੱਸ਼ਟ ਹੋ ਚੁੱਕਾ ਹੈ ਕਿ ਪਿਛਲੇ ਸਮੇਂ ਦੌਰਾਨ ਹਿੰਦੂ ਆਗੂਆਂ ਦੀਆਂ ਹੋਈਆਂ ਹੱਤਿਆਵਾਂ ਪਿੱਛੇ ਪਾਕਿਸਤਾਨੀ ਆਈ. ਐੱਸ. ਆਈ. ਏਜੰਸੀ ਜਾਂ ਅੱਤਵਾਦੀ ਤਾਕਤਾਂ ਦਾ ਹੱਥ ਸੀ, ਜੋ ਹਿੰਦੂ-ਸਿੱਖ ਭਾਈਚਾਰੇ ਨੂੰ ਤਾਰ-ਤਾਰ ਕਰਕੇ ਪੰਜਾਬ ਦਾ ਮਾਹੌਲ ਮੁੜ ਖਰਾਬ ਕਰਨਾ ਚਾਹੁੰਦੀਆਂ ਹਨ।
ਹਿੰਦੂ ਆਗੂਆਂ ਦੀਆਂ ਹੱਤਿਆਵਾਂ ਦੇ ਸੰਬੰਧ ਵਿਚ ਜਗਤਾਰ ਸਿੰਘ ਜੱਗੀ ਜੌਹਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਭਗਵੰਤ ਮਾਨ ਜੱਗੀ ਜੌਹਲ ਦੇ ਹੱਕ ਵਿਚ ਨਿੱਤਰ ਕੇ ਸਾਹਮਣੇ ਆ ਗਏ ਹਨ ਕਿ ਇਸ ਨੂੰ ਝੂਠਾ ਫਸਾਇਆ ਗਿਆ ਹੈ।
ਇਹ ਵੀ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਇਕ ਖਾਲਿਸਤਾਨੀ ਵਿਅਕਤੀ ਦੇ ਘਰ ਰੁਕਦੇ ਰਹੇ ਹਨ, ਜਦਕਿ ਇਨ੍ਹਾਂ ਦੇ ਸੰਬੰਧ ਗਰਮ ਦਲੀਆਂ ਨਾਲ ਵੀ ਜਗ ਜ਼ਾਹਰ ਹੋ ਚੁੱਕੇ ਹਨ। ਇਸ ਲਈ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਦੁਸ਼ਮਣ ਪਾਰਟੀ ਹੈ।
ਇਹ ਪਾਰਟੀ ਖੁਦ ਪੰਜਾਬ ਨੂੰ ਨਸ਼ਿਆਂ ਦੇ ਨਾਂ ‘ਤੇ ਬਦਨਾਮ ਕਰਦੀ ਰਹੀ ਹੈ, ਜਦਕਿ ਇਨ੍ਹਾਂ ਦੇ ਆਪਣੇ ਆਗੂ ਨਾ ਸਿਰਫ ਖੁਦ ਨਸ਼ੇੜੀ ਹਨ, ਬਲਕਿ ਪੰਜਾਬ ‘ਚ ਨਸ਼ਿਆਂ ਦੇ ਕਾਰੋਬਾਰ ਨਾਲ ਵੀ ਜੁੜ ਰਹੇ ਹਨ। ਜੇਕਰ ਕੇਜਰੀਵਾਲ ਸੱਚਮੁੱਚ ਪੰਜਾਬ ਜਾਂ ਭਾਰਤ ਦਾ ਭਲਾ ਚਾਹੁੰਦੇ ਹਨ ਤਾਂ ਭਗਵੰਤ ਮਾਨ ਦੇ ਬਿਆਨ ਜਾਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਆਗੂਆਂ ਬਾਰੇ ਚੁੱਪੀ ਕਿਉਂ ਧਾਰ ਰੱਖੀ ਹੈ।
ਬਾਤਿਸ਼ ਨੇ ਇਕ ਪ੍ਰੈੱਸ ਨੋਟ ਜਾਰੀ ਕਰਕੇ ਐਲਾਨ ਕੀਤਾ ਹੈ ਕਿ ਉਹ ਭਗਵੰਤ ਮਾਨ ਦਾ ਨੱਕ ਵੱਢ ਕੇ ਲਿਆਉਣ ਵਾਲੇ ਨੂੰ 5 ਲੱਖ ਰੁਪਏ ਇਨਾਮ ਦੇਣਗੇ। ਉਨ੍ਹਾਂ ਨਾਲ ਜਨਰਲ ਸਕੱਤਰ ਗੌਰਵ ਸ਼ਰਮਾ, ਜ਼ਿਲਾ ਪ੍ਰਧਾਨ ਸੁਖਜੀਤ ਬਾਹੀਆ, ਸੰਗਠਨ ਮੰਤਰੀ ਬਲਰਾਮ ਸ਼ਰਮਾ, ਸਲਾਹਕਾਰ ਸਤਿੰਦਰ ਕੁਮਾਰ, ਭਾਰਤ ਭੂਸ਼ਣ ਕਾਕਾ ਆਦਿ ਹਾਜ਼ਰ ਸਨ।