ਕਿਸੇ ਸ਼ਹਿਰ ਵਿੱਚ ਇੱਕ ਹਕੀਮ ਰਹਿੰਦਾ ਸੀ ਤੇ ਵੱਡੀ ਗੱਲ ਰੱਬ ਦੀ ਰਜਾ ਵਿੱਚ ਅਥਾਹ ਵਿਸ਼ਵਾਸ ਰੱਖਣ ਵਾਲਾ ਸੀ।
ਸਵੇਰੇ ਜਦੋਂ ਹਕੀਮ ਨੇ ਘਰ ਤੋਂ ਆਪਣੀ ਦੁਕਾਨ ਵੱਲ ਨਿਕਲਣਾ ਤਾਂ ਉਸਦੀ ਪਤਨੀ ਨੇ ਘਰ ਦੇ ਕੰਮਾਂ ਵਾਰੇ ਹਕੀਮ ਜੀ ਨੂੰ ਕਹਿਣਾ ਅੱਗੋਂ ਰੱਬ ਦੇ ਭਗਤ ਨੇ ਕਹਿਣਾ ” ਭਾਗਵਾਨੇ ਜੋ ਵੀ ਚੀਜ ਦੀ ਲੋੜ ਹੋਵੇ ਪਰਚੀ ਤੇ ਲਿਖ ਕੇ ਦੇ ਦਿਆ ਕਰ”
ਹਕੀਮ ਦੀ ਪਤਨੀ ਨੇ ਹਕੀਮ ਜੀ ਨੂੰ ਘਰ ਤੋਂ ਨਿਕਲਣ ਲੱਗੇ ਘਰ ਦੀਆਂ ਜਰੂਰਤਾਂ ਦੀ ਪਰਚੀ ਫੜਾ ਦੇਣੀ ਤੇ ਹਕੀਮ ਜੀ ਨੇ ਦੁਕਾਨ ਤੇ ਜਾ ਕੇ ਬਹਿੰਦੇ ਸਾਰ ਉਹ ਪਰਚੀ ਖੋਲਣੀ ਤੇ ਸਮਾਨ ਦੀ ਲਿਸਟ ਮੁਤਾਬਿਕ ਖਰਚਾ ਜੋੜ ਕੇ ਟੋਟਲ ਕਰ ਲੈਣਾ ਤੇ ਫਿਰ ਦੋਵੇਂ ਹੱਥ ਜੋੜ ਕੇ ਅਰਜੋਈ ਕਰਨੀ “ਦਾਤਿਆ, ਅੱਜ ਏਨੀ ਕੁ ਕਿਰਪਾ ਕਰਨੀ, ਮੇਰੀ ਲੋੜ ਮੁਤਾਬਿਕ ਮੈਨੂੰ ਆਮਦਨੀ ਹੋ ਜਾਵੇ”
ਹਕੀਮ ਜੀ ਦੀ ਫੀਸ ਨਾ-ਮਾਤਰ ਸੀ, ਸਵੇਰੇ 9 ਵਜੇ ਤੋਂ ਲੈ ਕੇ ਜਦੋਂ ਦੇਖਣਾ ਹਕੀਮ ਜੀ ਨੇ ਕਿ ਮੇਰੀ ਘਰ ਦੀ ਪਰਚੀ ਮੁਤਾਬਿਕ ਪੈਸੇ ਮਿਲ ਗਏ। ਦੁਕਾਨ ਵਧਾ ਦੇਣੀ ਤੇ ਘਰ ਨੂੰ ਸਾਮਾਨ ਲੈ ਕੇ ਤੁਰ ਪੈਣਾ।
ਇੱਕ ਦਿਨ ਹਕੀਮ ਜੀ ਘਰੋਂ ਨਿਕਲਣ ਲੱਗੇ ਤੇ ਘਰਵਾਲੀ ਨੇ ਪਰਚੀ ਫੜਾਈ ਤੇ ਤੁਰ ਪਏ ਆਪਣੀ ਦੁਕਾਨ ਵੱਲ ਦੁਕਾਨ ਤੇ ਪਹੁੰਚੇ…ਦੁਕਾਨ ਖੋਲੀ, ਬੈਠੇ ਤੇ ਘਰ ਦੀ ਪਰਚੀ ਖੋਲੀ। ਹਕੀਮ ਜੀ ਪਰਚੀ ਦੇਖ ਕੇ ਕੁਛ ਸਮੇਂ ਲਈ ਬੇਚੈਨ ਹੋ ਗਏ।
ਘਰ ਦੇ ਸਮਾਨ ਦੀ ਲਿਸਟ ਨਾਲ ਹੇਠਾਂ ਲਿਖਿਆ ਸੀ, ਬੇਟੀ ਦੇ ਦਹੇਜ (ਵਿਆਹ ਦਾ ਜਰੂਰੀ ਸਮਾਨ) ਹਕੀਮ ਜੀ ਦੀ ਲੜਕੀ ਵਿਆਹੁਣ ਲਾਈਕ ਜੋ ਹੋ ਗਈ ਸੀ। ਹਕੀਮ ਜੀ ਨੇ ਘਰ ਦੇ ਸਮਾਨ ਦਾ ਟੋਟਲ ਲਾਇਆ ਬੇਟੀ ਦੇ ਦਹੇਜ (ਵਿਆਹ ਦੇ ਸਮਾਨ) ਅੱਗੇ ਲਿਖ ਦਿੱਤਾ” ਇਸ ਦੀ ਜਿੰਮੇਵਾਰੀ ਮੇਰੇ ਪਰਮਾਤਮਾ ਦੀ ਹੈ, ਇਸਦਾ ਪ੍ਰਬੰਧ ਮੇਰਾ ਪਾਲਣਹਾਰ ਕਰੇਗਾ।”
ਦੁਪਹਿਰ 1 ਵਜੇ ਦੇ ਕਰੀਬ ਜਦੋਂ ਹਕੀਮ ਜੀ ਦੁਕਾਨ ਵਧਾਉਣ ਦੀ ਸੋਚ ਰਹੇ ਸੀ ਤਾਂ ਇੱਕ ਵੱਡੀ ਕਾਰ ਦੁਕਾਨ ਦੇ ਸਾਹਮਣੇ ਆ ਕੇ ਰੁਕੀ। ਕਾਰ ਵਿੱਚੋਂ ਇੱਕ ਭੱਦਰਪੁਰਸ਼ ਬਾਹਰ ਆਇਆ ਤੇ ਹਕੀਮ ਜੀ ਦੇ ਸਾਹਮਣੇ ਸਟੂਲ ਤੇ ਬੈਠ ਗਿਆ ਤੇ ਨਮਸਕਾਰ ਕੀਤੀ।
” ਹਕੀਮ ਜੀ ਮੈਨੂੰ ਪਛਾਣਿਆ, ਮੈਂ ਸੇਠ ਰਤਨ ਲਾਲ ਹਾਂ, ਇੱਕ ਦਿਨ ਮੇਰੀ ਕਾਰ ਤੁਹਾਡੇ ਦਵਾਖਾਨੇ ਕੋਲ ਪੰਕਚਰ ਹੋ ਗਈ ਸੀ। ਡਰਾਈਵਰ ਕਾਰ ਰੋਕ ਜੈਕ ਲਗਾ ਕੇ ਟਾਇਰ ਖੋਲਣ ਲੱਗਾ ਤੇ ਮੈਂ ਬਾਹਰ ਸੜਕ ਤੇ ਖੜਨ ਦੀ ਬਿਜਾਏ ਤੁਹਾਡੇ ਕੋਲ ਆ ਕੇ ਬੈਠ ਗਿਆ ਸੀ।
ਤੁਸੀਂ ਮੈਨੂੰ ਪੁੱਛਿਆ ਸੀ ਕਿ ਕੀ ਬਿਮਾਰੀ ਹੈ ਤਾਂ ਮੈਂ ਕਿਹਾ” ਮੈਂ ਸੇਠ ਰਤਨ ਲਾਲ ਹਾਂ, ਸ਼ਹਿਰ ਵਿੱਚ ਮੇਰਾ ਤਕੜਾ ਕਾਰੋਬਾਰ ਆ, ਪਰਮਾਤਮਾ ਦਾ ਦਿੱਤਾ ਸਭ ਕੁਝ ਆ, ਪਰ ਵਿਆਹ ਦੇ ਕਈ ਸਾਲਾਂ ਮਗਰੋਂ ਵੀ ਸਾਡੇ ਘਰ ਕੋਈ ਔਲਾਦ ਨਹੀਂ” ਤਾਂ ਤੁਸੀਂ ਕਿਹਾ “ਇਸ ਸਮੱਸਿਆ ਦਾ ਮੇਰੇ ਕੋਲ ਕੋਈ ਇਲਾਜ ਨਹੀਂ, ਔਲਾਦ ਦਾ ਹੋਣਾ ਮੇਰੇ ਪਰਮਾਤਮਾ ਦੇ ਵੱਸ ਆ, ਇਹ ਸਭ ਉਸਦੀ ਦੇਣ ਹੈ, ਉਸਦੇ ਘਰ ਕਿਸੇ ਚੀਜ ਦੀ ਕਮੀ ਨਹੀਂ”
ਤੇ ਨਾਲ ਹੀ ਨਾਲ ਤੁਸੀਂ ਆਪਣੇ ਦਰਾਜ ਵਿੱਚੋਂ ਦਵਾਈ ਕੱਢ ਕੇ ਪੁੜੀਆਂ ਤਿਆਰ ਕਰ ਰਹੇ ਸੀ, ਤੁਸੀਂ ਮੈਨੂੰ ਮੇਰੀ ਪਤਨੀ ਦਾ ਨਾਂ ਪੁੱਛਿਆ। ਫਿਰ ਤੁਸੀਂ ਇੱਕ ਪੁੜੀ ਤੇ ਮੇਰਾ ਨਾਂ ਲਿਖਿਆ ਤੇ ਦੂਜੀ ਪੁੜੀ ਤੇ ਮੇਰੀ ਪਤਨੀ ਦਾ ਨਾਂ ਲਿਖ ਕੇ ਮੈਨੂੰ ਕਿਹਾ” ਮੈਂ ਨਹੀਂ ਜਾਣਦਾ ਮੇਰੀ ਦਵਾਈ ਅਸਰ ਕਰੇ ਜਾਂ ਨਾ ਕਰੇ ਪਰ ਜੇਕਰ ਮੇਰੇ ਪਰਮਾਤਮਾ ਨੇ ਚਾਹਿਆ ਤਾਂ ਨਿਰਾਸ਼ ਨਹੀਂ ਹੋਉਗੇ”
ਮੈਂ ਤੁਹਾਡੇ ਤੋਂ ਦਵਾਈ ਦੇ ਪੈਸੇ ਪੁੱਛੇ ਤਾਂ ਤੁਸੀਂ ਕਿਹਾ “ਮੇਰੇ ਪਾਲਣਹਾਰ ਨੇ ਅੱਜ ਦੀਆਂ ਮੇਰੀਆਂ ਲੋੜਾਂ ਪੂਰੀਆਂ ਕਰ ਦਿੱਤੀਆਂ, ਹੁਣ ਮੈਂ ਇਸ ਦਵਾਈ ਦੇ ਪੈਸੇ ਨਹੀਂ ਲੈ ਸਕਦਾ” ਜਵਾਬ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਤੇ ਤੁਸੀਂ ਉੱਠੇ ਤੇ ਕਿਹਾ।” ਅੱਛਾ ਜੀ, ਹੁਣ ਚੱਲਦੇ ਆਂ ਘਰ ਨੂੰ”
ਮੇਰੀ ਕਾਰ ਦਾ ਪੰਕਚਰ ਵੀ ਲੱਗ ਚੁੱਕਾ ਸੀ, ਤੁਸੀਂ ਵੀ ਦੁਕਾਨ ਵਧਾ ਕੇ ਚੱਲ ਪਏ ਤੇ ਮੈਂ ਵੀ ਡਰਾਈਵਰ ਸਮੇਤ ਘਰ ਆ ਗਿਆ। ਘਰ ਆ ਕੇ ਮੈਂ ਆਪਣੀ ਸਾਰੀ ਗੱਲਬਾਤ ਆਪਣੀ ਪਤਨੀ ਨੂੰ ਦੱਸੀ,ਪਤਨੀ ਨੇ ਕਿਹਾ” ਜਰੂਰ ਹੀ ਹਕੀਮ ਜੀ ਕੋਈ ਦੇਵ ਆਤਮਾ ਨੇ, ਆਪਾਂ ਨੂੰ ਇਹ ਦਵਾਈ ਖਾਣੀ ਚਾਹੀਦੀ ਹੈ, ਮੇਰਾ ਵਿਸ਼ਵਾਸ ਹੈ, ਪ੍ਰਭੂ ਕਿਰਪਾ ਜਰੂਰ ਹੋਏਗੀ”
ਮੈਂ ਤੇ ਮੇਰੀ ਪਤਨੀ ਨੇ ਆਪਣੀ ਆਪਣੀ ਦਵਾਈ ਪਰਮਾਤਮਾ ਦਾ ਧਿਆਨ ਧਰ ਕੇ ਖਾਧੀ ਤੇ ਅੱਜ ਮੇਰੇ ਘਰ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਹਨ। ਹਕੀਮ ਜੀ, ਹੁਣ ਮੈਂ ਇਹ ਦੱਸਦਾ ਹਾਂ ਕਿ ਮੈਂ ਅੱਜ ਕਿਉਂ ਆਇਆ ਹਾਂ। ਗੱਲ ਪਿਛਲੇ ਦਿਨਾਂ ਦੀ ਹੈ,
“ਮੇਰੀ ਇੱਕ ਵਿਧਵਾ ਭੈਣ ਕਿਸੇ ਦੂਰ ਸ਼ਹਿਰ ਵਿੱਚ ਰਹਿੰਦੀ ਸੀ, ਉਸਦੀ ਇੱਕ ਲੜਕੀ ਸੀ, ਮੈਂ ਆਪਣੀ ਭੈਣ ਦਾ ਸਾਰਾ ਖਰਚ ਚੁੱਕਦਾ ਸੀ। ਮੇਰੀ ਭਾਣਜੀ ਲਈ ਮੇਰੀ ਭੈਣ ਨੇ ਲੜਕਾ ਪਸੰਦ ਕੀਤਾ ਤੇ ਵਿਆਹ ਰੱਖ ਲਿਆ, ਮੈਂ ਆਪਣੀ ਭੈਣ ਨੂੰ ਕਾਰ ਭੇਜ ਕੇ ਆਪਣੇ ਕੋਲ ਬੁਲਾ ਲਿਆ ਕਿ ਮੇਰੀ ਭਾਣਜੀ ਇਸ ਸ਼ਹਿਰ ਆ ਕੇ ਕੱਪੜਾ ਲੀੜਾ ਖਰੀਦ ਲਵੇ ਤੇ ਮੈਂ ਆਪਣੀ ਭੈਣ ਨੂੰ ਨਾਲ ਲੈ ਕੇ ਉਸਦੇ ਦਾਜ(ਵਿਆਹ ਦਾ ਸਮਾਨ) ਖਰੀਦ ਲਵਾਂ।”
ਮੇਰੀ ਭਾਣਜੀ ਨੇ ਘੁੰਮ ਫਿਰ ਕੇ ਖਰੀਦਦਾਰੀ ਕੀਤੀ, ਇਸੇ ਭੱਜ-ਨੱਠ ਵਿੱਚ ਉਸਨੂੰ ਬੁਖਾਰ ਹੋ ਗਿਆ, ਮੈਂ ਉਸਨੂੰ ਹਸਪਤਾਲ ਲੈ ਗਿਆ, ਬੁਖਾਰ ਉਸਦੇ ਦਿਮਾਗ ਨੂੰ ਚੜ ਗਿਆ, ਕੁਝ ਦਿਨ ਕੋਮਾ ਵਿੱਚ ਰਹਿਣ ਮਗਰੋਂ ਮੇਰੀ ਭਾਣਜੀ ਦੀ ਮੌਤ ਹੋ ਗਈ। ਮੇਰੀ ਭਾਣਜੀ ਦੀ ਮੌਤ ਤੋਂ ਬਾਅਦ ਮੇਰੀ ਭੈਣ ਤੇ ਮੇਰੀ ਪਤਨੀ ਨੇ ਸਲਾਹ ਕੀਤੀ ਕਿ ਕਿਉਂ ਨਾ ਮੇਰੀ ਭਾਣਜੀ ਲਈ ਖਰੀਦਿਆ ਹੋਇਆ ਵਿਆਹ ਦਾ ਇਹ ਸਮਾਨ ਤੁਹਾਡੀ ਬੇਟੀ ਦੇ ਵਿਆਹ ਦੇ ਕੰਮ ਆ ਸਕੇ।
ਹਕੀਮ ਜੀ ਸੇਠ ਰਤਨ ਲਾਲ ਦੀ ਗੱਲ ਸੁਣਕੇ ਬੜਾ ਹੈਰਾਨ ਹੋਏ ਤੇ ਕਹਿਣ ਲੱਗੇ ਕਿ “ਸੇਠ ਜੀ, ਅੱਜ ਘਰ ਦੇ ਰਾਸ਼ਨ ਦੇ ਸਮਾਨ ਥੱਲੇ ਮੇਰੀ ਪਤਨੀ ਨੇ ਮੇਰੀ ਬੇਟੀ ਵਿਆਹ ਦੇ ਸਮਾਨ ਬਾਰੇ ਲਿਖਿਆ ਸੀ ਤੇ ਮੈਂ ਉਸਦੇ ਅੱਗੇ ਲਿਖਿਆ ਸੀ ਕਿ ਇਹ ਕੰਮ ਮੇਰੇ ਪਰਮਾਤਮਾ ਦਾ ਹੈ ਤੇ ਉਹੀ ਕਰੇਗਾ”
ਹਕੀਮ ਜੀ ਨੇ ਪਰਚੀ ਕੱਢ ਕੇ ਸੇਠ ਰਤਨ ਲਾਲ ਦੇ ਸਾਹਮਣੇ ਰੱਖ ਦਿੱਤੀ। ਸੇਠ ਵੀ ਹਕੀਮ ਜੀ ਦੇ ਪ੍ਰਭੂ ਵਿਸ਼ਵਾਸ ਤੇ ਅਚੰਭਿਤ ਹੋ ਗਿਆ। “ਸੇਠ ਰਤਨ ਲਾਲ ਜੀ, ਜਦੋਂ ਤੋਂ ਹੋਸ਼ ਸੰਭਾਲਿਆ ਹੈ ਤੇ ਆਪਣਾ ਪਰਿਵਾਰ ਪਾਲ ਰਿਹਾ ਹਾਂ, ਅਜਿਹਾ ਕੋਈ ਦਿਨ ਨਹੀਂ ਗਿਆ, ਜਦੋਂ ਮੇਰੇ ਪਾਲਣਹਾਰ ਨੇ ਮੇਰੀਆਂ ਲੋੜਾਂ ਦੀ ਪੂਰਤੀ ਨਾ ਕੀਤੀ ਹੋਵੇ। ਮੇਰੇ ਮਾਲਕ ਦੇ ਰੰਗਾਂ ਨੂੰ ਕੋਈ ਨੀ ਜਾਣ ਸਕਿਆ, ਅੱਜ ਵੀ ਮੇਰੇ ਦਾਤੇ ਨੇ ਮੇਰੀ ਲਾਜ ਰੱਖ ਲਈ।”
ਮੈਨੂੰ ਤੁਹਾਡੀ ਭਾਣਜੀ ਦੀ ਮੌਤ ਦਾ ਦੁੱਖ ਹੈ, ਪਰ ਆਪਣੇ ਪਰਮਾਤਮਾ ਦੀ ਰਜਾ ਵਿੱਚ ਮੇਰਾ ਕੋਈ ਕੰਮ ਅਜਿਹਾ ਨਹੀਂ ਜੋ ਰੁਕਿਆ ਹੋਵੇ ਰੋਜ ਸਵੇਰੇ ਉੱਠ ਕੇ ਆਪਣੇ ਪਰਮਾਤਮਾ ਦਾ ਸ਼ੁਕਰ ਅਦਾ ਕਰਦਾ ਹਾਂ, ਇੱਕ ਨਵੇਂ ਦਿਨ ਖਾਤਿਰ ਬਖਸ਼ੇ ਸੁਆਸਾਂ ਲਈ ਤੇ ਰੋਜ ਸ਼ਾਮ ਨੂੰ ਸ਼ੁਕਰ ਅਦਾ ਕਰਦਾ ਹਾਂ ਕਿ ਤੇਰੀ ਕਿਰਪਾ ਨਾਲ ਅੱਜ ਦਾ ਦਿਨ ਵਧੀਆ ਬਤੀਤ ਹੋਇਆ।
“ਤੇਰੀਆਂ ਨੇ ਸਭੈ ਵਡਿਆਈਆਂ ਮੇਰੇ ਮਾਲਕਾ”
ਉਸਦੀ ਰਜ਼ਾ ਵਿੱਚ ਰਹਿਣ ਵਾਲਿਆਂ ਨੇਕ ਬੰਦਿਆਂ ਦੀਆਂ ਲੋੜਾਂ ਉਹ ਪਰਮਾਤਮਾਂ ਖੁਦ ਹੀ ਪੁਰੀਆਂ ਕਰਦਾ ਹੈ।
ਵਿਣੁ ਬੋਲਿਆਂ ਸਭ ਕਿਛੁ ਜਾਣਦਾ