ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੂੰ ਨਾਮ ਦੀ ਗਲਤੀ ਕਾਰਨ ਐੱਨਆਰਆਈ ਨੂੰ ਜਹਾਜ਼ ‘ਤੇ ਚੜ੍ਹਨ ਤੋਂ ਪਹਿਲਾਂ ਰੋਕ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿਚ ਉਸ ਨੂੰ ਇਸ ਗ਼ਲਤੀ ਦਾ ਅਹਿਸਾਸ ਹੋਇਆ ਕਿ ਮੁਲਜ਼ਮ ਦੇ ਬਦਲੇ ਉਸ ਨੇ ਕਿਸੇ ਹੋਰ ਨੂੰ ਫੜ ਲਿਆ ਹੈ। ਵਿਜੀਲੈਂਸ ਨੂੰ ਇਹ ਗ਼ਲਤੀ ਭਾਰੀ ਪਈ ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਸ ਨੂੰ ਪੰਜ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨੀ ਦੀ ਇਹ ਰਾਸ਼ੀ ਸਬੰਧਤ ਅਧਿਕਾਰੀ ਤੋਂ ਵਸੂਲਣ ਦਾ ਹਾਈਕੋਰਟ ਨੇ ਆਦੇਸ਼ ਦਿੱਤਾ ਹੈ।
ਦਰਅਸਲ ਵਿਜੀਲੈੱਸ ਨੇ ਸਿੰਚਾਈ ਵਿਭਾਗ ਦੇ ਚੀਫ਼ ਇੰਜੀਨਿਅਰ ਗੁਰਦੇਵ ਸਿੰਘ ਸਿਆਨ ਦੀ ਜਗ੍ਹਾ ਲੰਡਨ ਨਿਵਾਸੀ ਗੁਰਦੇਵ ਸਿੰਘ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਰੋਕ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿਚ ਵਿਜੀਲੈਂਸ ਨੂੰ ਇਸ ਗੱਲ ਦਾ ਪਤਾ ਚੱਲਿਆ। ਹਾਈਕੋਰਟ ਨੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਦੀ ਮੁਆਫ਼ੀ ਦੀ ਮੰਗ ਨੂੰ ਖਾਰਜ ਕਰਦੇ ਹੋਏ ਪੰਜ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।ਅਦਾਲਤ ਨੇ ਮੁੱਖ ਸਕੱਤਰ ਨੂੰ ਆਦੇਸ਼ ਦਿੱਤਾ ਕਿ ਉਹ ਐੱਨਆਰਆਈ ਗੁਰਦੇਵ ਸਿੰਘ ਨੂੰ ਲੰਡਨ ਦਾ ਜਹਾਜ਼ ਕਿਰਾਇਆ ਅਤੇ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਅਤੇ ਉਸ ਤੋਂ ਪੰਜਾਬ ਸਰਕਾਰ ਵੱਲੋਂ ਮੁਆਫ਼ੀ ਵੀ ਮੰਗਣ। ਅਦਾਲਤ ਨੇ ਕਿਹਾ ਕਿ ਮੁਆਵਜ਼ਾ ਰਾਸ਼ੀ ਦੋਸ਼ੀ ਕਰਮਚਾਰੀ ਤੋਂ ਵਸੂਲ ਕੀਤੀ ਜਾਵੇ। ਜਸਟਿਸ ਏਬੀ ਚੌਘਰੀ ਨੇ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਵਿਜੀਲੈਂਸੀ ਬਿਊਰੋ ਦੀ ਲਾਪ੍ਰਵਾਹੀ ਅਤੇ ਗ਼ੈਰ ਜ਼ਿੰਮੇਵਾਰਾਨਾ ਹਰਕਤ ਨਾਲ ਵਿਦੇਸ਼ ਵਿਚ ਪੰਜਾਬ ਅਤੇ ਦੇਸ਼ ਦੀ ਇੱਜ਼ਤ ਨੂੰ ਨੁਕਸਾਲ ਪਹੁੰਚਿਆ ਹੈ। ਇਹ ਗ਼ਲਤੀ ਮੁਆਫ਼ੀ ਯੋਗ ਨਹੀਂ ਹੈ।ਅਦਾਲਤ ਨੇ ਕਿਹਾ ਕਿ ਇਸ ਨਾਲ ਸਰਕਾਰੀ ਕਰਮਚਾਰੀ ਦੇ ਕੰਮ ਦੇ ਰਵੱਈਏ ਦੀ ਝਲਕ ਦਿਖਦੀ ਹੈ ਕਿ ਉਹ ਆਪਣੇ ਕੰਮ ਕਿਵੇਂ ਲਾਪ੍ਰਵਾਹੀ ਨਾਲ ਕਰਦੇ ਹਨ। ਜਸਟਿਸ ਚੌਧਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਗ਼ਲਤੀ ਦੀ ਕੋਈ ਸੰਭਾਵਨਾ ਨਹੀਂ ਸੀ ਕਿਉਂਕਿ ਜਿਸ ਗੁਰਦੇਵ ਸਿੰਘ ਨੂੰ ਰੋਕਿਆ ਗਿਆ ਉਸ ਦੇ ਨਾਂਅ ਦੇ ਨਾਲ ਸਿਆਨ ਨਹੀਂ ਸੀ ਅਤੇ ਉਸ ਦਾ ਪਾਸਪੋਰਟ ਲੰਡਨ ਸਥਿਤ ਭਾਰਤੀ ਦੂਤਾਵਾਸ ਦੇ ਜ਼ਰੀਏ ਬਣਿਆ ਹੈ ਅਤੇ ਉਸ ਦਾ ਪਤਾ ਲੰਡਨ ਦਾ ਹੈ। ਫਿਰ ਵਿਜੀਲੈਂਸ ਬਿਊਰੋ ਨੇ ਉਸ ਨੂੰ ਕਿਵੇਂ ਫੜ ਲਿਆ, ਕੀ ਉਸ ਦਾ ਪਾਸਪੋਰਟ, ਇਸ ‘ਤੇ ਲੱਗੀ ਤਸਵੀਰ ਨਹੀਂ ਦੇਖੀ ਗਈ?ਹਾਈਕੋਰਟ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਰੋਜ਼ਾਨਾ ਜ਼ਿਆਦਾ ਤਨਖਾਹ ਅਤੇ ਸੁਵਿਧਾ ਦੀ ਮੰਗ ਕਰਦੇ ਰਹਿੰਦੇ ਹਨ ਪਰ ਉਹ ਆਪਣੇ ਕੰਮ ਨੂੰ ਚੰਗੇ ਤਰੀਕੇ ਨਾਲ ਕਿਉਂ ਨਹੀਂ ਕਰਦੇ? ਇਸ ਮਾਮਲੇ ਵਿਚ ਐਡਵੋਕੇਟ ਜਨਰਲ ਦੀ ਭੂਮਿਕਾ ‘ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਵਕੀਲ ਤਾਂ ਅਦਾਲਤ ਵਿਚ ਉਹੀ ਕਹੇਗਾ ਜੋ ਉਸ ਦੇ ਕਲਾਇੰਟ ਨੇ ਉਸ ਨੂੰ ਜਾਣਕਾਰੀ ਦਿੱਤੀ ਹੈ। ਵਿਜੀਲੈਂਸ ਨੂੰ ਏਜੀ ਨੂੰ ਜਾਣਕਾਰੀ ਦੇਣ ਤੋਂ ਪਹਿਲਾਂ ਤੱਥਾਂ ਦੀ ਸਹੀ ਜਾਂਚ ਕਰਨੀ ਚਾਹੀਦੀ ਸੀ। ਅਦਾਲਤ ਨੇ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਆਦੇਸ਼ ਦਾ ਪਾਲਣ ਕਰਕੇ ਸਟੇਟਸ ਰਿਪੋਰਟ ਵੀ ਦੇਵੇ।ਮਾਮਲਾ ਇਹ ਹੈ ਕਿ ਸਿੰਚਾਈ ਵਿਭਾਗ ਦੇ ਚੀਫ਼ ਇੰਜੀਨਿਅਰ ਗੁਰਦੇਵ ਸਿੰਘ ਸਿਆਨ ਦੇ ਖਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਵਿਜੀਲੈਂਸ ਨੇ ਉਨ੍ਹਾਂ ਦੇ ਖਿ਼ਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਗੁਰਦੇਵ ਨੇ ਹਾਈਕੋਰਟ ਵਿਚ ਅਗਾਊਂ ਜ਼ਮਾਨਤ ਦੇ ਲਈ ਅਰਜ਼ੀ ਵੀ ਦਾਇਰ ਕੀਤੀ ਹੈ। ਅਦਾਲਤ ਨੇ ਉਨ੍ਹਾਂ ਦੇ ਵਿਦੇਸ਼ ਜਾਣ ‘ਤੇ ਰੋਕ ਲਗਾਈ ਹੋਈ ਹੈ।
ਦੋ ਨਵੰਬਰ ਨੂੰ ਵਿਜੀਲੈਂਸ ਨੂੰ ਇੰਦਰਾ ਗਾਂਧੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ ਤੋਂ ਸੂਚਨਾ ਦਿੱਤੀ ਗਈ ਕਿ ਗੁਰਦੇਵ ਸਿੰਘ ਸਿਆਨ ਨਾਂ ਦਾ ਇੱਕ ਵਿਅਕਤੀ ਲੰਡਨ ਜਾ ਰਿਹਾ ਹੈ। ਏਅਰਪੋਰਟ ਅਥਾਰਟੀ ਨੇ ਉਨ੍ਹਾਂ ਨੂੰ ਰੋਕ ਲਿਆ। ਕੁਝ ਸਮੇਂ ਬਾਅਦ ਵਿਜੀਲੈਂਸ ਬਿਊਰੋ ਨੇ ਬਿਨਾਂ ਜਾਂਚ ਕੀਤੇ ਹੀ ਗੁਰਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਬਾਅਦ ਵਿਚ ਪਤਾ ਚੱਲਿਆ ਕਿ ਇਹ ਲੰਡਨ ਨਿਵਾਸੀ ਗੁਰਦੇਵ ਸਿੰਘ ਹੈ।