ਪੰਜਾਬ ਦਾ ਇਕ ਅਜਿਹਾ ਇਲਾਕਾ, ਜਿਥੇ ਕਦੇ ਨਹੀਂ ਪੈਂਦੀ ਧੁੰਦ

ਜਿਥੇ ਸਮੁੱਚਾ ਵਿਸ਼ਵ ਅੱਜ ਵਾਤਾਵਰਣ ਦੇ ਗੰਧਲੇਪਣ ਤੇ ਬਦਲਾਅ ਕਾਰਨ ਚਿੰਤਤ ਹੈ, ਉਥੇ ਪੰਜਾਬ ਦਾ ਇਕ ਪਹਾੜੀ ਖੇਤਰ ਬੀਤ ਇਲਾਕਾ ਜੋ 27 ਪਿੰਡਾਂ ਦਾ ਸਮੂਹ ਹੈ, (ਜ਼ਿਲਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦਾ ਹਿਮਾਚਲ ਪ੍ਰਦੇਸ਼ ਨਾਲ ਲੱਗਦਾ ਭਾਗ) ਵਿਚ ਲੋਕਾਂ ਨੂੰ ਪੰਜਾਬ ਦੇ ਬਾਕੀ ਖਿੱਤੇ ਵਾਂਗ ਧੁੰਦ ਜਾਂ ਬਹੁਤੀ ਠੰਡ ਦਾ ਅਹਿਸਾਸ ਹੀ ਨਹੀਂ ਹੈ। ਇਸ ਖੇਤਰ ‘ਚ ਪੰਜਾਬ ਦਾ ਪੂਰਾਤਨ ਸੱਭਿਆਚਾਰ ਅਜੇ ਵੀ ਜੀਵਤ ਹੈ।

ਸ੍ਰੀ ਗੁਰੂ ਤੇਗ ਬਹਾਦਰ ਮਾਰਗ (ਗੜ੍ਹਸ਼ੰਕਰ ਤੋਂ ਆਨੰਦਪੁਰ ਸਾਹਿਬ) ਤੋਂ ਕਸਬਾ ਪੋਜੇਵਾਲ ਤੋਂ ਉੱਤਰ ਵੱਲ ਗੜ੍ਹਸ਼ੰਕਰ ਸ਼ਹਿਰ ਤੋਂ ਪੂਰਬ ਵੱਲ ਸ਼ਿਵਾਲਿਕ ਦੀਆਂ ਪਹਾੜੀਆਂ ‘ਤੇ ਵਸੇ ਬੀਤ ਇਲਾਕੇ ਦੇ ਲੋਕਾਂ ਨੂੰ ਦੁਪਹਿਰ ਸਮੇਂ ਜਾਂ ਸਵੇਰ-ਸ਼ਾਮ ਸਵੈਟਰ ਪਾ ਕੇ ਵੀ ਗਰਮੀ ਮਹਿਸੂਸ ਹੋਣ ਲੱਗ ਪੈਂਦੀ ਹੈ। ਜ਼ਿਕਰਯੋਗ ਹੈ ਕਿ ਇਸ ਇਲਾਕੇ ਨਾਲ ਸਰਕਾਰਾਂ ਵੱਲੋਂ ਹਮੇਸ਼ਾ ਭੇਦਭਾਵ ਕੀਤਾ ਗਿਆ। ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤਾਂ ਕੀ ਦੇਣੀਆਂ ਸਨ, ਸਗੋਂ ਅਜੇ ਵੀ ਪੀਣ ਵਾਲਾ ਪਾਣੀ ਸਰਕਾਰੀ ਨਿਯਮਾਂ ਅਨੁਸਾਰ ਪ੍ਰਤੀ ਵਿਅਕਤੀ 40 ਲਿਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਗਰਮੀਆਂ ਵਿਚ ਇਸ ਖਿੱਤੇ ਦੇ ਲੋਕ ਪਾਣੀ ਦੀਆਂ ਸਮੱਸਿਆਵਾਂ ਨਾਲ ਖੂਬ ਜੂਝਦੇ ਹਨ।

ਕੁਦਰਤੀ ਬੇਰਾਂ ਦੀ ਉੱਪਜ
PunjabKesari
ਇਲਾਕੇ ਦੇ ਗੈਰ-ਖੇਤੀਬਾੜੀ ਇਲਾਕੇ ਜੰਗਲ ‘ਚ ਸੇਬ ਦੀ ਨਸਲ ਦੇ ਬੇਰ ਅੱਜਕੱਲ ਠੰਡ ‘ਚ ਲੋਕਾਂ ਲਈ ਮੁੱਖ ਫਲ ਖੁਰਾਕੀ ਤੱਤ ਵਜੋਂ ਕੰਮ ਆਉਂਦੇ ਹਨ, ਜਿਨ੍ਹਾਂ ਬਾਰੇ ਬਾਗਬਾਨੀ ਵਿਗਿਆਨੀ ਇਹ ਦੱਸਦੇ ਹਨ ਕਿ ਜੇਕਰ 100 ਗ੍ਰਾਮ ਬੇਰ ਇਸ ਇਲਾਕੇ ਦੇ ਖਾ ਲਈਏ ਤਾਂ ਅੱਧਾ ਕਿਲੋ ਸੇਬਾਂ ਦੇ ਬਰਾਬਰ ਇਨ੍ਹਾਂ ਵਿਚ ਖੁਰਾਕੀ ਤੱਤ ਮੌਜੂਦ ਹਨ। ਇਹ ਬੇਰ ਸੇਬ ਦੀ ਮਹਿਕ ਤੇ ਸੁਆਦ ਦਿੰਦੇ ਹਨ। ਇਲਾਕੇ ਦੇ ਮੱਧ ‘ਚ ਬੈਠੇ ਮਦਨ ਲਾਲ ਚੌਹਾਨ, ਸੁਰਿੰਦਰ ਚੰਦ ਟੱਬਾ, ਬਿੱਕਰ ਸਿੰਘ ਆਦਿ ਨੇ ਦੱਸਿਆ ਕਿ ਇਲਾਕੇ ਦੇ ਮੁੱਖ ਪੁਰਾਤਨ ਫਲਾਂ ਦੀਆਂ ਨਸਲਾਂ ਜਿਵੇਂ ਕਾਂਗੂ, ਗਰੂਨਾ, ਕੋਕਲੂ ਆਦਿ ਅਲੋਪ ਹੋ ਰਹੀਆਂ ਹਨ, ਜਿਨ੍ਹਾਂ ਦੀ ਵਰਤੋਂ ਦਵਾਈਆਂ ਤੇ ਕੁਦਰਤੀ ਮੇਵਿਆਂ ਦੇ ਤੌਰ ‘ਤੇ ਹੁੰਦੀ ਹੈ।

ਕੁਦਰਤ ਮਿਹਰਬਾਨ; ਸਰਕਾਰ ਦਾ ਇਲਾਕੇ ਵੱਲ ਨਹੀਂ ਏ ਧਿਆਨ
PunjabKesari
ਇਸ ਬੀਤ ਇਲਾਕੇ ਦੇ ਕਰੀਬ 27 ਪਿੰਡਾਂ ਵਿਚ ਕੁਦਰਤੀ ਨਿਆਮਤ ਕਰੇਲਾ ਪਹਾੜੀ, ਬੇਰ ਪਹਾੜੀ, ਰਾਰੂ ਨਾ, ਅੰਬ, ਗੰਨਾ, ਮੱਕੀ, ਦੇਸੀ ਮੱਕੀ, ਕਣਕ, ਤਾਰਮੀਰਾ, ਸਰ੍ਹੋਂ, ਛੋਲੇ, ਪੇਠਾ ਅਤੇ ਸਬਜ਼ੀਆਂ ਘੀਆ, ਤੋਰੀਆਂ, ਰਾਮਾ ਤੋਰੀ, ਦਾਲਾਂ ਇਸ ਖਿੱਤੇ ਦੇ ਲੋਕ ਆਪਣੇ ਗੁਜ਼ਾਰੇ ਜੋਗੇ ਮੁੱਢ ਕਦੀਮੋਂ ਹੀ ਬੀਜਦੇ ਵਰਤਦੇ ਆ ਰਹੇ ਹਨ। ਜੇਕਰ ਕੁਦਰਤ ਵਾਂਗ ਸਰਕਾਰਾਂ ਵੀ ਇਸ ਖਿੱਤੇ ‘ਤੇ ਮਿਹਰਬਾਨ ਹੋ ਜਾਣ ਤਾਂ ਇਸ ਇਲਾਕੇ ਤੋਂ ਪ੍ਰਤੀ ਏਕੜ ਫਸਲ ਦੀ ਉਪਜ ਬਾਕੀ ਪੰਜਾਬ ਦੇ ਸਾਰੇ ਖੇਤਰਾਂ ਨਾਲੋਂ ਡੇਢ ਗੁਣਾ ਹੋ ਸਕਦੀ ਹੈ।

ਫਸਲਾਂ ਦਾ ਉਜਾੜਾ ਤੇ ਸਿੰਚਾਈ ਸਹੂਲਤਾਂ ਦੀ ਘਾਟ
PunjabKesariਇਲਾਕੇ ਬੀਤ ਦੇ ਲੋਕ ਜ਼ਿਆਦਾ ਕਰ ਕੇ ਨੀਮ ਫੌਜੀ ਦਲਾਂ ਅਤੇ ਡਰਾਈਵਰੀ, ਪੱਲੇਦਾਰ ਜਾਂ ਬਾਹਰ ਜਾ ਕੇ ਲੇਬਰ ਕਰਦੇ ਹਨ। ਜੇਕਰ ਸਰਕਾਰ ਇਨ੍ਹਾਂ ਨੂੰ ਫਸਲਾਂ ਦਾ ਮੁਆਵਜ਼ਾ ਜਾਂ ਬੀਜ ਦੇ ਕੇ ਨਾਲ ਹੀ ਕੰਡਿਆਲੀ ਤਾਰ ਫਸਲਾਂ ਦੀ ਰੱਖਿਆ ਲਈ ਮੁਹੱਈਆ ਕਰਵਾਵੇ ਤਾਂ ਹਜ਼ਾਰਾਂ ਪਰਿਵਾਰਾਂ ਦੇ ਰੋਜ਼ਗਾਰ ਦਾ ਵਸੀਲਾ ਬੀਤ ਇਲਾਕੇ ਦੀ ਭੂਮੀ ਵਿਖੇ ਹੋ ਜਾਵੇਗਾ। ਉਸ ਦੇ ਨਾਲ-ਨਾਲ ਪੰਜਾਬ ਨੂੰ ਦੇਸੀ ਮੱਕੀ, ਦੇਸੀ ਕਮਾਦ ਦਾ ਗੁੜ, ਸ਼ੱਕਰ, ਛੋਲੇ, ਦਾਲਾਂ ਸਸਤੇ ਭਾਅ ‘ਤੇ ਮਿਲ ਸਕਦੀਆਂ ਹਨ। ਬਸ਼ਰਤੇ ਬੀਤ ਨੂੰ ਖੇਤੀ ਦੀ ਮੰਡੀ ਵਜੋਂ ਵਿਕਸਿਤ ਕੀਤਾ ਜਾਵੇ। ਇਥੋਂ ਦੀ ਮੱਕੀ ਬਾਕੀ ਇਲਾਕਿਆਂ ਦੀ ਮੱਕੀ ਨਾਲੋਂ ਸਵਾਦ ਤੇ 25 ਰੁਪਏ ਤਕ ਵਿਕਦੀ ਹੈ।

ਧੁੱਪ ਸੇਕਣ ਵਾਲਿਆਂ ਦਾ ਲੱਗਾ ਤਾਂਤਾ
PunjabKesari
ਅੱਜਕਲ ਬੀਤ ਵਿਚ ਲੋਕਾਂ ਦਾ ਧੁੱਪ ਸੇਕਣ ਲਈ ਤਾਂਤਾ ਲੱਗਿਆ ਰਹਿੰਦਾ ਹੈ। ਹੋਰ ਤਾਂ ਹੋਰ ਇਸ ਖਿੱਤੇ ਵਿਚ ਗਰਮੀਆਂ ਦੇ ਸਮੇਂ ਮੀਂਹ ਵੀ ਜ਼ਿਆਦਾ ਪੈਂਦਾ ਹੈ ਤੇ ਗਰਮੀ ਵੀ ਘੱਟ ਪੈਂਦੀ ਹੈ। ਅੱਜਕਲ ਸਰਦੀਆਂ ਵਿਚ ਜੇਕਰ ਇਸ ਇਲਾਕੇ ਨੂੰ ਸਰਕਾਰ ਸੈਰ-ਸਪਾਟੇ ਵਾਲੀ ਥਾਂ ਵਜੋਂ ਵਿਕਸਿਤ ਕਰ ਦੇਵੇ ਤਾਂ ਲੋਕ ਇਸ ਖਿੱਤੇ ਨੂੰ ਧੁੱਪ ਦੇ ਨਜ਼ਾਰੇ ਲੈਣ ਲਈ ਆਪਣੇ ਧੁੰਦ ਵਾਲੇ ਖੇਤਰਾਂ ਨੂੰ ਛੱਡ ਕੇ ਆਉਣਾ ਸ਼ੁਰੂ ਕਰ ਦੇਣਗੇ। ਬੀਤ ਬਾਰੇ ਆਮ ਕਹਾਵਤ ਹੈ ਕਿ ਮਿੱਤਰਾਂ ਦੇ ਪਿੰਡ ਆ ਕੇ ਧੁੱਪ ਸੇਕ ਲੈ। ਅੱਜਕਲ ਹਾਲਾਤ ਇਹ ਹਨ ਕਿ ਬੀਤ ਦੇ ਨੇੜੇ ਦੇ ਪਿੰਡਾਂ ਦੇ ਲੋਕ ਆਪਣੇ ਬੱਚਿਆਂ ਸਮੇਤ ਕੱਪੜੇ ਧੋਣ-ਸਕਾਉਣ ਲਈ ਬੀਤ ਵੱਲ ਰੋਜ਼ਾਨਾ ਆਮ ਜਾਂਦੇ ਦੇਖੇ ਜਾ ਸਕਦੇ ਹਨ। ਇਸ ਇਲਾਕੇ ਦੀ ਬਣੀ ਸ਼ੱਕਰ ਅਤੇ ਗੁੜ 100 ਰੁਪਏ ਕਿਲੋ ਦੇ ਹਿਸਾਬ ਨਾਲ ਵੀ ਲੋਕਾਂ ਨੂੰ ਨਹੀਂ ਮਿਲ ਰਿਹਾ, ਜਿਸ ਦਾ ਕਾਰਨ ਕਮਾਦ ਦੀ ਗੁਣਵੱਤਾ ਅਤੇ ਦੇਸੀ ਖਾਦਾਂ ਨਾਲ ਤਿਆਰ ਹੋਣਾ ਹੈ।

ਖੁਦਕੁਸ਼ੀਆਂ ਤੋਂ ਕੋਹਾਂ ਦੂਰ
ਜ਼ਿਕਰਯੋਗ ਹੈ ਕਿ ਬੀਤ ਇਲਾਕੇ ਦੇ ਪਿੰਡਾਂ ਦੇ ਲੋਕ ਕਨਾਲਾਂ ਤੇ ਮਰਲਿਆਂ ਦੇ ਮਾਲਕ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਤਰ੍ਹਾਂ ਛੋਟੀ ਕਿਰਸਾਨੀ ‘ਤੇ ਨਿਰਭਰ ਹੋਣ ‘ਤੇ ਅੱਤ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਸਬਰ ਸੰਤੋਖ ਵਾਲਾ ਜੀਵਨ ਬਸਰ ਕਰ ਰਹੇ ਹਨ। ਇਨ੍ਹਾਂ ਦਾ ਇਕ ਰਿਕਾਰਡ ਹੈ ਕਿ ਭਾਵੇਂ ਸਰਕਾਰਾਂ ਵੱਲੋਂ ਕੋਈ ਵੀ ਮਾਲੀ ਮਦਦ ਨਹੀਂ ਪਰ ਫਿਰ ਵੀ ਕਈ ਵਾਰ ਵਾਤਾਵਰਣ ਦੇ ਬਦਲਵੇਂ ਦੁਖਾਂਤ ਕਾਰਨ ਫਸਲਾਂ ਤੋਂ ਹੱਥ ਧੋਣ ਵਾਲੇ ਕਿਸਾਨਾਂ ਨੇ ਖੁਦਕੁਸ਼ੀਆਂ ਕਰਨ ਬਾਰੇ ਕਦੇ ਸੋਚਿਆ ਤੱਕ ਵੀ ਨਹੀਂ, ਜੋ ਕਿ ਇਨ੍ਹਾਂ ਦੀ ਉਸਾਰੂ ਸੋਚ ਦਾ ਪ੍ਰਤੀਕ ਹੈ।

ਸੈਲਾਨੀ ਸੈਰਗਾਹ ਬਣਨ ਦੀ ਸਮਰੱਥਾ
ਬੀਤ ਦੇ ਕੋਟ ਮੈਰਾ ਤੋਂ ਮਹਿੰਦਵਾਣੀ, ਕਾਲੇਵਾਲ ਬੀਤ, ਹੈਬੋਵਾਲ, ਨੈਣਵਾ ਆਦਿ ਪਿੰਡਾਂ ਦੀ ਭੂਗੋਲਿਕ ਸਥਿਤੀ ਸੈਲਾਨੀਆਂ ਲਈ ਖਿੱਚ ਦੇ ਕੇਂਦਰ ਵਜੋਂ ਵੀ ਵਿਕਸਿਤ ਹੋ ਸਕਦੀ ਹੈ ਪਰ ਕਾਮਰੇਡਾਂ ਦੇ ਸੰਘਰਸ਼ਾਂ, ਬੀਤ ਭਲਾਈ ਕਮੇਟੀ ਦੇ ਯਤਨਾਂ, ਮਹਾਰਾਜ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ ਗਰੀਬਦਾਸੀ ਸੰਪ੍ਰਦਾਇ ਦੇ ਟਰੱਸਟਾਂ ਦੇ ਮੋਢੀ ਬ੍ਰਹਮਲੀਨ ਮਹਾਰਾਜ ਬ੍ਰਹਮਾ ਨੰਦ ਭੂਰੀਵਾਲਿਆਂ (ਦੂਸਰੇ ਗੱਦੀਨਸ਼ੀਨ) ਅਤੇ ਵਰਤਮਾਨ ਵਿਚ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਭੂਰੀਵਾਲਿਆਂ ਤੋਂ ਸਿਵਾਏ ਕਿਸੇ ਵੀ ਰਾਜਨੀਤਕ ਪਾਰਟੀ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਦਾ ਬਣਦਾ ਯਤਨ ਨਹੀਂ ਕੀਤਾ। ਬਸ ਇਸ ਇਲਾਕੇ ਦੇ ਲੋਕਾਂ ਦੀਆਂ ਰੋਜ਼ਾਨਾ ਦੀਆਂ ਤੰਗੀਆਂ ਤੁਰਸ਼ੀਆਂ ਤੇ ਦੁਖਾਂਤ ਨੂੰ ਵੇਖ ਕੇ ਇਹ ਕਹਿ ਕੇ ਲੋਕਾਂ ਨੂੰ ਸਬਰ ਕਰਨਾ ਪੈਂਦਾ ਹੈ ਕਿ ਕੁਦਰਤ ਤਾਂ ਮਿਹਰਬਾਨ ਹੈ ਪਰ ਸਰਕਾਰਾਂ ਇਸ ਖਿੱਤੇ ‘ਤੇ ਬੇਈਮਾਨ ਹਨ।

ਬਿਨਾਂ ਸਟੇਡੀਅਮ ਦੇ ਵੀ ਆਮ ਦਿਖਦੇ ਹਨ ਵਾਲੀਬਾਲ ਖੇਡਦੇ ਨੌਜਵਾਨPunjabKesari
ਇਸ ਇਲਾਕੇ ਵਿਚ ਕੋਈ ਸਰਕਾਰੀ ਸਟੇਡੀਅਮ ਜਾਂ ਖੇਡ ਮੈਦਾਨ ਨਹੀਂ ਹੈ ਪਰ ਕਿਸਾਨਾਂ ਦੇ ਧੀ-ਪੁੱਤ ਰੋਜ਼ਾਨਾ ਵਾਲੀਬਾਲ ਖੇਡਦੇ ਆਮ ਹੀ ਪਿੰਡਾਂ ਵਿਚ ਦੇਖੇ ਜਾ ਸਕਦੇ ਹਨ। ਅੱਜਕੱਲ ਤੇਜ਼ ਧੁੱਪ ਦੌਰਾਨ ਖੇਡ ਮੈਦਾਨਾਂ ਵਿਚ ਨਿੱਕਰਾਂ-ਬੁਨੈਣਾਂ ਪਾਈ ਖੇਡਦੇ ਨੌਜਵਾਨ ਪੰਜਾਬ ਦੇ ਠੰਡ ਦੇ ਮਾਰੇ ਇਲਾਕੇ ਦੇ ਵਸਨੀਕ ਨਹੀਂ, ਸਗੋਂ ਕਿਸੇ ਸਮੁੰਦਰੀ ਕੰਢੇ ਦੇ ਵਸਨੀਕ ਜਾਪਦੇ ਹਨ।

error: Content is protected !!