ਕੱਲ ਬੁਢਲਾਡੇ ਤੋਂ ਚੰਡੀਗੜ੍ਹ ਦੇ ਮੇਰੇ ਬੱਸ ਸਫ਼ਰ ਦੌਰਾਨ ਇੱਕ ਅਜੇਹਾ ਹਾਦਸਾ ਹੋਇਆ ਕਿ ਰੌਂਗਟੇ ਖੜੇ ਹੋ ਗਏ। ਸੁਨਾਮ ITI ਤੋਂ ਇਕ 60-65 ਕੁ ਸਾਲਾਂ ਦੀ ਬਜ਼ੁਰਗ ਮਾਤਾ ਮੈਲੇ ਕੁਚੈਲੇ ਜਿਹੇ ਕਪੜਿਆਂ ਵਿੱਚ ਹੱਥ ਚ ਝੋਲਾ ਫੜੀ ਬੱਸ ਵਿੱਚ ਚੜ੍ਹ ਗਈ। ਹਾਲਾਂਕਿ ਬੱਸ ਵਿੱਚ ਕਈ ਸੀਟਾਂ ਖ਼ਾਲੀ ਸਨ, ਪਰ ਕੋਈ ਵੀ ਸੱਜਣ ਇਸ ਮਾਤਾ ਨੂੰ ਆਪਣੇ ਨਾਲ ਬਿਠਾਉਣ ਲਈ ਰਾਜ਼ੀ ਨਹੀਂ ਸੀ ਹੋ ਰਿਹਾ। ਮੈਂ 5ਵੀ ਕਤਾਰ ਚ ਪਿੱਛੇ ਬੈਠੇ ਨੇ ਮਾਤਾ ਜੀ ਨੂੰ ਆਵਾਜ਼ ਕੀ ਮਾਰੀ, ਮੇਰੇ ਨਾਲ ਭੀਖੀ ਤੋਂ ਬੈਠੀ ਕੰਨਿਆ ਮੇਰੇ ਵੱਲ ਕੌੜ ਕੌੜ ਦੇਖਣ ਲੱਗ ਪਈ।
ਕਸੂਰ ਉਸਦਾ ਵੀ ਨਹੀਂ ਸੀ, ਮੈਂ ਤਿੰਨ ਸੀਟਾਂ ਵਾਲੀ ਕਤਾਰ ਵਿੱਚ ਸ਼ੀਸ਼ੇ ਵੱਲ ਜੋ ਬੈਠਾ ਸੀ ਤੇ ਉਸਦਾ ਡਰ ਸੀ ਕਿ ਮੈਂ ਉਸ ਬਜ਼ੁਰਗ ਔਰਤ ਨੂੰ ਹੁਣ ਉਸ ਨਾਲ ਬਿਠਾ ਦੇਵਾਂਗਾ। ਖ਼ੈਰ..ਮੈਂ ਬਜ਼ੁਰਗ ਮਾਤਾ ਨੂੰ ਸੀਟ ਤੇ ਬੈਠਾ ਕੇ ਖ਼ੁਦ ਵਿਚਕਾਰ ਬੈਠ ਗਿਆ। ਮਾਤਾ ਜੀ ਦਾ ਪਹਿਲਾ ਸ਼ਬਦ ਸੀ “ਜਿਉਂਦਾ ਰਹਿ ਪੁੱਤ” ਤੇ ਨਾਲ ਹੀ ਮੈਨੂੰ ਉਸਦੀਆਂ ਅੱਖਾਂ ਵਿੱਚ ਨਮੀ ਮਹਿਸੂਸ ਹੋਈ। ਸੁਭਾਵਿਕ ਹੀ ਮੈਂ ਪੁੱਛ ਬੈਠਾ ਕਿ ਮਾਤਾ ਜੀ ਕਿੱਥੇ ਜਾਣਾ!!
“ਪੁੱਤ ਕੁੜੀ ਕੋਲ ਚੱਲੀ ਆਂ ਪਟੇਆਲੇ, ਦੋਹਤੇ ਦੋਹਤੀਆਂ ਨੂੰ ਮਿਲ ਆਊਂਗੀ ਨਾਲੇ ਕਿਰਾਇਆ ਲੈ ਆਉਂ।”
ਥੋੜਾ ਜਗਿਆਸਾ ਵਾਲਾ ਸੁਭਾਅ ਹੋਣ ਕਰਕੇ ਮੈਂ ਪੁੱਛ ਬੈਠਾ ਕਿ ਕਿਰਾਇਆ ਕੁੜੀ ਤੋਂ ਲੈਣ ਦਾ ਮਤਲਵ ਕੋਈ ਮੁੰਡਾ ਨਹੀਂ ਤੁਹਾਡਾ?
ਉਸਦਾ ਜਵਾਵ ਸੁਣ ਮੇਰੇ ਰੌਂਗਟੇ ਖੜ੍ਹਾ ਹੋਣਾ ਸੁਭਾਵਿਕ ਸੀ। ਉਸਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਤੇ ਇਕ ਮੁੰਡਾ ਹੈ, ਤਿੰਨੇ ਵਿਆਹੇ ਹਨ। ਤੇ ਕਿਰਾਇਆ ਵੀ ਮੁੰਡੇ ਨੂੰ ਈ ਦੇਣਾ ਪੈਂਦਾ ਉਸਦੇ ਨਾਲ ਘਰ ਵਿੱਚ ਰਹਿਣ ਲਈ।
ਵੱਡੀ ਕੁੜੀ ਪ੍ਰਾਹੁਣੇ ਤੋਂ ਚੋਰਿਓਂ ਮੈਨੂੰ 2000 ਰੁਪਏ ਦਿੰਦੀ ਆ ਤੇ ਫ਼ੇਰ ਮੈਨੂੰ ਮੇਰਾ ਮੁੰਡਾ ਰੋਟੀ ਦਿੰਦਾ। ਗੱਲ ਅਜੇ ਏਨੀ ਹੀ ਹੋਈ ਸੀ ਤੇ ਕੰਡਕਟਰ ਨੇ ਟਿਕਟ ਵਯੀ ਟਿਕਟ ਦਾ ਹੋਕਾ ਮਾਰ ਦਿੱਤਾ। ਉਸ ਬਜ਼ੁਰਗ ਦੇ ਕੁਝ ਬੋਲਣ ਤੋਂ ਪਹਿਲਾਂ ਮੈਂ ਕੰਡਕਟਰ ਨੂੰ 100 ਦਾ ਨੋਟ ਕੱਢਕੇ 1 ਟਿਕਟ ਪਟਿਆਲੇ ਦੀ ਦੇਣ ਲਈ ਕਹਿ ਦਿੱਤਾ। ਤੇ ਮਾਤਾ ਨੂੰ ਪੁੱਛਿਆ ਕਿ ਅਜੇਹਾ ਕਿਉਂ ਹੋ ਰਿਹਾ ਤੁਹਾਡੇ ਨਾਲ ਜਦੋਂਕਿ ਉਹ ਤਾਂ ਤੁਹਾਡਾ ਆਪਣਾ ਪੁੱਤ ਹੈ?
ਉਸਨੇ ਦੱਸਿਆ ਕਿ ਪੁੱਤ ਕੁੜੀਆਂ ਮਗਰੋਂ ਸੁੱਖਾਂ ਸੁੱਖ ਸੁੱਖ ਮੰਗਿਆ ਸੀ, ਇਹਦੇ ਪਿਓ ਦੇ ਮੁੱਕ ਜਾਣ ਤੋਂ ਮਗਰੋਂ ਪੜ੍ਹਾ ਲਿਖਾ ਕੇ ਵੱਡਾ ਵੀ ਕੀਤਾ। ਮਾਸਟਰ ਵੀ ਲੱਗ ਗਿਆ ਤੇ ਨੂੰਹ ਵੀ ਮਸਟਰਨੀ ਮਿਲ ਗਈ। ਪਰ ਪੁੱਤ ਮੈਂ ਸਾਲ ਬਾਅਦ ਈ ਘਰ ਦੀ ਕਿਰਾਏਦਾਰ ਬਣ ਗਈ।
ਮੈਂ ਬੱਸ ਵਿੱਚ ਭੀਖੀ ਤੋਂ ਕਿਤਾਬ ਖੋਲ੍ਹ ਬੈਠਾ ਸੀ, ਇਹ ਸੋਚ ਕਿ ਚੰਡੀਗੜ੍ਹ ਜਾਂਦੇ ਜਾਂਦੇ ਮੁਕਾ ਦੇਣੀ ਆ, ਪਰ ਉਸ ਮਾਤਾ ਨਾਲ ਗੱਲਾਂ ਕਰਦੇ ਕਰਦੇ ਪਟਿਆਲਾ ਕਦੋਂ ਆ ਗਿਆ, ਪਤਾ ਈ ਨੀ ਲੱਗਾ। ਘਰੋਂ ਮੇਰੇ ਵੱਡੇ ਵੀਰ ਨੇ ਮੇਰੀ ਬੇਟੀ ਲਈ ਜੋ ਕੁਝ ਖਾਣ ਦੀਆਂ ਚੀਜ਼ਾਂ ਦੇ ਉਪਹਾਰ ਦੇਕੇ ਮੈਨੂੰ ਭੇਜਿਆ ਸੀ, ਓਹਨਾਂ ਵਿਚੋਂ ਅੱਧੀਆਂ ਕੁ ਮੈਂ ਮਾਤਾ ਜੀ ਦੇ ਝੋਲੇ ਵਿੱਚ ਜ਼ਬਰਦਸਤੀ ਇਹ ਕਹਿ ਪਾ ਦਿੱਤੀਆਂ ਕਿ ਦੋਹਤੇ ਦੋਹਤੀਆਂ ਨੇ ਖੁਸ਼ ਹੋ ਜਾਣਾ।
ਬੱਸ ਚੜਨ ਲੱਗੇ 4000 ਰੁਪਏ ਕਢਵਾਏ ਸਨ ATM ਚੋਂ। ਤਾਂ ਮੈਨੂੰ ਮਹਿਸੂਸ ਹੋਇਆ ਕਿ ਜ਼ਿਆਦਾ ਨਹੀਂ ਤਾਂ ਇੱਕ ਪੁੱਤ ਦੇ ਘੱਟੋ ਘੱਟ ਇੱਕ ਮਹੀਨੇ ਦਾ ਕਿਰਾਇਆ ਦੂਜ਼ੇ ਪੁੱਤ ਨੂੰ ਅਦਾ ਕਰ ਦੇਣਾ ਚਾਹੀਂਦਾ। ਉਸਦੇ ਨਾਂਹ ਨੁੱਕਰ ਕਰਦੇ ਵੀ ਮੈਂ 2000 ਦਾ ਨੋਟ ਉਸਨੂੰ ਬੱਸ ਚੋਂ ਉਤਰਨ ਲੱਗੇ ਫੜਾ ਦਿੱਤਾ।
ਮੇਰਾ ਮਨ ਬੜਾ ਖੁਸ਼ ਸੀ, ਇਸ ਲਈ ਨਹੀਂ ਕਿ ਮੈਂ ਉਸ ਮਾਤਾ ਦੀ ਮਦਦ ਕੀਤੀ, ਬਲਕਿ ਇਸ ਲਈ ਕਿ ਮੇਰੇ ਕੋਲ ਵੀ “ਧੀ” ਹੈ, ਤਾਂ ਮੈਨੂੰ ਕਿਸੇ ਗੱਲ ਦਾ ਫ਼ਿਕਰ ਨਹੀਂ। ਮੈਨੂੰ ਅਜੇ ਵੀ ਬੱਸ ਚ ਬੈਠੇ ਉਸਦੇ ਕੱਪੜਿਆਂ ਦੀ ਖੁਸ਼ਬੋ ਮਹਿਸੂਸ ਹੋ ਰਹੀ ਸੀ।
#save_girl
Mandeep sharma
ਪੋਸਟ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ