ਪਾਊਡਰ ਲਾਉਣ ਨਾਲ ਔਰਤ ਨੂੰ ਹੋਇਆ ਕੈਂਸਰ, ਜੌਹਨਸਨ ਨੂੰ 2669 ਕਰੋੜ ਰੁਪਏ ਜੁਰਮਾਨਾ

ਅਮਰੀਕਾ ਦੀ ਇਕ ਅਦਾਲਤ ਨੇ ਬਿਊਟੀ ਕੇਅਰ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਜੌਹਨਸਨ ਐਂਡ ਜੌਹਨਸਨ ਨੂੰ ਇਕ ਕਰਾਰਾ ਝਟਕਾ ਦਿੱਤਾ ਹੈ। ਅਦਾਲਤ ਨੇ ਇਕ ਔਰਤ ਦੀ ਪਟੀਸ਼ਨ ‘ਤੇ ਫੈਸਲਾ ਸੁਣਾਉਂਦਿਆਂ ਕੰਪਨੀ ਨੂੰ 417 ਮਿਲੀਅਨ ਡਾਲਰ ਯਾਨੀ 2669 ਕਰੋੜ ਦਾ ਜੁਰਮਾਨਾ ਠੋਕਿਆ ਹੈ। ਇਹ ਰਾਸ਼ੀ ਔਰਤ ਨੂੰ ਦੇਣ ਦਾ ਕੰਪਨੀ ਨੂੰ ਹੁਕਮ ਦਿੱਤਾ ਹੈ ਕਿਉਂਕਿ ਉਸ ਔਰਤ ਨੂੰ ਕੰਪਨੀ ਵੱਲੋਂ ਬਣਾਏ ਪਾਊਡਰ ਨਾਲ ਕੈਂਸਰ ਹੋ ਗਿਆ ਹੈ।


ਜਾਣਕਾਰੀ ਅਨੁਸਾਰ ਕੈਲੇਫੋਰਨੀਆ ਨਿਵਾਸੀ ਈਵਾ ਈਚਾਵੇਰਿਆ ਨੇ ਅਦਾਲਤ ‘ਚ ਮੁਕੱਦਮਾ ਦਰਜ ਕਰ ਕੇ ਜੌਹਨਸਨ ਐਂਡ ਜੌਹਨਸਨ ‘ਤੇ ਦੋਸ਼ ਲਾਇਆ ਕਿ ਕੰਪਨੀ ਆਪਣੇ ਗਾਹਕਾਂ ਨੂੰ ਪਾਊਡਰ ਨਾਲ ਹੋਣ ਵਾਲੇ ਸੰਭਾਵੀ ਕੈਂਸਰ ਦੀ ਜਾਣਕਾਰੀ ਦੇਣ ‘ਚ ਨਾਕਾਮ ਰਹੀ ਹੈ। ਈਵਾ ਨੇ ਕਿਹਾ ਕਿ ਉਸ ਨੇ 1950 ਤੋਂ 2016 ਤੱਕ ਕੰਪਨੀ ਦੇ ਬੇਬੀ ਪਾਊਡਰ ਵਰਤੇ। ਸਾਲ 2007 ‘ਚ ਉਸ ਨੂੰ ਬੱਚੇਦਾਨੀ ਦੇ ਕੈਂਸਰ ਦਾ ਪਤਾ ਲੱਗਾ।

ਉਸ ਨੇ ਅਦਾਲਤ ‘ਚ ਕਿਹਾ ਕਿ ਕੰਪਨੀ ਦੇ ਬੇਬੀ ਪਾਊਡਰ ਦੇ ਅੰਦਾਜ਼ਨ ਨਤੀਜਿਆਂ ਦੇ ਨੁਕਸਦਾਇਕ ਅਸਰ ਕਾਰਨ ਹੀ ਉਹ ਕੈਂਸਰ ਦੀ ਸ਼ਿਕਾਰ ਹੋਈ ਹੈ। ਅਮਰੀਕਾ ‘ਚ ਜੌਹਨਸਨ ਐਂਡ ਜੌਹਨਸਨ ਦੇ ਖਿਲਾਫ ਉਸ ਦੇ ਪਾਊਡਰ ‘ਚ ਸ਼ਿਕਾਇਤ ਦੇ 4 ਮਾਮਲੇ ਅਦਾਲਤਾਂ ‘ਚ ਚੱਲ ਰਹੇ ਹਨ। ਇਨ੍ਹਾਂ ਮਾਮਲਿਆਂ ‘ਚ ਕੰਪਨੀ ‘ਤੇ ਲਾਏ ਗਏ ਜੁਰਮਾਨੇ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਾਸ਼ੀ ਹੈ।


ਇਸ ਫੈਸਲੇ ਨਾਲ ਕੰਪਨੀ ਨੂੰ ਮਿਲੇਗਾ ਸਬਕ
ਈਵਾ ਦੇ ਵਕੀਲ ਮਾਰਕ ਰਾਬਿਨਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੁਅੱਕਲ ਹਸਪਤਾਲ ‘ਚ ਭਰਤੀ ਹੈ ਅਤੇ ਉਹ ਕੈਂਸਰ ਦੇ ਗੰਭੀਰ ਇਲਾਜ ਪ੍ਰਕਿਰਿਆ ‘ਚੋਂ ਲੰਘ ਰਹੀ ਹੈ। ਮਾਰਕ ਨੇ ਕਿਹਾ ਕਿ ਇਹ ਫੈਸਲਾ ਇਕ ਮੀਲ ਦਾ ਪੱਥਰ ਸਾਬਿਤ ਹੋਵੇਗਾ ਅਤੇ ਇਹ ਜੌਹਨਸਨ ਐਂਡ ਜੌਹਨਸਨ ਨੂੰ ਆਪਣੇ ਉਤਪਾਦਾਂ ‘ਤੇ ਹੋਰ ਜ਼ਿਆਦਾ ਚਿਤਾਵਨੀ ਦੇਣ ਦਾ ਸਬਕ ਦੇਵੇਗਾ। ਉਨ੍ਹਾਂ ਕਿਹਾ ਕਿ ਦਹਾਕਿਆਂ ਪੁਰਾਣੇ ਅੰਦਰੂਨੀ ਦਸਤਾਵੇਜ਼ਾਂ ਦੇ ਆਧਾਰ ‘ਤੇ ਅਦਾਲਤ ਨੇ ਮੰਨਿਆ ਕਿ ਜੌਹਨਸਨ ਐਂਡ ਜੌਹਨਸਨ ਆਪਣੇ ਬੇਬੀ ਪਾਊਡਰ ਨਾਲ ਹੋਣ ਵਾਲੇ ਕੈਂਸਰ ਦੇ ਸੰਭਾਵੀ ਖਤਰੇ ਤੋਂ ਭਲੀ-ਭਾਂਤ ਵਾਕਫ਼ ਸੀ।

error: Content is protected !!