ਨੇਪਾਲ ਜਹਾਜ਼ ਹਾਦਸਾ: ਜ਼ਿੰਦਾ ਬਚੇ ਯਾਤਰੀ ਨੇ ਦੱਸਿਆ— ਕਿਵੇਂ ਜਹਾਜ਼ ਹੋਇਆ ਹਾਦਸਾਗ੍ਰਸਤ

ਨੇਪਾਲ ਜਹਾਜ਼ ਹਾਦਸਾ: ਜ਼ਿੰਦਾ ਬਚੇ ਯਾਤਰੀ ਨੇ ਦੱਸਿਆ— ਕਿਵੇਂ ਜਹਾਜ਼ ਹੋਇਆ ਹਾਦਸਾਗ੍ਰਸਤ


ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਸਥਿਤ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ‘ਤੇ ਸੋਮਵਾਰ ਨੂੰ ਇਕ ਬੰਗਲਾਦੇਸ਼ ਦਾ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਇਸ ਹਾਦਸੇ ‘ਚ 50 ਯਾਤਰੀਆਂ ਦੀ ਮੌਤ ਹੋ ਗਈ। ਇਸ ਜਹਾਜ਼ ‘ਚ 67 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਨ, ਯਾਨੀ ਕਿ ਕੁੱਲ 71 ਲੋਕ ਸਵਾਰ ਸਨ। ਕਾਠਮੰਡੂ ਦੀ ਇਕ ਅਖਬਾਰ ਦੀ ਖਬਰ ਮੁਤਾਬਕ ਜਹਾਜ਼ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਲੜਖੜਾ ਗਿਆ ਅਤੇ ਇਸ ‘ਚ ਅੱਗ ਲੱਗ ਗਈ ਅਤੇ ਜਹਾਜ਼ ਹਵਾਈ ਅੱਡੇ ਕੋਲ ਇਕ ਫੁੱਟਬਾਲ ਮੈਦਾਨ ‘ਚ ਜਾ ਡਿੱਗਾ।

ਯਾਤਰੀ ਨੇ ਦੱਸਿਆ ਕੀ ਹੋਇਆ ਸੀ ਹਾਦਸੇ ਤੋਂ ਪਹਿਲਾਂ—
ਇਸ ਜਹਾਜ਼ ਹਾਦਸੇ ਵਿਚ ਜ਼ਿੰਦਾ ਬਚਾਏ ਗਏ ਇਕ ਯਾਤਰੀ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਲੈਂਡ ਹੁੰਦੇ ਹੀ ਜਹਾਜ਼ ਅਜੀਬ ਢੰਗ ਨਾਲ ਲੜਖੜਾਉਣ ਲੱਗਾ। ਯਾਤਰੀ ਨੇ ਦੱਸਿਆ ਕਿ ਉਸੇ ਦੌਰਾਨ ਜਹਾਜ਼ ਵਿਚ ਤੇਜ਼ ਧਮਾਕੇ ਦੀ ਆਵਾਜ਼ ਆਈ ਅਤੇ ਅੱਗ ਲੱਗ ਗਈ। ਯਾਤਰੀ ਦਾ ਨਾਂ ਬਸੰਤ ਵੋਹਰਾ ਹੈ, ਜੋ ਕਿ ਟ੍ਰੇਨਿੰਗ ਲਈ ਬੰਗਲਾਦੇਸ਼ ਗਏ ਸਨ। ਉਨ੍ਹਾਂ ਕਿਹਾ ਕਿ ਉਹ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਨ ਕਿ ਉਨ੍ਹਾਂ ਦੀ ਜਾਨ ਬਚ ਗਈ। ਯਾਤਰੀ ਦਾ ਇਲਾਜ ਹਸਪਤਾਲ ‘ਚ ਚਲ ਰਿਹਾ ਹੈ, ਜੋ ਕਿ ਹਵਾਈ ਅੱਡੇ ਦੇ ਨੇੜੇ ਹੈ। ਇਸ ਹਸਪਤਾਲ ‘ਚ ਉਨ੍ਹਾਂ ਸਾਰੇ ਯਾਤਰੀਆਂ ਨੂੰ ਲਿਆਂਦਾ ਗਿਆ ਹੈ, ਜੋ ਇਸ ਹਾਦਸੇ ਵਿਚ ਜ਼ਖਮੀ ਹੋਏ ਹਨ।
ਆਓ ਜਾਣਦੇ ਹਾਂ ਕੀ ਹੋਇਆ ਸੀ—
ਜਹਾਜ਼ ਢਾਕਾ (ਬੰਗਲਾਦੇਸ਼) ਤੋਂ ਕਾਠਮੰਡੂ ਆ ਰਿਹਾ ਸੀ। ਜਹਾਜ਼ ਨੇ ਢਾਕਾ ਤੋਂ ਉਡਾਣ ਭਰੀ ਸੀ ਅਤੇ ਇਹ ਦੁਪਹਿਰ 2 ਵਜ ਕੇ 20 ਮਿੰਟ ‘ਤੇ ਕਾਠਮੰਡੂ ਦੇ ਹਵਾਈ ਅੱਡੇ ਲੈਂਡ ਹੋਣ ਤੋ ਬਾਅਦ ਰਨ-ਵੇਅ ‘ਤੇ ਫਿਸਲ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ‘ਚ ਤੁਰੰਤ ਅੱਗ ਲੱਗ ਗਈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਹਾਜ਼ ਦੇ ਪਾਇਲਟ ਨੇ ਏ. ਟੀ. ਸੀ. ਦੇ ਹੁਕਮਾਂ ਦਾ ਪਾਲਣ ਨਹੀਂ ਕੀਤਾ, ਜੋ ਹਾਦਸੇ ਦੀ ਮੁੱਖ ਵਜ੍ਹਾ ਬਣਿਆ। ਜਹਾਜ਼ ਨੂੰ ਰਨ-ਵੇਅ ਦੇ ਦੱਖਣ ਵੱਲ ਉਤਰਨ ਦੀ ਆਗਿਆ ਦਿੱਤੀ ਗਈ ਸੀ ਪਰ ਉਹ ਉੱਤਰ ਵੱਲ ਉਤਰਿਆ। ਰਨਵੇਅ ‘ਤੇ ਉਤਰਨ ਦੀ ਕੋਸ਼ਿਸ਼ ਵਿਚ ਜਹਾਜ਼ ਨੇ ਕੰਟਰੋਲ ਗੁਆ ਦਿੱਤਾ। ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਡਾਇਰੈਕਟਰ ਜਨਰਲ ਸੰਜੀਵ ਗੌਤਮ ਨੇ ਕਿਹਾ ਕਿ ਅਸੀਂ ਜਹਾਜ਼ ਦੇ ਅਸਾਧਾਰਨ ਤਰੀਕੇ ਨਾਲ ਉਤਰਨ ਪਿਛੇ ਕਾਰਨ ਦਾ ਪਤਾ ਲਾ ਰਹੇ ਹਾਂ।

error: Content is protected !!