ਨਿਸ਼ਾਨ ਸਾਹਿਬ ਲੱਗਾ ਦੇਖ ਬੱਚਾ ਬੋਲਿਆ-ਮਾਂ ਓਥੇ ਸਾਨੂੰ ਰੋਟੀ ਮਿਲਜੂ

ਨਿਸ਼ਾਨ ਸਾਹਿਬ ਲੱਗਾ ਦੇਖ ਬੱਚਾ ਬੋਲਿਆ-ਮਾਂ ਓਥੇ ਸਾਨੂੰ ਰੋਟੀ ਮਿਲਜੂ

ਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਇਆ ਲੰਗਰ ਸੰਸਾਰ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ। ਇਹ ਲੰਗਰ ਜਿੱਥੇ ਮੁਸਾਫਰਾਂ ਤੇ ਲੋੜਵੰਦਾਂ ਦੀ ਭੁੱਖ ਦੂਰ ਕਰਦਾ ਹੈ, ਉੱਥੇ ਊਚ ਨੀਚ ਦੇ ਵਿਤਕਰੇ ਮਿਟਾਉਂਦਾ ਹੋਇਆ ਛੋਟੇ ਵੱਡੇ ਨੂੰ ਇੱਕ ਕਤਾਰ ਵਿੱਚ ਲਿਆ ਖੜੇ ਕਰਕੇ ਰਾਓ ਰੰਕ ਦੀਆਂ ਗਲਵੱਕੜੀਆਂ ਪੁਆ ਦਿੰਦਾ ਹੈ। ਖਾਸ ਗੱਲ ਇਹ ਕਿ ਇਹ ਲੰਗਰ ਉਹ ਅਦੁੱਤੀ ਸੰਸਥਾ ਹੈ ਜਿੱਥੇ ਇੱਕ ਲੋੜਵੰਦ ਤੇ ਭੁੱਖਾ ਬੰਦਾ, ਭਰਾਤਰੀ-ਭਾਵ ਵਾਲੇ ਜਜ਼ਬੇ ਨਾਲ ਛਕਾਇਆ ਲੰਗਰ ਮਾਣ ਤੇ ਸ਼ਾਨ ਨਾਲ ਛਕ ਸਕਦਾ ਹੈ।

ਚਾਰ ਉਦਾਸੀਆਂ (24 ਸਾਲ ਦੀ ਪੈਦਲ ਯਾਤਰਾ) ਮਗਰੋਂ ਜਦੋਂ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਆ ਕੇ ਰਹੇ ਤਾਂ ਸ਼ਰਧਾਲੂ ਆਪ ਦੇ ਦਰਸ਼ਨਾਂ ਲਈ ਆਉਣ ਲੱਗੇ। ਸ਼ਰਧਾਲੂਆਂ ਦੀਆਂ ਲੋੜਾਂ ਨੂੰ ਮਹਿਸੂਸ ਕਰਦਿਆਂ ਉਨ੍ਹਾਂ ਦੇ ਖਾਣ ਅਤੇ ਠਹਿਰਨ ਦਾ ਪ੍ਰਬੰਧ ਕੀਤਾ ਜਾਣ ਲੱਗਿਆ। ਇਹੀ ਲੰਗਰ ਦੀ ਸ਼ੁਰੂਆਤ ਸੀ। ਗੁਰੂ ਨਾਨਕ ਦੇਵ ਜੀ ਖੁਦ ਖੇਤੀ ਕਰਦੇ ਸਨ ਤੇ ਖੇਤੀ ਦੀ ਉਪਜ ਲੰਗਰ ‘ਚ ਪਾ ਦਿੱਤੀ ਜਾਂਦੀ ਸੀ।ਲੋਕ ਅਤੇ ਸ਼ਰਧਾਲੂ ਵੀ ਆਪਣੀ ਸਮਰੱਥਾ ਅਨੁਸਾਰ ਆਪਣੀ ਨੇਕ ਕਮਾਈ ਵਿਚੋਂ ਲੰਗਰ ‘ਚ ਹਿੱਸਾ ਪਾਉਣ ਲੱਗੇ। ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਂਦਾ ਕਿ ਲੋੜਵੰਦ ਹੀ ਲੰਗਰ ਦਾ ਫਾਇਦਾ ਉਠਾਉਣ। ਧਰਮ ਦੀ ਕਿਰਤ ਕਰਨੀ ਅਤੇ ਉਸ ਵਿਚੋਂ ਦਸਵੰਧ ਦਾਨ ਕਰਨਾ ਹੀ ਲੰਗਰ ਦੀ ਬੁਨਿਆਦ ਹੈ ਅਤੇ ਇਹੀ ਗੁਰੂ ਸਾਹਿਬਾਨ ਦਾ ਹੁਕਮ ਵੀ ਹੈ। ਰਿਸ਼ਵਤ ਅਤੇ ਕਾਲੇ ਧਨ ਦਾ ਕੀਤਾ ਦਾਨ ਸਾਰਥਕ ਨਹੀਂ ਹੈ।ਦਾਨ ਤਾਂ ਘਾਲਿ ਕਮਾਈ ਦਾ ਹੀ ਲੇਖੇ ਲੱਗਦਾ ਹੈ। ਗੁਰੂ ਅੰਗਦ ਦੇਵ ਵਲੋਂ ਅੰਨ-ਪਾਣੀ ਦੇ ਲੰਗਰ ਦੇ ਨਾਲ ਸ਼ਬਦ ਦਾ ਲੰਗਰ ਵੀ ਸ਼ੁਰੂ ਕੀਤਾ ਗਿਆ। ਗੁਰੂ ਅਮਰਦਾਸ ਨੇ ਜਾਤ-ਪਾਤ ਦਾ ਭੇਦ ਮਿਟਾਉਣ ਅਤੇ ਬਰਾਬਰੀ ਦਾ ਸੰਦੇਸ਼ ਦੇਣ ਦੀ ਖਾਤਰ ਹੀ ਪਹਿਲਾਂ ਪੰਗਤ ਫਿਰ ਸੰਗਤ ਦਾ ਹੁਕਮ ਕੀਤਾ ਸੀ। ਬਾਦਸ਼ਾਹ ਅਕਬਰ ਵੀ ਜਦੋਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ ਤਾਂ ਉਸ ਨੂੰ ਵੀ ਲੰਗਰ ਛਕਣ ਪਿੱਛੋਂ ਹੀ ਦਰਸ਼ਨ ਦਿੱਤੇ। ਅਕਬਰ ਨੇ ਬਾਰਾਂ ਪਿੰਡਾਂ ਦਾ ਪੱਟਾ ਲੰਗਰ ਲਈ ਭੇਟ ਕੀਤਾ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਲੰਗਰ ਤਾਂ ਲੋਕਾਂ ਦੀ ਨੇਕ ਅਤੇ ਧਰਮ ਦੀ ਕਮਾਈ ਨਾਲ ਹੀ ਚੱਲਣਾ ਚਾਹੀਦਾ ਹੈ। ਉਨ੍ਹਾਂ ਅਕਬਰ ਦੀ ਭੇਟਾ ਸਵੀਕਾਰ ਨਾ ਕੀਤੀ। ਗੁਰੂ ਰਾਮਦਾਸ ਸਾਹਿਬ ਦੇ ਸਮੇਂ ਅਨਾਥਾਂ ਅਤੇ ਕਾਰ ਸੇਵਕਾਂ ਲਈ ਲੰਗਰ ਇਕ ਸਹਾਰਾ ਬਣਿਆ।

error: Content is protected !!