ਧੁੰਦ ‘ਚ ਹਾਦਸਾ, ਤਿੰਨ ਬੱਚਿਆਂ ਦੀ ਮੌਤ ਅਤੇ …

ਚੰਡੀਗੜ੍ਹ : ਧੁੰਦ ਪੰਜਾਬ ਵਿੱਚ ਕਹਿਰ ਬਣ ਕੇ ਆਈ ਹੈ। ਹਰ ਦਿਨ ਹਾਦਸਾ ਹੋ ਰਿਹਾ ਹੈ। ਬੀਤੇ ਦਿਨ ਧੁੰਦ ਕਾਰਨ ਸੰਗਰੂਰ ਤੇ ਪਟਿਆਲ ਜ਼ਿਲ੍ਹੇ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਘਰਾਂ ਦੇ ਚਿਰਾਗ ਬੁੱਝ ਗਏ ਹਨ।

ਜਾਣਕਾਰੀ ਅਨੁਸਾਰ ਪਹਿਲੇ ਹਾਦਸੇ ਵਿੱਚ ਪਿੰਡ ਮਾਜਰੀ ਦੇ ਦੋ ਨੌਜਵਾਨ ਅਹਿਮਦਗੜ੍ਹ ਤੋਂ ਵਾਪਿਸ ਪਿੰਡ ਜਾ ਰਹੇ ਸਨ ਕਿ ਸੰਘਣੀ ਧੁੰਦ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਮਹਿਤਾਬ ਪੈਲੇਸ ਨੇੜੇ ਸਾਹਮਣੇ ਤੋਂ ਆ ਰਹੀ ਇੱਕ ਕਾਲਜ ਬੱਸ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਗੁਰਵਿੰਦਰ ਸਿੰਘ (19) ਪੁੱਤਰ ਗੁਰਦਾਸ ਸਿੰਘ ਤੇ ਜਗਰਾਜ ਸਿੰਘ (17) ਪੁੱਤਰ ਗੁਰਮੁੱਖ ਸਿੰਘ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਪਰਿਵਾਰ ਦੇ ਇਕਲੌਤੇ ਪੁੱਤਰ ਸੀ। ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ।

88-768x355

ਇਸੇ ਤਰ੍ਹਾਂ ਨਾਭਾ ਵਿੱਚ ਸੰਘਣੀ ਧੁੰਦ ਕਾਰਨ ਮੋਟਰਸਾਈਕਲ ਅਤੇ ਸਕੂਲ ਵੈਨ ਵਿਚਾਲੇ ਹੋਈ ਟੱਕਰ ਵਿੱਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਜਦੋਂ ਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਡੀ.ਏ.ਵੀ. ਸਕੂਲ ਦੇ ਬਾਰ੍ਹਵੀਂ ਕਲਾਸ ਦੇ ਤਿੰਨ ਵਿਦਿਆਰਥੀ ਮੋਟਰਸਾਈਕਲ ’ਤੇ ਪਿੰਡ ਕੈਦੂਪੁਰ ਤੋਂ ਆ ਰਹੇ ਸੀ ਕਿ ਰਾਹ ਵਿੱਚ ਸਕੂਲ ਵੈਨ ਨਾਲ ਉਨ੍ਹਾਂ ਦੀ ਟੱਕਰ ਹੋ ਗਈ।

ਇਸ ਹਾਦਸੇ ਵਿੱਚ ਤਿੰਨੋਂ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਜਗਦੀਪ ਸਿੰਘ ਦੀ ਹਸਪਤਾਲ ਲਿਜਾਂਦਿਆਂ ਰਾਹ ਵਿੱਚ ਹੀ ਮੌਤ ਹੋ ਗਈ, ਜਦੋਂ ਕਿ ਭਵਨਦੀਪ ਸਿੰਘ ਤੇ ਰਮਨਦੀਪ ਸਿੰਘ ਨੂੰ ਗੰਭੀਰ ਜ਼ਖ਼ਮੀ ਹੋਣ ਕਾਰਨ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ ਹੈ। ਜਗਦੀਪ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ।

error: Content is protected !!