ਸੱਤ ਸਮੁੰਦਰੋਂ ਪਾਰ ਲੰਘੀ ਪਹਿਲੀ ਰਾਤ ਤੇ ਫੇਰ ਚੜਿਆ ਅਗਲੀ ਸੁਵੇਰ ਦਾ ਪਹਿਲਾ ਸੂਰਜ। ਮੂੰਹ ਦਿਖਾਈ ਦੀ ਰਸਮ ਦੀਆਂ ਸਾਰੀਆਂ ਤਿਆਰੀਆਂ ਹੋ ਚੁਕੀਆਂ ਸਨ।
ਅਚਾਨਕ ਛੋਟੀ ਨਨਾਣ ਦਾ ਬਿਨਾ ਬੂਹਾ ਖੜਕਾਏ ਅੰਦਰ ਆ ਰੁਖੀ ਅਵਾਜ ਵਿਚ “ਛੇਤੀ ਤਿਆਰ ਹੋ ਕੇ ਥੱਲੇ ਆਉਣ ਦਾ” ਸੁਣਾਇਆ ਫੁਰਮਾਨ ਉਸਦੀ ਬਾਕੀ ਬਚੀ ਜਾਨ ਜਿਹੀ ਵੀ ਕੱਢ ਕੇ ਲੈ ਗਿਆ।
ਬੌਂਦਲੀ ਹੋਈ ਨੇ ਹੌਲੀ ਜਿਹੀ ਉੱਠ ਵਾਸ਼ਰੂਮ ਵਿਚ ਜਾ ਪਾਣੀ ਦੀ ਟੂਟੀ ਖੋਲ ਦਿੱਤੀ। ਸ਼ੀਸ਼ੇ ਵਿਚ ਕੰਨ ਦੇ ਥੱਲੇ ਪਏ ਤਾਜੇ ਕਾਲੇ ਨਿਸ਼ਾਨ ਦੇਖ ਨਿੱਕੇ ਹੁੰਦਿਆਂ ਟੀਚਰ ਵੱਲੋਂ “ਗੱਲ਼” ਤੇ ਮਾਰੀ ਹਲਕੀ ਜਿਹੀ ਚਪੇੜ ਯਾਦ ਆ ਗਈ। ਨਾਲ ਹੀ ਲਗਾਤਾਰ ਤਿੰਨ ਦਿਨ ਸਕੂਲ ਜਾ ਟੀਚਰ ਨਾਲ ਲੜਦਾ ਡੈਡ ਚੇਤੇ ਆ ਗਿਆ। ਉਸਨੂੰ ਡੈਡ ਦੀ ਕਹੀ ਗੱਲ ਅਜੇ ਵੀ ਚੰਗੀ ਤਰਾਂ ਯਾਦ ਸੀ ਕੇ “ਥੋੜੀ ਹਿੰਮਤ ਕਿਦਾਂ ਪਈ ਮੇਰੇ ਮਿੱਠੇ “ਮਖਾਣੇ”ਨੂੰ ਹੱਥ ਲਾਉਣ ਦੀ।”
ਸੂਟ ਲਾਹ ਕੇ ਸਰੀਰ ਤੇ ਪਏ ਕਾਲੇ ਨੀਲੇ ਧੱਬਿਆਂ ਵੱਲ ਦੇਖ ਸੋਚਣ ਲੱਗੀ ਕੇ ਏਡੀ ਭਿਆਨਕ ਹੁੰਦੀ ਹੈ ਸੱਤ ਸਮੁੰਦਰੋਂ ਕੱਟੀ ਪਹਿਲੀ ਰਾਤ ?
ਫੇਰ ਮੇਂਹਦੀ ਲੱਗੇ ਹੱਥਾਂ ਨਾਲ ਮੂੰਹ ਢੱਕਦਿਆਂ ਹੀ ਨਿੱਕੇ ਹੁੰਦਿਆਂ ਬੁਖਾਰ ਨਾਲ ਤਪਦੇ ਮੱਥੇ ਤੇ ਸਾਰੀ ਰਾਤ ਪੱਟੀਆਂ ਰੱਖਦੀ ਮਾਂ ਦੇ ਨਰਮ ਨਰਮ ਪੋਟੇ ਯਾਦ ਆ ਗਏ।
ਹੰਜੂਆਂ ਦੀ ਨਦੀ ਵਗ ਤੁਰੀ ਤੇ ਤੇ ਮਨ ਹੀ ਮਨ ਰੱਬ ਨੂੰ ਉਲਾਹਮਾਂ ਦੇ ਮਾਰਿਆ ਕੇ ਦੇਖ ਲੈ “ਆਪਣੇ ਮਿੱਠੇ ਮਖਾਣੇ” ਦਾ ਹਾਲ। ਫੇਰ ਰਾਤੀਂ ਲੰਘੇ ਜਵਾਰਭਾਟੇ ਦੀ ਰੀਲ ਦਿਮਾਗ ਵਿਚ ਘੁੰਮਣੀ ਸ਼ੁਰੂ ਹੋ ਗਈ। ਕਿਥੋਂ ਕਿਥੋਂ ਨਹੀਂ ਸੀ ਨੋਚਿਆ ਉਸ ਸੁਪਨਿਆਂ ਦੇ ਸੌਦਾਗਰ ਨੇ। ਨਸ਼ੇ ਦੇ ਲੋਰ ਵਿਚ ਲੰਮੇ ਸਫ਼ਰ ਦੀ ਭੰਨੀ ਹੋਈ ਨੂੰ ਨਾਂਹ-ਨੁੱਕਰ ਕਰਦੇ ਹੋਇਆਂ ਵੀ ਮਾਸ ਖਾਣੇ ਭੁੱਖੇ ਭੇੜੀਏ ਵਾੰਗ ਬੁਰੀ ਤਰਾਂ ਨੋਚਦੇ ਹੋਏ ਦੇ ਮੂਹੋਂ ਬਾਰ ਬਾਰ ਹੁੰਦਾ ਕਿਸੇ “ਸੋਫੀਆ” ਨਾਮ ਦੀ ਕੁੜੀ ਦਾ ਜਿਕਰ ਉਸ ਲਈ ਕਿਸੇ ਅਸਮਾਨੋਂ ਡਿੱਗੀ ਬਿਜਲੀ ਤੋਂ ਘੱਟ ਨਹੀਂ ਸੀ।
ਕਿਹੋ ਜਿਹਾ ਅਜੀਬ ਮਾਹੌਲ ਸੀ, ਬੇਫਿਕਰੀ ਦੇ ਆਲਮ ਵਿਚ ਅੰਬਰੀ ਉਡਦੀੱ ਚੰਗੀ ਭਲੀ ਪਤਾ ਨੀ ਕਿੱਦਾਂ ਆਪਮੁਹਾਰੇ ਹੀ ਸੋਨੇ ਦੇ ਪਿੰਜਰੇ ਵਿਚ ਕੈਦ ਹੋ ਗਈ।
ਰਾਤੀਂ ਉਸਦੀਆਂ ਸਿਸਕੀਆਂ ਤੇ ਹੌਕੇ ਸੁਣ ਖੌਫਨਾਕ ਹਾਸਾ ਹੱਸਦਾ ਹੋਇਆ ਆਖਣ ਲੱਗਾ ਕੇ ” ਆਦਤ ਪਾਉਣੀ ਪੈਣੀ ਹੈ ਇਸ ਪੀੜ ਤੇ ਇਸ ਦਰਦ ਦੀ, ਮੇਰੇ ਕੋਲ ਤੈਨੂੰ ਦੇਣ ਲਈ ਇਹਨਾਂ “ਪੀੜਾਂ ਦੇ ਪਰਾਗਿਆਂ” ਤੋਂ ਇਲਾਵਾ ਹੋਰ ਕੁਝ ਹੈ ਵੀ ਤੇ ਨਹੀਂ। ਕਿਓੰਕੇ ਆਪਣੀਆਂ ਸਾਰੀਆਂ ਖੁਸ਼ੀਆਂ ਤੇ ਚਾਅ ਮੈਂ ਪਹਿਲਾਂ ਹੀ ਕਿਸੇ ਹੋਰ ਦੇ ਨਾਮ ਕਰ ਦਿੱਤੀਆਂ ਨੇ।
ਵੈਸੇ ਵੀ ਇਹ ਤੇਰੀ ਆਪਣੀ “ਚੋਇਸ ” ਸੀ ਤੈਨੂੰ ਯਾਦ ਹੈ ਮੰਗਣੀ ਵਾਲੇ ਦਿਨ ਚੁਬਾਰੇ ਤੇ ਕਲਿਆਂ ਖਲੋਤਿਆਂ ਮੈਂ ਤੈਨੂੰ ਸਭ ਕੁਝ ਸਾਫ ਸਾਫ ਦੱਸ ਦਿੱਤਾ ਸੀ ..ਤੂੰ ਉਸ ਵੇਲੇ ਨਾਂਹ ਕਰ ਸਕਦੀ ਸੀ ਪਰ ਸੱਤ ਸਮੁੰਦਰ ਪਾਰ ਆਉਣ ਦਾ ਚਾਅ ਤੇ ਇਥੇ ਤਿਲ -ਤਿਲ ਕਰ ਕੇ ਮਰਨਾ ਸ਼ਾਇਦ ਤੈਨੂੰ ਚੰਗਾ ਲੱਗਦਾ ਸੀ.. ਸੋ ਹੁਣ ਜੀ ਭਰ ਕੇ ਰੋ ਲਵੀਂ। ਆਈ ਐਮ ਸਾਰੀ ਕਿਓੰਕੇ ਮੈਂ ਮੁੱਕਦਰਾਂ ਦਾ ਹਾਰਿਆ ਹੋਇਆ ਉਹ ਸਿਕੰਦਰ ਹਾਂ ਜਿਹੜਾ ਆਪਣੀ ਜਿੱਤ ਪਹਿਲਾਂ ਹੀ ਕਿਸੇ ਹੋਰ ਦੇ ਨਾਮ ਕਰ ਚੁੱਕਾ ਹੈ ਤੇ ਇੱਕ ਗੱਲ ਹੋਰ ਅੱਜ ਤੋਂ ਬਾਅਦ ਜਦੋ ਵੀ ਤੂੰ ਮੇਰੇ ਮੱਥੇ ਲੱਗੇਗੀਂ ਤਾਂ ਤੇਰੇ ਇਸ ਸੋਹਣੇ ਮੁਖੜੇ ਵਿਚੋਂ ਮੈਨੂੰ ਸਿਰਫ ਤੇ ਸਿਰਫ ਆਪਣੀ ਹਾਰ ਹੀ ਦਿਸੇਗੀ।”
ਤੇ ਫੇਰ ਉਸਨੂੰ ਸੁੰਨ ਹੋਈ ਨੂੰ ਘਰਦਿਆਂ ਵੱਲੋਂ ਦਿੱਤੇ ਦਿਲਾਸੇ ਤੇ ਤਸੱਲੀਆਂ ਚੇਤੇ ਆ ਗਈਆਂ ਕੇ ਮੁੰਡੇ ਪਹਿਲਾਂ ਏਦਾਂ ਕਰਦੇ ਹੀ ਹੁੰਦੇ .. ਫਿਕਰ ਨਾ ਕਰ ਸਭ ਠੀਕ ਹੋ ਜੂ ਵਿਆਹ ਮਗਰੋਂ।
ਲੰਘੀ ਰਾਤ ਕੰਨੀਂ ਪਿਆ ਇੱਕ ਇੱਕ ਬੋਲ ਅਜੇ ਵੀ ਉਸਦੇ ਮੱਥੇ ਵਿਚ ਹਥੌੜੇ ਵਾੰਗ ਵੱਜ ਹੀ ਰਿਹਾ ਸੀ ਕੇ ਅਚਾਨਕ ਥਾੜ-ਥਾੜ ਵੱਜਦੇ ਬੂਹੇ ਦੇ ਬਾਹਰੋਂ ਆਉਂਦੀ ਕਿਸੇ ਰੁਖੀ ਜਿਹੀ ਅਵਾਜ ਨੇ ਉਸਦੀ ਸੋਚਾਂ ਦੀ ਲੜੀ ਖਿੰਡਾ ਦਿੱਤੀ।
ਕਾਹਲੀ ਕਾਹਲੀ ਵਿਚ ਗਲਤੀ ਨਾਲ ਸ਼ਾਵਰ ਦੀ ਔਨ ਹੋ ਗਈ ਗਰਮ ਧਾਰ ਹੇਠ ਆਏ ਨੰਗੇ ਤਾਜੇ ਜਖਮਾਂ ਦੀ ਚੀਸ ਤੇ ਓਹਨਾ ਚੋਂ ਅਜੇ ਵੀ ਰਿਸਦਾ ਮੱਠਾ-ਮੱਠਾ ਖੂਨ ਦੇਖ ਮਾਂ ਵੱਲੋਂ ਦਿੱਤੀ ਨਸੀਹਤ ਯਾਦ ਆ ਗਈ ਕੇ ਸਾਡੇ ਘਰਾਂ ਵਿਚ 911 ਡਾਇਲ ਕਰਨ ਦਾ ਰਿਵਾਜ ਨਹੀਂ ਹੈ ਕਦੀ ਗਲਤੀ ਨਾ ਕਰ ਬੈਠੀਂ।
ਥੱਲੇ ਪਾਈਪ ਰਾਹੀਂ ਲਗਾਤਾਰ ਵਗੀ ਜਾ ਰਹੇ ਪਾਣੀ ਦਾ ਸੂਹਾ ਗਾੜਾ ਰੰਗ ਦੇਖ ਉਹ ਇੱਕ ਵਾਰ ਫੇਰ ਬੁਰੀ ਤਰਾਂ ਤ੍ਰੱਬਕ ਉੱਠੀ, ਉਸਨੂੰ ਲਗਿਆ ਜਿਦਾਂ ਉਸਦੇ ਤਾਜੇ ਜਖਮਾਂ ਵਿਚੋਂ ਰਿਸਦਾ ਹੋਇਆ ਖੂਨ ਪਾਣੀ ਬਣ ਇਹ ਕਹਿੰਦਾ ਹੋਇਆ ਪਾਤਾਲ ਵਿਚ ਗੁਆਚਦਾ ਜਾ ਰਿਹਾ ਸੀ ਕੇ ਇੰਨਾ ਕੁਝ ਸਹਿਣਾ ਹੁਣ ਉਸਦੇ ਵੱਸੋਂ ਬਾਹਰ ਹੈ ..ਜੇ ਉਹ ਸਹਿ ਸਕਦੀ ਹੈਂ ਤਾਂ ਸਹੀ ਜਾਵੇ।
(ਧੀਆਂ ਦੇ ਮਾਮਲੇ ਵਿਚ ਅੱਖੀਂ ਦੇਖ ਮੱਖੀ ਨਾ ਨਿਗਲੋ, ਸੱਚੀ ਘਟਨਾ ਤੇ ਅਧਾਰਿਤ)
ਲੇਖਕ – ਹਰਪ੍ਰੀਤ ਸਿੰਘ ਜਵੰਦਾ