ਕੋਈ ਸਮਾਂ ਸੀ ਜਦੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਇਕ ਬੈਂਗਣ ਪੰਜ ਹਜ਼ਾਰ ਰੁਪਏ ਵਿੱਚ ਵਿਕ ਜਾਂਦਾ ਸੀ ਪਰ ਹੁਣ ਜੇਲ੍ਹ ਵਿੱਚ ਸਬਜ਼ੀਆਂ ਉਗਾਉਣ ਬਦਲੇ ਉਸ ਨੂੰ ਇਕ ਦਿਨ ਦਾ ਮਹਿਜ਼ 20 ਰੁਪਏ ਮਿਹਨਤਾਨਾ ਮਿਲੇਗਾ। ਹਰਿਆਣਾ ਦੇ ਡਾਇਰੈਕਟਰ ਜਨਰਲ ਜੇਲ੍ਹਾਂ ਕੇਪੀ ਸਿੰਘ ਨੇ ਪੁਸ਼ਟੀ ਕੀਤੀ ਕਿ ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ’ਚ ਉਸ ਦੀ ਬੈਰਕ ਨੇੜੇ 600 ਗਜ਼ ਜਗ੍ਹਾ ਉਤੇ ਸਬਜ਼ੀਆਂ ਉਗਾਉਣ ਦਾ ਕੰਮ ਦਿੱਤਾ ਗਿਆ ਹੈ।
ਇਸ ਬਦਲੇ ਉਸ ਨੂੰ ਪ੍ਰਤੀ ਦਿਨ 20 ਰੁਪਏ ਮਿਲਣਗੇ, ਜੋ ਗੈ਼ਰਹੁਨਰਮੰਦ ਵਰਕਰਾਂ ਨੂੰ ਮਿਹਨਤਾਨਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਉਸ ਵੱਲੋਂ ਉਗਾਈਆਂ ਸਬਜ਼ੀਆਂ ਜੇਲ੍ਹ ਵਿੱਚ ਹੀ ਪਕਾ ਕੇ ਕੈਦੀਆਂ ਨੂੰ ਖੁਆਈਆਂ ਜਾਣਗੀਆਂ। ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ’ਚ ਡੇਰਾ ਮੁਖੀ ਨੂੰ 20 ਸਾਲ ਕੈਦ ਕੀਤੀ ਹੈ।
ਸੂਤਰਾਂ ਮੁਤਾਬਕ ਗੁਰਮੀਤ ਰਾਮ ਰਹੀਮ ਨਾ ਤਾਂ ਬਾਹਲਾ ਪੜ੍ਹਿਆ-ਲਿਖਿਆ ਹੈ ਅਤੇ ਨਾ ਹੀ ਉਸ ਕੋਲ ਕੋਈ ਖਾਸ ਹੁਨਰ ਹੈ, ਜਿਸ ਕਾਰਨ ਉਸ ਨੂੰ ਕੋਈ ਖਾਸ ਮੁਹਾਰਤ ਵਾਲਾ ਕੰਮ ਨਹੀਂ ਦਿੱਤਾ ਜਾ ਸਕਦਾ। ਜਾਣਕਾਰੀ ਮੁਤਾਬਕ ਡੇਰਾ ਮੁਖੀ ਨੇ ਜੇਲ੍ਹ ਅਧਿਕਾਰੀਆਂ ਨੂੰ ਮਹਿਜ਼ ਦੋ ਮੋਬਾਈਲ ਨੰਬਰ ਦਿੱਤੇ ਹਨ, ਜਿਨ੍ਹਾਂ ਨਾਲ ਉਹ ਗੱਲ ਕਰਨਾ ਚਾਹੁੰਦਾ ਹੈ।
ਇਨ੍ਹਾਂ ਵਿੱਚੋਂ ਇਕ ਨੰਬਰ ਉਸ ਦਾ ਆਪਣਾ ਹੀ ਹੈ ਅਤੇ ਦੂਜਾ ਨੰਬਰ ਹਨੀਪ੍ਰੀਤ ਦਾ ਹੈ। ਉਸ ਨੇ ਦਸ ਵਿਅਕਤੀਆਂ ਦੇ ਨਾਵਾਂ ਦੀ ਸੂਚੀ ਸੌਂਪੀ ਹੈ, ਜਿਨ੍ਹਾਂ ਨੂੰ ਉਹ ਮਿਲਣਾ ਚਾਹੁੰਦਾ ਹੈ। ਇਨ੍ਹਾਂ ’ਚੋਂ ਕੇਵਲ ਉਸ ਦੀ ਮਾਤਾ ਨਸੀਬ ਕੌਰ ਦੇ ਵੇਰਵਿਆਂ ਦੀ ਹੀ ਪੁਸ਼ਟੀ ਹੋ ਸਕੀ ਹੈ।