ਗੁਰਦਾਸਪੁਰ— ਵਿਧਵਾ ਔਰਤ ਦੀ ਸ਼ਿਕਾਇਤ ‘ਤੇ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਸੁੱਚਾ ਸਿੰਘ ਲੰਗਾਹ ਵਿਰੁੱਧ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ‘ਚ ਫਸਾਇਆ ਜਾ ਰਿਹਾ ਹੈ।
ਫਿਲਹਾਲ ਉਨ੍ਹਾਂ ਨੇ ਐਸ. ਜੀ. ਪੀ. ਸੀ ਦੀ ਮੈਂਬਰ ਤੇ ਅਕਾਲੀ ਦਲ ਦੇ ਗੁਰਦਾਸਪੁਰ ਜ਼ਿਲਾ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ।
ਸੁੱਚਾ ਸਿੰਘ ਲੰਗਾਹ ਦਾ ਬਿਆਨ
ਗੁਰਦਾਸਪੁਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਜਿਹੇ ਸਿਆਸੀ ਤੌਰ ਤੇ ਨਾਜ਼ੁਕ ਮੌਕੇ ਵਿਖਾਈ ਗਈ ਇਹ ਸਿਆਸੀ ਬਦਲੇਖੋਰੀ ਦੀ ਉੱਘੜਵੀਂ ਮਿਸਾਲ ਹੈ। ਮੈਂ ਗੁਰਦਾਸਪੁਰ ਪਾਰਲੀਮਾਨੀ ਹਲਕੇ ਦੇ ਵਿਧਾਨ ਸਭਾ ਹਲਕੇ ਤੋਂ 5 ਵਾਰ ਚੋਣ ਲੜ ਚੁੱਕਿਆ ਹਾਂ। ਗੁਰਦਾਸਪੁਰ ਜ਼ਿਮਨੀ ਚੋਣ ਦਾ ਐਲਾਨ ਹੁੰਦੇ ਹੀ ਸਿਆਸੀ ਕਿੜਾਂ ਕੱਢਣ ਦੀ ਸ਼ੁਰੂਆਤ ਹੋ ਚੁੱਕੀ ਹੈ। ਮੈਂ ਆਪਣੀ ਪਾਰਟੀ ਦੇ ਸਾਥੀਆਂ ਸਮੇਤ 8 ਅਗਸਤ ਨੂੰ ਡੀਜੀਪੀ ਨੂੰ ਮਿਲਕੇ 7 ਐਸਐਚਓਜ਼ ਖ਼ਿਲਾਫ ਸ਼ਿਕਾਇਤ ਦਿੱਤੀ ਸੀ, ਜਿਹੜੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਖਿਲਾਫ 200 ਤੋਂ ਵੱਧ ਝੂਠੇ ਕੇਸ ਦਰਜ ਕਰ ਚੁੱਕੇ ਹਨ।ਉਸ ਸਮੇਂ ਤੋਂ ਲੈ ਕੇ ਰਾਜ ਦੀ ਮਸ਼ੀਨਰੀ ਖਾਸ ਕਰਕੇ ਜ਼ਿਲ•ਾਂ ਪੁਲਿਸ ਆਪਣੇ ਸਿਆਸੀ ਰਹਿਬਰਾਂ ਨੂੰ ਖੁਸ਼ ਕਰਨ ਲਈ ਮੈਨੂੰ ਝੂਠੇ ਕੇਸਾਂ ਵਿਚ ਫਸਾਉਣ ਉੱਤੇ ਤੁਲੀ ਹੋਈ ਹੈ।
20 ਅਗਸਤ ਨੂੰ ਜ਼ਿਲ•ਾ ਗੁਰਦਾਸਪੁਰ ਦੀ ਸਮੁੱਚੀ ਲੀਡਰਸ਼ਿਪ ਖ਼ਿਲਾਫ 2 ਝੂਠੀਆਂ ਐਫਆਈਆਰਜ਼ ਦਰਜ ਕੀਤੀਆਂ ਗਈਆਂ ਸਨ। ਮਾਣਯੋਗ ਹਾਈਕੋਰਟ ਵੱਲੋਂ ਮੈਨੂੰ ਅਗਾਂਊ ਜ਼ਮਾਨਤ ਦਿੱਤੇ ਜਾਣ ਮਗਰੋਂ, ਮੈਨੂੰ ਚੋਣ ਮੁਹਿੰਮ ਤੋਂ ਦੂਰ ਰੱਖਣ ਲਈ ਦਰਜ ਕੀਤੀ ਇਹ ਝੂਠੀ ਐਫਆਈਆਰ ਚੋਣਾਂ ਕਰਕੇ ਝੂਠੇ ਕੇਸਾਂ ਵਿਚ ਫਸਾਏ ਜਾਣ ਦੇ ਡਰ ਨੂੰ ਸਹੀ ਸਾਬਿਤ ਕਰਦੀ ਹੈ।
ਇਹ ਸ਼ਿਕਾਇਤ ਪੰਜਾਬ ਪੁਲਿਸ ਦੀ ਇੱਕ ਕਰਮਚਾਰੀ ਦੀ ਹੈ, ਜਿਸ ਨੇ ਐਫਆਈਆਰ ਦਰਜ ਕੀਤੇ ਜਾਣ ਦੇ ਕੁੱਝ ਹੀ ਘੰਟਿਆਂ ਵਿਚ ਜਲਦਬਾਜ਼ੀ ਵਿਚ ਬਹੁਤ ਹੀ ਅਜੀਬ ਅਤੇ ਨਾਮੰਨਣਯੋਗ ਦੋਸ਼ ਲਾਏ ਹਨ। ਇਹ ਸ਼ਿਕਾਇਤ ਕੱਲ• ਐਸਐਸਪੀ ਨੂੰ ਕੀਤੀ ਗਈ ਸੀ। ਕੁੱਝ ਹੀ ਘੰਟਿਆਂ ਵਿਚ ਜਾਂਚ-ਪੜਤਾਲ ਕਰਵਾ ਕੇ ਇਸ ਦੀ ਰਿਪੋਰਟ ਵੀ ਦਾਖ਼ਲ ਕਰ ਦਿੱਤੀ ਗਈ। ਮਿੰਟਾਂ-ਸਕਿੰਟਾਂ ਵਿਚ ਰਾਵਾਂ ਦਾ ਲੈਣ-ਦੇਣ ਹੋ ਗਿਆ ਅਤੇ ਅੱਜ ਸਵੇਰੇ ਵੱਡੇ ਤੜਕੇ ਝੂਠੀ ਐਫਆਈਆਰ ਦਰਜ ਕਰ ਲਈ ਗਈ।
ਆ ਰਹੀ ਜ਼ਿਮਨੀ ਚੋਣ ਜਿੱਤਣ ਲਈ ਕੀਤੇ ਜਾ ਰਹੇ ਬੇਵਸ ਯਤਨਾਂ ਤਹਿਤ ਇਹ ਸਾਰਾ ਡਰਾਮਾ ਪਹਿਲਾਂ ਤੋਂ ਹੀ ਤਿਆਰ ਕੀਤਾ ਹੋਇਆ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਪਾਰਟੀ ਕਿਸ ਪੱਧਰ ਦੀ ਸਿਆਸੀ ਬਦਲੇਖੋਰੀ ਵਿਚ ਯਕੀਨ ਰੱਖਦੀ ਹੈ।
ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਮੈਂ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ।
ਮੈਨੂੰ ਨਿਆਂਪਾਲਿਕਾ ਵਿਚ ਪੂਰਨ ਭਰੋਸਾ ਹੈ। ਇਸ ਲਈ ਮੈਂ ਕੱਲ ਅਦਾਲਤ ਵਿਚ ਸਮਰਪਣ ਕਰਕੇ ਕਾਨੂੰਨ ਦੀ ਪ੍ਰਕਿਰਿਆ ਨੂੰ ਨੇਪਰੇ ਚੜਾਉਣ ਵਿਚ ਮੁਕੰਮਲ ਸਹਿਯੋਗ ਦੇ ਰਿਹਾ ਹਾਂ। ਮੈਨੂੰ ਪੱਕਾ ਯਕੀਨ ਹੈ ਕਿ ਸੱਚਾਈ ਦੀ ਜਿੱਤ ਹੋਵੇਗੀ ਅਤੇ ਮੈਨੂੰ ਇਨਸਾਫ ਮਿਲੇਗਾ।