ਸਿਰਸਾ — ਸਾਧਵੀਆਂ ਦੇ ਬਲਾਤਕਾਰ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਦੇ ਵੱਖ-ਵੱਖ ਬੈਂਕ ਖਾਤਿਆਂ ‘ਚ 74.96 ਕਰੋੜ ਰੁਪਏ ਮਿਲੇ ਹਨ। ਰਾਮ ਰਹੀਮ ਦੇ ਬੈਂਕ ਖਾਤੇ ‘ਚ 7.72 ਕਰੋੜ ਰੁਪਏ ਮਿਲੇ ਹਨ। ਇਸ ਦੇ ਨਾਲ ਹੀ ਹਨੀਪ੍ਰੀਤ ਦੇ 6 ਬੈਂਕ ਖਾਤਿਆਂ ‘ਚ 1 ਕਰੋੜ ਮਿਲੇ ਹਨ। ਸਭ ਤੋਂ ਜ਼ਿਆਦਾ 50 ਕਰੋੜ ਰੁਪਏ ਰਾਮ ਰਹੀਮ ਦੀ ਪ੍ਰੋਡੰਕਸ਼ਨ ਕੰਪਨੀ ਹਕੀਕਤ ਐਂਟਰਟੇਨਮੈਂਟ ਦੇ 20 ਬੈਂਕ ਖਾਤਿਆਂ ‘ਚੋਂ ਮਿਲੇ ਹਨ
। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੇ ਕਰੀਬ 90 ਬੈਂਕ ਅਕਾਊਂਟ ਫਰੀਜ਼ ਕਰ ਦਿੱਤੇ ਗਏ ਸਨ। ਰਾਮ ਰਹੀਮ ਦੇ ਬੈਂਕ ਅਕਾਊਂਟ ਨੂੰ ਵੀ ਫਰੀਜ਼ ਕੀਤਾ ਗਿਆ ਹੈ ਜਿਸ ‘ਚ ਘੱਟ ਰਕਮ ਰੱਖੀ ਹੋਈ ਸੀ। ਹਨੀਪ੍ਰੀਤ ਦਾ ਬੈਂਕ ਅਕਾਊਂਟ ਅਜੇ ਤੱਕ ਫਰੀਜ਼ ਨਹੀਂ ਹੈ। ਇਹ ਡੇਰਾ ਅਤੇ ਉਸ ਨਾਲ ਜੁੜੀਆਂ ਵੱਖ-ਵੱਖ ਸੰਸਥਾਵਾਂ ਦੇ 504 ਬੈਂਕ ਖਾਤਿਆਂ ਦੀ ਜਾਣਕਾਰੀ ਹੈ, ਜਿਸ ਨੂੰ ਹਰਿਆਣਾ ਸਰਕਾਰ ਨੇ ਕੰਪਾਇਸ ਕੀਤਾ ਹੈ। ਇਨ੍ਹਾਂ ‘ਚ 473 ਸੇਵਿੰਗ ਅਤੇ ਟਰਮ ਡਿਪਾਜ਼ਿਟ ਅਕਾਊਂਟ ਅਤੇ ਹੋਰ ਵੀ ਖਾਤੇ ਹਨ। ਹਰਿਆਣਾ ਸਰਕਾਰ ਨੇ ਪੂਰੇ ਸੂਬੇ ‘ਚ ਡੇਰੇ ਦੀਆਂ ਜਾਇਦਾਦਾਂ ਦੀ ਸੂਚੀ ਬਣਾਈ ਹੈ।
ਇਸ ਤੋਂ ਪਤਾ ਲੱਗਦਾ ਹੈ ਕਿ ਸਿਰਫ ਸਿਰਸਾ ‘ਤ 1,435 ਕਰੋੜ ਰੁਪਏ ਦੀ ਅਚੱਲ ਸੰਪਤੀ ਹੈ। 504 ਬੈਂਕ ਖਾਤਿਆਂ ‘ਚੋਂ 495 ਸਿਰਸਾ ‘ਚ ਹਨ। ਜ਼ਿਆਦਾਤਰ ਫਿਕਸ ਡਿਪਾਜ਼ਿਟ ਅਤੇ ਜਮ੍ਹਾ ਖਾਤੇ ਰਾਮ ਰਹੀਮ, ਉਨ੍ਹਾਂ ਦੀਆਂ ਬੇਟੀਆਂ ਅਮਰਪ੍ਰੀਤ ਅਤੇ ਚਰਣਪ੍ਰੀਤ, ਬੇਟਾ ਜਸਮੀਤ, ਉਸਦੀ ਪਤਨੀ, ਹਨੀਪ੍ਰੀਤ, ਡੇਰਾ ਸੱਚਾ ਸੌਦਾ ਟਰੱਸਟ ਅਤੇ ਇਨ੍ਹਾਂ ਨਾਲ ਜੁੜੀਆਂ ਸੰਸਥਾਵਾਂ ਦੇ ਨਾਂ ‘ਤੇ ਹਨ। ਸੂਬਾ ਸਰਕਾਰ ਨੇ ਇਨ੍ਹਾਂ ਸਾਰੇ ਖਾਤਿਆਂ ਨੂੰ ਜ਼ਬਤ ਕਰ ਲਿਆ ਹੈ।
ਸਿਰਸਾ ਜ਼ਿਲੇ ‘ਚ ਰਾਮ ਰਹੀਮ ਦੇ ਨਾਮ ‘ਤੇ 12 ਬੈਂਕ ਖਾਤੇ ਹਨ ਅਤੇ ਐਚ.ਡੀ.ਐਫ.ਸੀ. ਬੈਂਕ ‘ਚ 11 ਫਿਕਸ ਡਿਪਾਜ਼ਿਟਸ ਹਨ। ਇਨ੍ਹਾਂ ‘ਚੋਂ ਇਕ 1.50 ਕਰੋੜ ਦਾ ਹੈ, ਜਦੋਂਕਿ ਬਾਕੀ ਬੈਂਕ ਖਾਤਿਆਂ ‘ਚ 35 ਤੋਂ 95 ਲੱਖ ਦੇ ਵਿਚ ਹਨ। ਹਨੀਪ੍ਰੀਤ ਦੇ ਓਰੀਐਂਟਲ ਬੈਂਕ ਆਫ ਕਾਮਰਸ ‘ਚ 6 ਬੈਂਕ ਖਾਤੇ ਹਨ। ਇਨ੍ਹਾਂ ‘ਚ 50 ਲੱਖ, 40 ਲੱਖ, 3.16 ਲੱਖ ਅਤੇ 10 ਲੱਖ ਰੁਪਏ ਹਨ। ਇਕ ਬਚਤ ਖਾਤੇ ‘ਚ 64225 ਅਤੇ ਦੂਸਰੇ ‘ਚ 3530 ਰੁਪਏ ਹਨ।