ਸੰਤ ਜਰਨੈਲ ਸਿੰਘ ਜੀ ਦਾ ਨਾਮ ਸਾਰੀ ਕੌਮ ਵਿੱਚ ਉੱਘਾ ਹੈ ਪਰ ਅਫਸੋਸ ਕਿ ਉਨ੍ਹਾਂ ਦੀ ਚਲਾਈ ਹੋਈ ਲਹਿਰ ਅਤੇ ਉੱਚੇ ਸੁੱਚੇ ਜੀਵਨ ਬਾਰੇ ਕੋਈ ਘੱਟ ਹੀ ਜਾਣਦਾ ਹੈ ।
ਜਦੌਂ ਹਿੰਦੂ ਸਰਕਾਰ ਨੇ ਅੱਤ ਦੀ ਚੁੱਕ ਕੇ ਸਿੱਖੀ ਨੂੰ ਖਤਮ ਕਰਨ ਦੀ ਠਾਣ ਲਈ ਅਤੇ ਸਿੱਖਾਂ ਨੂੰ ਕਿਤੋਂ ਵੀ ਇਨਸਾਫ ਨਾ ਮਿਲਿਆ ਤਾਂ ਉਸ ਵਕਤ ਸੰਤ ਜਰਨੈਲ ਸਿੰਘ ਜੀ ਨੇ ਹੀ ਸਿੱਖਾਂ ਦੀ ਬਾਂਹ ਫੜੀ ਅਤੇ ਸਿੱਖਾਂ ਨੂੰ ਮਾਨਸਿਕ ਅਤੇ ਆਤਮਕ ਪੱਖੋਂ ਬਲਵਾਨ ਕਰਕੇ ਜ਼ੁਲਮ ਵਿਰੁੱਧ ਅਵਾਜ ਚੁੱਕਣ ਲਈ ਪ੍ਰੇਰਿਆ । ਸੰਤ ਜਰਨੈਲ ਸਿੰਘ ਜੀ ਦੀ ਨਿਡਰਤਾ, ਬਹਾਦਰੀ ਅਤੇ ਸੱਚੀ ਰਹਿਣੀ ਬਹਿਣੀ ਸਦਕਾ ਹਰ ਕੋਈ ਉਨ੍ਹਾਂ ਵੱਲ ਖਿੱਚਿਆ ਜਾਂਦਾ ਸੀ । ਉਨ੍ਹਾਂ ਦੇ ਪ੍ਰਚਾਰ ਸਦਕਾ ਸਿੱਖਾਂ ਵਿੱਚ ਅਜਾਦੀ ਦੀ ਲਹਿਰ ਦੌੜ ਪਈ । ਉਨ੍ਹਾਂ ਦੀ ਚਲਾਈ ਹੋਈ ਲਹਿਰ ਸਦਕਾ ਹਜਾਰਾਂ ਨੇ ਅੰਮ੍ਰਿਤ ਛਕਿਆ, ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜ ਗਈਆਂ, ਕੁੜੀਆਂ ਦੇ ਸਿਰਾਂ ਤੇ ਦੁੱਪਟੇ ਆ ਗਏ ਅਤੇ ਸਿੱਖ ਜਵਾਨੀ ਸ਼ਰਾਬ ਅਤੇ ਹੋਰ ਨਸ਼ੇ ਛੱਡ ਕੇ ਧਰਮ ਦੇ ਰਾਹ ਤੇ ਤੁਰ ਪਈ । ਸੰਤ ਜੀ ਨੇ ਸਿੱਖਾਂ ਨੂੰ ਪੂਰਨ ਤੌਰ ਤੇ ਸੰਤ ਸਿਪਾਹੀ ਬਣਨ ਲਈ ਪ੍ਰੇਰਿਆ ਅਤੇ ਹਮੇਸ਼ਾਂ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਵੰਗਾਰਿਆ ।
ਸਰਕਾਰ ਲਈ ਇਹ ਲਹਿਰ ਹਜ਼ਮ ਕਰਨੀ ਔਖੀ ਸੀ ਕਿਉਂ ਕਿ ਉਹ ਤਾਂ ਸਿੱਖੀ ਨੂੰ ਖਤਮ ਕਰਕੇ ਹਿੰਦੂ ਧਰਮ ਵਿੱਚ ਜਬਤ ਕਰਨਾ ਚਾਹੁੰਦੀ ਸੀ ਤਾਂ ਕਿ ਸਿੱਖ ਆਪਣੇ ਧਰਮ ਨੂੰ ਛੱਡ ਕੇ ਸਿਰਫ ਹਿੰਦੁਸਤਾਨ ਦੇ ਵਫਾਦਾਰ ਹੋ ਜਾਣ । ਇਸ ਆਸ਼ੇ ਨੂੰ ਮੁੱਖ ਰੱਖ ਕੇ ਸਰਕਾਰ ਨੇ ਸੰਤਾਂ ਨੂੰ ਬਦਨਾਮ ਕਰਨ ਲਈ ਸਾਰਾ ਜ਼ੋਰ ਲਾ ਦਿੱਤਾ ਜਿਸ ਵਿੱਚ ਹਿੰਦੂ ਮੀਡੀਏ ਨੇ ਸਰਕਾਰ ਦਾ ਪੂਰਾ ਪੂਰਾ ਸਾਥ ਦਿੱਤਾ ।
ਸੰਤ ਜੀ ਨੂੰ ਕੋਈ ਕਾਂਗਰਸ ਦਾ ਏਜੰਟ ਕਹਿੰਦਾ ਅਤੇ ਕਾਂਗਰਸ ਸੰਤ ਜੀ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿੰਦੀ । ਸਰਕਾਰ ਨੇ ਕਈ ਕਮੀਨੀਆਂ ਚਾਲਾਂ ਚੱਲੀਆਂ ਜਿਵੇਂ ਕਿ ਗਾਂਵਾਂ ਦੇ ਸਿਰ ਵੱਢ ਕੇ ਹਿੰਦੂ ਮੰਦਰਾਂ ਵਿੱਚ ਸੁੱਟ ਦੇਣੇ, ਹਿੰਦੂਆਂ ਨੂੰ ਮਾਰ ਦੇਣਾ ਅਤੇ ਹੋਰ ਕਈ ਹਿੰਸਕ ਕਾਰਵਾਈਆਂ ਕਰਵਾਉਣੀਆਂ ਅਤੇ ਇਹਨਾਂ ਦਾ ਸਾਰਾ ਇਲਜ਼ਾਮ ਸੰਤ ਜਰਨੈਲ ਸਿੰਘ ਦੇ ਨਾਂ ਲਾ ਦੇਣਾ ਤਾਂ ਕਿ ਹਿੰਦੂ ਬਹੁ ਗਿਣਤੀ ਕਾਂਗਰਸ ਦੇ ਹੱਕ ਵਿੱਚ ਹੋ ਕੇ ਵੋਟਾਂ ਪਾਉਣ ਅਤੇ ਸਿੱਖਾਂ ਦੇ ਵਿਰੁੱਧ ਹੋ ਜਾਣ ਜਿਸ ਨਾਲ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਵਿੱਚ ਅਸਾਨੀ ਹੋ ਸਕੇ । ਹੋਇਆ ਤਾਂ ਬਿਲਕੁਲ ਇੰਝ ਹੀ ਪਰ ਸੰਤ ਜੀ ਦੇ ਵਿਰੁੱਧ ਜੋ ਨਿਰਤੱਥ ਦੋਸ਼ ਲਾਏ ਗਏ ਉਹ ਹੁਣ ਲੋਕਾਂ ਵੱਲੋਂ ਸੱਚ ਸਮਝੇ ਜਾਣ ਲੱਗ ਪਏ ਹਨ । ਪੰਜਾਬ ਵਿੱਚ ਬਹੁਤੇ ਲੋਕ ਤਾਂ ਸੰਤ ਜੀ ਨੂੰ ਹੀ ਦਰਬਾਰ ਸਾਹਿਬ ਤੇ ਹਮਲੇ ਦਾ ਕਾਰਨ ਸਮਝਦੇ ਹਨ ਜਦ ਕਿ ਸਚਾਈ ਕੁੱਝ ਹੋਰ ਹੈ । ਵਿਚਾਰ ਕੀਤਿਆਂ ਇਹ ਨਤੀਜਾ ਸਾਫ ਨਿਕਲ ਆਉਂਦਾ ਹੈ ਕਿ ਸੰਤ ਜੀ ਨਿਰਦੋਸ਼ ਸਨ ਜਿੰਨ੍ਹਾਂ ਨੇ ਦਰਬਾਰ ਸਾਹਿਬ ਦੀ ਰਾਖੀ ਅਤੇ ਸਿੱਖਾਂ ਦੇ ਹੱਕ ਵਿੱਚ ਲੜਦਿਆਂ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ । ਆਓ ਸਰਕਾਰ ਦੇ ਪਾਏ ਭੁਲੇਖਿਆਂ ਤੇ ਵਿਚਾਰ ਕਰੀਏ ।