ਦੁਬਈ ‘ਚ ਕੰਮ ਕਰਨ ਵਾਲੇ 70 ਭਾਰਤੀ ਨੌਜਵਾਨਾਂ ਨੂੰ ਉੱਥੇ ਹੜਤਾਲ ਕਰਨੀ ਇੰਨੀ ਕੁ ਮਹਿੰਗੀ ਪਈ ਕਿ ਉਨ੍ਹਾਂ ਨੂੰ ਦੁਬਈ ਤੋਂ ਭਾਰਤ ਦਾ ਰਸਤਾ ਦਿਖਾ ਦਿੱਤਾ ਗਿਆ। ਦੁਬਈ ਤੋਂ ਡਿਪੋਰਟ ਕੀਤੇ ਗਏ ਨੌਜਵਾਨ ਵਾਪਸ ਭਾਰਤ ਆਏ ਹਨ। ਇਨ੍ਹਾਂ ‘ਚੋਂ ਬਠਿੰਡਾ ਜ਼ਿਲੇ ਦੇ ਪਿੰਡ ਖੋਖਰ ਦੇ ਨੌਜਵਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਥੇ ਘੱਟ ਤਨਖਾਹ ਦਿੱਤੀ ਜਾਂਦੀ ਸੀ
ਉਨ੍ਹਾਂ ਨਾਲ ਗੱਲ ਚੰਗੀ ਤਨਖਾਹ ਦੇਣ ਦੀ ਹੋਈ ਸੀ। ਜਦ ਉਨ੍ਹਾਂ ਦੇ ਸਾਥੀਆਂ ਨੇ ਹੜਤਾਲ ਕੀਤੀ ਤਾਂ ਇਸ ‘ਤੇ ਕੰਪਨੀ ਨੇ ਸ਼ਿਕਾਇਤ ਕਰ ਦਿੱਤੀ ਤੇ ਉੱਥੇ ਦੀ ਸਰਕਾਰ ਨੇ ਉਨ੍ਹਾਂ ਦੇ ਦੁਬਈ ‘ਚ ਰਹਿਣ ਲਈ ਦਿੱਤੀ ਗਈ ਮਨਜ਼ੂਰੀ ਨੂੰ ਰੱਦ ਕਰ ਦਿੱਤਾ। ਹਰਪ੍ਰੀਤ ਨੇ ਦੱਸਿਆ ਕਿ ਚਾਹੇ ਉਹ ਇਸ ਹੜਤਾਲ ‘ਚ ਸ਼ਾਮਲ ਨਹੀਂ ਸੀ ਪਰ ਉੱਥੇ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਉਸ ਦੀਆਂ ਸੇਵਾਵਾਂ ਵੀ ਉਸੇ ਸਮੇਂ ਸਮਾਪਤ ਕਰ ਕੇ ਭਾਰਤ ਵਾਪਸ ਭੇਜ ਦਿੱਤਾ ਗਿਆ।
1100 ਦਰਾਮ ਕਿਹਾ ਪਰ ਦਿੱਤੇ 840 ਦਰਾਮ
ਹਰਪ੍ਰੀਤ ਨੇ ਦੱਸਿਆ ਕਿ ਉਹ ਦੁਬਈ ‘ਚ ਸਥਿਤ ਭਾਰਤੀ ਕੰਪਨੀ ਜੀ.ਬੀ.ਐੱਚ. ਇੰਟਰਨੈਸ਼ਨਲ ‘ਚ ਕਾਰਪੈਂਟਰ ਦਾ ਕੰਮ ਕਰਦਾ ਸੀ। ਕੰਪਨੀ ਵਲੋਂ ਜਦ ਉਨ੍ਹਾਂ ਨੂੰ ਦੁਬਈ ਲੈ ਜਾਇਆ ਗਿਆ ਤਾਂ 1100 ਦਰਾਮ ਪ੍ਰਤੀ ਮਹੀਨੇ ਦੀ ਤਨਖਾਹ ਦੀ ਗੱਲ ਹੋਈ ਸੀ ਪਰ ਉਨ੍ਹਾਂ ਨੂੰ ਸਿਰਫ 840 ਦਰਾਮ ਤਨਖਾਹ ਮਿਲੀ। ਜਦ ਕੁੱਝ ਨੌਜਵਾਨਾਂ ਨੇ ਕੰਪਨੀ ਨੂੰ 1100 ਦਰਾਮ ਵਾਲੀ ਗੱਲ ਯਾਦ ਕਰਵਾਈ ਤਾਂ ਕੋਈ ਸੁਣਵਾਈ ਨਾ ਹੋਈ ਫਿਰ ਉਨ੍ਹਾਂ ਨੇ ਹੜਤਾਲ ਕੀਤੀ।
ਲੱਤ ਟੁੱਟਣ ਦੇ ਬਾਅਦ ਵੀ 4 ਘੰਟਿਆਂ ਤਕ ਤੜਫਦਾ ਰਿਹਾ ਨੌਜਵਾਨ
ਹਰਪ੍ਰੀਤ ਨੇ ਦੱਸਿਆ ਕਿ ਉੱਥੇ ਬਿਹਾਰ ਦਾ ਰਹਿਣ ਵਾਲਾ ਉਨ੍ਹਾਂ ਦਾ ਇਕ ਸਾਥੀ ਜੇ.ਸੀ.ਬੀ. ‘ਤੇ ਚੜ੍ਹ ਕੇ ਕੰਮ ਕਰ ਰਿਹਾ ਸੀ। ਕੰਮ ਕਰਦਿਆਂ ਉਸ ਦੀ ਲੱਤ ਟੁੱਟ ਗਈ ਅਤੇ ਉੱਥੇ ਖੜ੍ਹੇ ਕਾਮਿਆਂ ਨੇ ਅਧਿਕਾਰੀਆਂ ਨੂੰ ਸੂਚਨਾ ਵੀ ਦਿੱਤੀ ਪਰ ਕੰਪਨੀ ਨੇ 4 ਘੰਟਿਆਂ ਤਕ ਉਸ ਨੂੰ ਥੱਲੇ ਨਾ ਉਤਾਰਿਆ। ਉਸ ਨੂੰ ਸ਼ਾਮ ਸਮੇਂ ਹੀ ਥੱਲੇ ਉਤਾਰਿਆ ਗਿਆ।
ਹਰਪ੍ਰੀਤ ਨੇ ਦੱਸਿਆ ਕਿ ਕੰਪਨੀ ਨੂੰ ਡਰ ਸੀ ਕਿ ਜੇਕਰ ਉਸ ਨੂੰ ਥੱਲੇ ਉਤਾਰ ਲਿਆ ਗਿਆ ਤਾਂ ਗੱਲ ਪੁਲਸ ਤਕ ਪੁੱਜ ਜਾਵੇਗੀ ਅਤੇ ਉਨ੍ਹਾਂ ਦੀ ਕੰਪਨੀ ਦੇ ਖਿਲਾਫ ਕਾਰਵਾਈ ਹੋਵੇਗੀ। ਇਸ ਕਾਰਨ ਉਸ ਬੇਕਸੂਰ ਤੇ ਦਰਦ ਨਾਲ ਤੜਫ ਰਹੇ ਵਿਅਕਤੀ ਨੂੰ ਚਾਰ ਘੰਟਿਆਂ ਤਕ ਜੇ.ਸੀ.ਬੀ ਦੇ ਉੱਪਰ ਹੀ ਰੱਖਿਆ ਗਿਆ ਤੇ ਉਸ ਨੂੰ ਨਿੱਜੀ ਗੱਡੀ ‘ਚ ਭੇਜ ਕੇ ਹਸਪਤਾਲ ਪਹੁੰਚਾਇਆ ਗਿਆ।
ਸਾਰੇ ਸੁਪਨੇ ਟੁੱਟ ਗਏ ਤੇ ਲੱਖਾਂ ਰੁਪਏ ਵੀ ਹੋਏ ਬਰਬਾਦ
ਹਰਪ੍ਰੀਤ ਨੇ ਦੱਸਿਆ ਕਿ 70 ਭਾਰਤੀ ਨੌਜਵਾਨ ਲੱਖਾਂ ਰੁਪਏ ਖਰਚ ਕੇ ਦੁਬਈ ਪੁੱਜੇ ਸਨ। ਉਹ ਅੱਖਾਂ ‘ਚ ਕਈ ਸੁਪਨੇ ਸਜਾ ਕੇ ਵਿਦੇਸ਼ ਗਏ ਸਨ ਤੇ ਉਹ ਸਾਰੇ ਹੀ ਟੁੱਟ ਗਏ। ਉਨ੍ਹਾਂ ਦੇ ਮਾਂ-ਬਾਪ ਵੀ ਕਰਜ਼ੇ ਦੇ ਬੋਝ ਥੱਲੇ ਦਬ ਗਏ।