ਸ਼ੁੱਕਰਵਾਰ ਨੂੰ ਇਥੇ ਇਕ ਔਰਤ ਨੇ ਗੰਭੀਰ ਦੋਸ਼ ਲਾਏ ਕਿ ਇਥੋਂ ਦਾ ਇਕ ਵਿਅਕਤੀ ਬਠਿੰਡਾ ਦੀਆਂ ਲੜਕੀਆਂ ਨੂੰ ਬੈਂਗਲੁਰੂ ਵਿਖੇ ਵੇਚ ਦਿੰਦਾ ਹੈ, ਜਿਨ੍ਹਾਂ ਨੂੰ ਜਿਸਮਫਰੋਸ਼ੀ ਦੇ ਧੰਦੇ ‘ਚ ਧੱਕ ਦਿੱਤਾ ਜਾਂਦਾ ਹੈ। ਉਹ ਆਪਣੀ ਧੀ ਨੂੰ ਬੜੀ ਮੁਸ਼ਕਲ ਨਾਲ ਬਚਾਅ ਕੇ ਲਿਆਈ ਹੈ, ਜਿਸ ਨੇ ਪੂਰੀ ਕਹਾਣੀ ਬਿਆਨ ਕਰ ਦਿੱਤੀ ਹੈ। ਐੱਸ.ਐੱਸ.ਪੀ. ਬਠਿੰਡਾ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਵੀ ਕੀਤੀ ਗਈ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੀ ਰਮਨਦੀਪ ਕੌਰ ਵਾਸੀ ਬਠਿੰਡਾ, ਜਿਸ ਦੀ ਨਾਬਾਲਗ ਲੜਕੀ ਵੀ ਉਸ ਦੇ ਨਾਲ ਸੀ, ਨੇ ਦੱਸਿਆ ਕਿ ਉਹ ਸਿੱਧੂ ਕਾਲੋਨੀ, ਰਾਮਬਾਗ ਗਲੀ ਨੰ. 1, ਬਠਿੰਡਾ ਵਿਖੇ ਕਿਰਾਏ ਦੇ ਮਕਾਨ ‘ਚ ਰਹਿ ਰਹੀ ਹੈ। ਉਸ ਦਾ ਮਕਾਨ ਮਾਲਕ ਨਾਬਾਲਗ ਜਾਂ ਮਜਬੂਰ ਲੜਕੀਆਂ ਨੂੰ ਵਰਗਲਾ ਕੇ ਬੈਂਗਲੁਰੂ ਲੈ ਜਾਂਦਾ ਹੈ, ਜਿਥੇ ਉਨ੍ਹਾਂ ਨੂੰ 30 ਹਜ਼ਾਰ ਤੋਂ 1 ਲੱਖ ਰੁਪਏ ਵਿਚ ਵੇਚ ਦਿੱਤਾ ਜਾਂਦਾ ਹੈ, ਜਿਨ੍ਹਾਂ ਤੋਂ ਅੱਗੇ ਜਬਰਨ ਨੱਚਣ ਜਾਂ ਜਿਸਮਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਹੈ। ਮਕਾਨ ਮਾਲਕ ਨੇ ਉਸ ਦੀ ਨਾਬਾਲਗ ਲੜਕੀ ‘ਤੇ ਵੀ ਅੱਖ ਰੱਖੀ ਹੋਈ ਸੀ। ਕੁਝ ਸਮਾਂ ਪਹਿਲਾਂ ਉਹ ਉਸ ਦੀ ਲੜਕੀ ਨੂੰ ਵਰਗਲਾ ਕੇ ਨੱਚਣ ਲਈ ਆਰਕੈਸਟਰਾ ਦੇ ਪ੍ਰੋਗਰਾਮ ‘ਚ ਲੈ ਗਿਆ, ਜਿਸ ਤੋਂ ਬਾਅਦ ਉਸ ਨੇ ਉਕਤ ਨੂੰ ਝਾੜ ਪਾਈ ਕਿ ਉਸ ਦੀ ਲੜਕੀ ਤੋਂ ਦੂਰ ਰਹੇ, ਨਹੀਂ ਤਾਂ ਅੰਜਾਮ ਚੰਗਾ ਨਹੀਂ ਹੋਵੇਗਾ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤੇ ਇਕ ਦਿਨ ਉਸ ਦੀ ਲੜਕੀ ਸਣੇ ਕਰੀਬ ਅੱਧੀ ਦਰਜਨ ਲੜਕੀਆਂ ਨੂੰ ਨਾਲ ਲੈ ਕੇ ਬੈਂਗਲੁਰੂ ਚਲਾ ਗਿਆ। ਉਸ ਨੇ ਆਪਣੀ ਲੜਕੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੀ। ਫਿਰ ਪਤਾ ਲੱਗਣ ‘ਤੇ ਉਸ ਨੇ ਉਕਤ ਨਾਲ ਫੋਨ ‘ਤੇ ਸੰਪਰਕ ਕੀਤਾ ਤਾਂ ਉਹ ਲੜਕੀ ਬਾਰੇ ਦੱਸਣ ਤੋਂ ਆਨਾਕਾਨੀ ਕਰਦਾ ਰਿਹਾ। ਅੰਤ ਉਹ ਆਪਣੇ ਇਕ ਰਿਸ਼ਤੇਦਾਰ ਲੜਕੇ ਨੂੰ ਨਾਲ ਲੈ ਕੇ ਬੈਂਗਲੁਰੂ ਪਹੁੰਚ ਗਈ। ਮਕਾਨ ਮਾਲਕ ਉਨ੍ਹਾਂ ਨਾਲ ਫੋਨ ‘ਤੇ ਸੰਪਰਕ ਵਿਚ ਸੀ ਪਰ ਆਪਣਾ ਪਤਾ ਟਿਕਾਣਾ ਜਾਂ ਲੜਕੀ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸੀ।ਜਦੋਂ ਉਸਨੇ ਪੁਲਸ ਕੋਲ ਜਾਣ ਦੀ ਧਮਕੀ ਦਿੱਤੀ ਤਾਂ ਉਨ੍ਹਾਂ ਨੂੰ ਇਕ ਹੋਟਲ ਵਿਚ ਬੁਲਾਇਆ ਗਿਆ। ਹੋਟਲ ਦੇ ਇਕ ਕਮਰੇ ‘ਚ ਉਸ ਦੀ ਲੜਕੀ ਵੀ ਮੌਜੂਦ ਸੀ, ਜਿਸ ਨੂੰ ਜਬਰਨ ਬੰਦ ਕਰ ਕੇ ਰੱਖਿਆ ਹੋਇਆ ਸੀ। ਮੌਕੇ ‘ਤੇ ਮਕਾਨ ਮਾਲਕ ਨਾਲ ਇਕ ਗੁੰਡਾ ਕਿਸਮ ਦਾ ਵਿਅਕਤੀ ਵੀ ਮੌਜੂਦ ਸੀ, ਜਿਸ ਨੇ ਦੱਸਿਆ ਕਿ ਉਸ ਨੇ ਉਕਤ ਲੜਕੀ ਨੂੰ 50 ਹਜ਼ਾਰ ਰੁਪਏ ‘ਚ ਖਰੀਦਿਆ ਹੈ, ਜੇਕਰ ਇਹ ਲੜਕੀ ਵਾਪਸ ਚਾਹੀਦੀ ਹੈ ਤਾਂ ਉਸ ਦੇ ਪੈਸੇ ਵਾਪਸ ਕੀਤੇ ਜਾਣ।
ਰਮਨਦੀਪ ਕੌਰ ਨੇ ਦੱਸਿਆ ਕਿ ਫਿਰ ਉਹ 50 ਹਜ਼ਾਰ ਰੁਪਏ ਦੇ ਕੇ ਆਪਣੀ ਲੜਕੀ ਨੂੰ ਵਾਪਸ ਲੈ ਕੇ ਆਈ।ਪੀੜਤ ਲੜਕੀ ਨੇ ਦੱਸਿਆ ਕਿ ਉਸ ਨੇ ਐੱਸ.ਐੱਸ.ਪੀ. ਬਠਿੰਡਾ ਨੂੰ ਵੀ ਆਪਣੀ ਦੁੱਖ ਭਰੀ ਕਹਾਣੀ ਸੁਣਾ ਦਿੱਤੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਬੈਂਗਲੁਰੂ ਦੇ ਇਕ ਹੋਟਲ ਵਿਚ ਰੱਖਿਆ ਗਿਆ, ਜਿਥੋਂ ਵੱਖ-ਵੱਖ ਪਾਰਟੀਆਂ ਵਿਚ ਨੱਚਣ ਲਈ ਲਿਜਾਇਆ ਜਾਂਦਾ ਸੀ। ਪਾਰਟੀਆਂ ‘ਚ ਉਸ ਨੂੰ ਅਧਨੰਗੀ ਹਾਲਤ ‘ਚ ਨੱਚਣ ਤੇ ਗਾਹਕਾਂ ਨੂੰ ਸ਼ਰਾਬ ਪਿਆਉਣ ਲਈ ਮਜਬੂਰ ਕੀਤਾ ਜਾਂਦਾ ਸੀ। ਉਕਤ ਨੇ ਦੱਸਿਆ ਕਿ ਉਨ੍ਹਾਂ ਦਾ ਮਕਾਨ ਮਾਲਕ ਹੋਰ ਵੀ ਕਈ ਕੁੜੀਆਂ ਨੂੰ ਬੈਂਗਲੁਰੂ ‘ਚ ਵੇਚ ਚੁੱਕਾ ਹੈ, ਜਿਨ੍ਹਾਂ ਤੋਂ ਉਥੇ ਗਲਤ ਕੰਮ ਕਰਵਾਇਆ ਜਾਂਦਾ ਹੈ। ਦੂਜੇ ਪਾਸੇ ਐੱਸ.ਐੱਸ.ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਮਾਮਲਾ ਧਿਆਨ ਵਿਚ ਆਇਆ ਹੈ, ਜਿਸ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜਲਦੀ ਹੀ ਅਸਲੀਅਤ ਤੋਂ ਪਰਦਾ ਚੁੱਕ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।