ਚੰਡੀਗੜ੍ਹ-ਦਿੱਲੀ ਹਾਈਵੇ ‘ਤੇ ਚਾਰ ਭਲਵਾਨਾਂ ਦੀ ਮੌਤ
ਸਿੰਧੂ ਬਾਰਡਰ ਦੇ ਕੋਲ ਇਕ ਕਾਰ ਹਾਦਸੇ ‘ਚ ਚਾਰ ਨੈਸ਼ਨਲ ਖਿਡਾਰੀਆਂ ਦੀ ਮੌਤ ਹੋ ਗਈ, ਜਦੋਂਕਿ 2 ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਇਹ ਸਾਰੇ ਖਿਡਾਰੀ ਵੇਟ ਲਿਫਟਿੰਗ ਦੇ ਨੈਸ਼ਨਲ ਚੈਂਪਿਅਨ ਸਨ। ਜ਼ਖਮੀ ਦੋ ਖਿਡਾਰੀਆਂ ‘ਚੋਂ ਇਕ ਦਿੱਲੀ ਦੇ ਨਾਂਗਲੋਈ ਦਾ ਸਕਸ਼ਮ ਯਾਦਵ ਹੈ, ਜੋ ਕਿ ਦੋ ਵਾਰ ਵੇਟ ਲਿਫਟਿੰਗ ਦਾ ਵਰਲਡ ਚੈਂਪਿਅਨ ਰਹਿ ਚੁੱਕਾ ਹੈ। ਦੂਸਰੇ ਖਿਡਾਰੀ ਬਾਲੀ ਦੀ ਹਾਲਤ ਵੀ ਨਾਜ਼ੁਕ ਹੈ। ਦੱਸਿਆ ਜਾ ਰਿਹਾ ਹੈ ਕਿ ਸਵਿੱਫਟ ਡਿਜ਼ਾਇਰ ਕਾਰ ਦੀ ਪਹਿਲਾਂ ਡਿਵਾਈਡਰ ਨਾਲ ਅਤੇ ਫਿਰ ਖੰਭੇ ਨਾਲ ਜ਼ੋਰਦਾਰ ਟੱਕਰ ਹੋਈ। ਦੋ ਜ਼ਖਮੀ ਖਿਡਾਰੀਆਂ ਨੂੰ ਨਰੇਲਾ ਦੇ ਸੱਤਿਆਵਾਦੀ ਰਾਜਾ ਹਰੀਸ਼ ਚੰਦਰ ਹਸਪਤਾਲ ਤੋਂ ਮੈਕਸ ਹਸਪਤਾਲ ਸ਼ਾਲੀਮਾਰ ਬਾਗ ਦੇ ਲਈ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਦਿੱਲੀ ਦੇ ਨਰੇਲਾ ਕੋਲ ਸਿੰਧੂ ਬਾਰਡਰ ਹੈ। ਅੱਜ ਸਵੇਰੇ ਇਹ ਕਾਰ ਦਿੱਲੀ ਤੋਂ ਪਾਣੀਪਤ ਵੱਲ ਜਾ ਰਹੀ ਸੀ ਅਚਾਨਕ ਕਾਰ ਦਾ ਸੰਤੁਲਨ ਵਿਗੜਣ ਕਾਰਨ ਕਾਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਪਲਟਦੇ-ਪਲਟਦੇ ਇਕ ਖੰਭੇ ‘ਚ ਵੱਜ ਗਈ। ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ‘ਤੇ ਕਈ ਸੌ ਕਿਲੋਮੀਟਰ ਤੱਕ ਮਾਂਸ ਦੇ ਲੋਥੜੇ ਫੈਲ ਗਏ। ਮੌਕੇ ‘ਤੇ ਪੁੱਜੀ ਪੁਲਸ ਨੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਕਾਰ ਫਸੇ ਲੋਕਾਂ ਨੂੰ ਬਾਹਰ ਕੱਢਿਆ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੀ ਛੱਤ ਉੱਡ ਗਈ। ਹਾਦਸਾ ਗ੍ਰਸਤ ਕਾਰ ‘ਚੋਂ ਖਿਡਾਰੀਆਂ ਦੀ ਕਿੱਟ ਵੀ ਬਰਾਮਦ ਹੋਈ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਇਹ ਖਿਡਾਰੀ ਖੇਡਣ ਲਈ ਜਾ ਰਹੇ ਸਨ। ਕਾਰ ‘ਚ ਪਾਵਰ ਲਿਫਟਿੰਗ ਦੇ ਵਰਲਡ ਚੈਂਪਿਅਨ ਸਮੇਤ 6 ਖਿਡਾਰੀ ਸਨ। ਹਾਦਸੇ ਤੋਂ ਬਾਅਦ ਸਾਰਿਆਂ ਨੂੰ ਨਰੇਲਾ ਦੇ ਸੱਤਿਆਵਾਦੀ ਰਾਜਾ ਹਰੀਸ਼ਚੰਦਰ ਹਸਪਤਾਲ ਲੈ ਜਾਇਆ ਗਿਆ, ਜਿਥੇ ਚਾਰ ਖਿਡਾਰੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਸਕਸ਼ਮ ਯਾਦਵ ਅਤੇ ਬਾਲੀ ਨੂੰ ਗੰਭੀਰ ਹਾਲਤ ‘ਚ ਮੈਕਸ ਹਸਪਤਾਲ ਰੈਫਰ ਕਰ ਦਿੱਤਾ।ਇਸ ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਪਛਾਣ ਟੀਕਮਚੰਦ ਉਰਫ ਟਿੰਕੂ(27) ਯੋਗੇਸ਼ ਉਰਫ ਆਕਾਸ਼(24), ਸੌਰਭ(18) ਅਤੇ ਹਰੀਸ਼(20) ਦੇ ਰੂਪ ‘ਚ ਹੋਈ ਹੈ।
ਫਿਲਹਾਲ ਅਲੀਪੁਰ ਥਾਣਾ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸਕਸ਼ਮ ਯਾਦਵ ਅਤੇ ਬਾਲੀ ਨੂੰ ਰੈਫਰ ਕਰਨ ਤੋਂ ਬਾਅਦ ਮੈਕਸ ਹਸਪਤਾਲ ਸ਼ਾਲੀਮਾਰ ਬਾਗ ‘ਚ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ, ਜਿਥੇ ਉਨ੍ਹਾਂ ਦਾ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।