ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਜਥੇਦਾਰ ਸੰਤ ਕੁਲਵੰਤ ਸਿੰਘ ਦੀ ਤਬੀਅਤ ਨਾਸਾਜ਼ ਹੋ ਜਾਣ ਕਾਰਨ ਬੁੱਧਵਾਰ ਸਵੇਰੇ ਪੰਜ ਪਿਆਰੇ ‘ਚ ਧੂਪੀਆ ਦੀ ਸੇਵਾ ਕਰ ਰਹੇ ਸਿੰਘ ਸਾਹਿਬ ਭਾਈ ਰਾਮ ਸਿੰਘ ਨੂੰ ਪੰਜ ਪਿਆਰੇ ਸਾਹਿਬਾਨ ਵਲੋਂ ਤਖ਼ਤ ਦੇ ਅੰਗੀਠਾ ਸਾਹਿਬ ਦੀ ਮੁੱਖ ਸੇਵਾ ‘ਚ ਸੌਾਪੀ ਗਈ | ਗੁਰਦੁਆਰਾ ਬੋਰਡ ਦੇ ਸਥਾਨਕ ਮੈਂਬਰ ਸਾਹਿਬਾਨ ਅਤੇ ਹਜ਼ੂਰੀ ਸਿੱਖ ਸੰਗਤਾਂ ਵਲੋਂ ਭਾਈ ਰਾਮ ਸਿੰਘ ਦਾ ਸਵਾਗਤ ਕੀਤਾ ਗਿਆ | ਪੂਰੀ ਜਾਣਕਾਰੀ ਇਹ ਹੈ ਕਿ ਸੰਤ ਕੁਲਵੰਤ ਸਿੰਘ ਹਮੇਸ਼ਾ ਵਾਂਗ ਬੁੱਧਵਾਰ ਨੂੰ ਤੜਕੇ ਸਵੇਰੇ ਸਾਢੇ ਤਿੰਨ ਵਜੇ ਅੰਗੀਠਾ ਸਾਹਿਬ ਦੀ ਸੇਵਾ ‘ਚ ਹਾਜ਼ਰ ਹੋਏ | ਅੰਗੀਠਾ ਸਾਹਿਬ ਦੇ ਇਸ਼ਨਾਨ ਅਤੇ ਸ਼ਸਤਰ ਦਰਸ਼ਨ ਦੇ ਬਾਅਦ ਸਵੇਰੇ 5.15 ਵਜੇ ਬਾਬਾ ਜੀ ਅੰਗੀਠਾ ਸਾਹਿਬ ਤੋਂ ਬਾਹਰ ਨਿਕਲੇ ਅਤੇ ਉਨ੍ਹਾਂ ਸੇਵਾਦਾਰਾਂ ਨੂੰ ਤਬੀਅਤ ਨਾਸਾਜ਼ ਹੋ ਜਾਣ ਦੀ ਜਾਣਕਾਰੀ ਦਿੱਤੀ |
ਉਸ ਤੋਂ ਬਾਅਦ ਮੀਤ ਜਥੇਦਾਰ ਸੰਤ ਜਤਿੰਦਰ ਸਿੰਘ, ਮੁੱਖ ਗ੍ਰੰਥੀ ਭਾਈ ਕਸ਼ਮੀਰ ਸਿੰਘ, ਮੀਤ ਗ੍ਰੰਥੀ ਭਾਈ ਅਵਤਾਰ ਸਿੰਘ ਸ਼ੀਤਲ, ਧੂਪੀਆ ਭਾਈ ਰਾਮ ਸਿੰਘ, ਜਥੇਦਾਰ ਬਾਬਾ ਕੁਲਵੰਤ ਸਿੰਘ ਕੋਲ ਪੁੱਜੇ ਅਤੇ ਤਬੀਅਤ ਬਾਰੇ ਪੁੱਛਿਆ |ਉਸ ਸਮੇਂ ਪੰਜ ਪਿਆਰੇ ਸਾਹਿਬਾਨ ਵਲੋਂ ਇਕੱਤਰਤਾ ਕਰ ਭਾਈ ਰਾਮ ਸਿੰਘ ਨੂੰ ਕਾਰਜਕਾਰੀ ਜਥੇਦਾਰ ਦੀ ਜ਼ਿੰਮੇਵਾਰੀ ਦੇਣ ਦਾ ਫੈਸਲਾ ਕੀਤਾ ਗਿਆ | ਇਸ ਫੈਸਲੇ ਬਾਰੇ ਗੁਰਦੁਆਰਾ ਬੋਰਡ ਦੇ ਸੁਪਰਡੈਂਟ ਗੁਰਿੰਦਰ ਸਿੰਘ ਵਾਧਵਾ, ਸਹਾਇਕ ਸਰਬਰਾਹ ਠਾਨ ਸਿੰਘ ਬੁੰਗਾਈ, ਪ੍ਰਸ਼ਾਸਕੀ ਅਧਿਕਾਰੀ ਡੀ. ਪੀ. ਸਿੰਘ ਨੂੰ ਜਾਣੂ ਕਰਵਾਇਆ ਗਿਆ | ਸਵੇਰੇ 6 ਵਜੇ ਧੂਪੀਆ ਭਾਈ ਰਾਮ ਸਿੰਘ ਨੂੰ ਬਾਬਾ ਕੁਲਵੰਤ ਸਿੰਘ ਆਪਣੇ ਨਾਲ ਅੰਗੀਠਾ ਸਾਹਿਬ ਦੀ ਸੇਵਾ ਵਿਚ ਲੈ ਕੇ ਪੁੱਜੇ |ਸੇਵਾ ਸੰਭਾਲ ਉਪਰੰਤ ਬਾਬਾ ਰਾਮ ਸਿੰਘ ਨੇ ਕਿਹਾ ਮੇਰਾ ਜੀਵਨ ਧੰਨ-ਧੰਨ ਹੋ ਗਿਆ | ਏਨੀ ਮਹਾਨ ਸੇਵਾ ਦਾ ਸੁਭਾਗ ਪ੍ਰਾਪਤ ਹੋਣ ਨੂੰ ਨਸੀਬ ਲੱਗਦਾ ਹੈ | ਜ਼ਿਕਰਯੋਗ ਹੈ ਕਿ ਪਹਿਲੀ ਵਾਰ ਜਦੋਂ ਜਥੇਦਾਰ ਨਾਲ ਕੋਈ ਹੋਰ ਵਿਅਕਤੀ ਅੰਗੀਠਾ ਸਾਹਿਬ ‘ਚ ਦਾਖ਼ਲ ਹੋਇਆ | ਪਿਛਲੇ 18 ਸਾਲਾਂ ਤੋਂ ਸੰਤ ਕੁਲਵੰਤ ਸਿੰਘ ਇਕੱਲੇ ਹੀ ਜਥੇਦਾਰ ਦੀ ਕਠਿਨ ਸੇਵਾ ਸੰਭਾਲ ਰਹੇ ਹਨ |ਪਿਛਲੇ 18 ਸਾਲਾਂ ਵਿਚ ਜਥੇਦਾਰ ਕਦੇ ਚਾਰ ਘੰਟੇ ਤੋਂ ਜ਼ਿਆਦਾ ਨਹੀਂ ਸੁੱਤੇ |
ਉਨ੍ਹਾਂ ਦੀ ਸੇਵਾ ਰਾਤੀਂ 3 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਰਾਤੀਂ ਸਾਢੇ ਨੌਾ ਵਜੇ ਤੱਕ ਵੱਖਰੀ-ਵੱਖਰੀ ਸੇਵਾ ਨਿਭਾਉਂਦੇ ਹਨ | ਸੰਤ ਕੁਲਵੰਤ ਸਿੰਘ ਨੇ 18 ਸਾਲ ਅਤੇ 81 ਦਿਨਾਂ ਵਿਚ ਕਦੇ ਵੀ ਛੁੱਟੀ ਨਹੀਂ ਕੀਤੀ |ਸਥਾਨਕ ਮੈਂਬਰਾਂ ਦੀ ਮੀਟਿੰਗ ਪੰਜ ਪਿਆਰੇ ਸਾਹਿਬਾਨ ਦੇ ਫੈਸਲੇ ਉਪਰੰਤ ਗੁਰਦੁਆਰਾ ਬੋਰਡ ਦੇ ਸਥਾਨਕ ਮੈਂਬਰਾਂ ਵਲੋਂ ਇਕੱਤਰਤਾ ਕਰ ਕੇ ਭਾਈ ਰਾਮ ਸਿੰਘ ਨੂੰ ਸਹਾਇਕ ਜਥੇਦਾਰ ਦੇ ਰੂਪ ਵਿਚ ਮਨਜ਼ੂਰੀ ਪ੍ਰਦਾਨ ਕੀਤੀ ਗਈ |ਜਦੋਂ ਤੱਕ ਸੰਤ ਕੁਲਵੰਤ ਸਿੰਘ ਤੰਦਰੁਸਤ ਨਹੀਂ ਹੋ ਜਾਂਦੇ ਸਹਾਇਕ ਜਥੇਦਾਰ ਰਾਮ ਸਿੰਘ ਸੇਵਾ ਕਰਨਗੇ | ਇਕੱਤਰਤਾ ‘ਚ ਸਕੱਤਰ ਭਾਗਿੰਦਰ ਸਿੰਘ ਘੜੀ ਸਾਜ਼, ਸੁਰਜੀਤ ਸਿੰਘ ਗਿੱਲ, ਸ਼ੇਰ ਸਿੰਘ ਫੌਜੀ, ਅਮਰੀਕ ਸਿੰਘ ਵਸਰੀਕਰ, ਸੁਰਿੰਦਰ ਸਿੰਘ, ਰਾਜਿੰਦਰ ਸਿੰਘ ਪੁਜਾਰੀ, ਗੁਰਮੀਤ ਸਿੰਘ ਮਹਾਜਨ, ਰਣਜੀਤ ਸਿੰਘ, ਮੈਨੇਜਿੰਗ ਕਮੇਟੀ ਮੈਂਬਰ ਗੁਲਾਬ ਸਿੰਘ ਕੰਧਾਰ ਵਾਲੇ, ਰਵਿੰਦਰ ਸਿੰਘ ਬੁੰਗਾਈ, ਨੌਨਿਹਾਲ ਸਿੰਘ ਜਾਹਾਗਿਰਦਾਰ, ਸਾਬਕਾ ਪ੍ਰਧਾਨ ਲੱਡੂ ਸਿੰਘ ਮਹਾਜਨ, ਇੰਦਰਜੀਤ ਸਿੰਘ ਗਾਲੀਵਾਲਾ, ਸੁਪਰਡੈਂਟ ਗੁਰਿੰਦਰ ਸਿੰਘ ਵਧਾਵਾ, ਡੀ. ਪੀ. ਸਿੰਘ, ਰਣਜੀਤ ਸਿੰਘ ਚਿਰਾਗੀਆ, ਠਾਨ ਸਿੰਘ ਬੁੰਗਾਈ, ਨਰਾਇਣ ਸਿੰਘ ਨੰਬਰਦਾਰ, ਕਸ਼ਮੀਰ ਸਿਘ ਕਾਰਾਗੀਰ ਅਤੇ ਹੋਰ ਮੌਜੂਦ ਸਨ | ਮੀਟਿੰਗ ‘ਚ ਇਹ ਵੀ ਫੈਸਲਾ ਕੀਤਾ ਗਿਆ ਕਿ ਸੰਤ ਕੁਲਵੰਤ ਸਿੰਘ ਦੇ ਇਲਾਜ ਦਾ ਸਾਰਾ ਪ੍ਰਬੰਧ ਅਤੇ ਖਰਚ ਗੁਰਦੁਆਰਾ ਬੋਰਡ ਵਲੋਂ ਕੀਤਾ ਜਾਵੇਗਾ | ਗੁਰਦੁਆਰਾ ਬੋਰਡ ਦੇ ਪ੍ਰਧਾਨ ਸ: ਤਾਰਾ ਸਿੰਘ ਨੇ ਮੁੰਬਈ ਤੋਂ ਮੈਂਬਰਾਂ ਨਾਲ ਗੱਲਬਾਤ ਕਰਨ ਉਪਰੰਤ ਮੀਟਿੰਗ ਦੇ ਫ਼ੈਸਲੇ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ |