ਅਮਰੀਕਾ ਦੇ ਸੂਬੇ ਕੇਨਟਕੀ ਦੇ ਸ਼ਹਿਰ ਲੈਕਸੀਨਗਟਨ ‘ਚ ਇਕ 22 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਕੇਸ ਦੀ ਸੁਣਵਾਈ ਚੱਲ ਰਹੀ ਹੈ। ਇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਦੋਸ਼ੀ ਟਰੇਅ ਰੇਲਫੋਰਡ ਨੂੰ 31 ਸਾਲਾਂ ਦੀ ਸਜ਼ਾ ਸੁਣਾਈ ਪਰ ਉਸ ਸਮੇਂ ਜੋ ਅਦਾਲਤ ‘ਚ ਹੋਇਆ ਉਸ ਨੂੰ ਦੇਖ ਜੱਜ ਦੇ ਵੀ ਹੰਝੂ ਨਾ ਰੁਕੇ।
ਅਪ੍ਰੈਲ 2015 ‘ਚ 22 ਸਾਲਾ ਸਾਲਾਹੁਦੀਨ ਜਿਟਮੋਡ ਨਾਂ ਦਾ ਨੌਜਵਾਨ ਪਿੱਜ਼ਾ ਦੀ ਡਲਿਵਰੀ ਕਰਨ ਗਿਆ ਸੀ ਤੇ ਰਸਤੇ ‘ਚ ਟਰੇਅ ਅਤੇ ਉਸ ਦੇ ਦੋ ਸਾਥੀਆਂ ਨੇ ਉਸ ਨੂੰ ਘੇਰ ਕੇ ਪਹਿਲਾਂ ਲੁੱਟਿਆ ਤੇ ਫਿਰ ਮੌਤ ਦੇ ਘਾਟ ਉਤਾਰ ਦਿੱਤਾ। ਜਾਂਚ ਮਗਰੋਂ ਪਤਾ ਲੱਗਾ ਕਿ ਇਸ ਦਾ ਕਸੂਰਵਾਰ ਟਰੇਅ ਹੀ ਹੈ, ਉਸ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਮੰਗਲਵਾਰ ਨੂੰ ਜਦ ਇਸ ਮੁਕੱਦਮੇ ਦੀ ਸੁਣਵਾਈ ਹੋ ਰਹੀ ਸੀ ਤਾਂ ਮ੍ਰਿਤਕ ਦੇ ਪਿਤਾ ਨੇ ਅਦਾਲਤ ‘ਚ ਸਭ ਦੇ ਸਾਹਮਣੇ ਕਿਹਾ ਕਿ ਉਹ ਉਸ ਨੂੰ ਮੁਆਫ ਕਰਦਾ ਹੈ। ਉਸ ਨੇ ਕਿਹਾ,”ਮੈਂ ਤੇਰੇ ਤੋਂ ਨਫਰਤ ਨਹੀਂ ਕਰਦਾ, ਤੇਰੇ ਹੱਥੋਂ ਮੇਰੇ ਪੁੱਤ ਦਾ ਕਤਲ ਹੋਇਆ ਪਰ ਇਸ ਦਾ ਦੋਸ਼ੀ ਤੂੰ ਨਹੀਂ ਤੇਰੇ ਅੰਦਰ ਬੈਠਾ ਸ਼ੈਤਾਨ ਸੀ। ਇਸ ਲਈ ਮੈਂ ਉਸ ਸ਼ੈਤਾਨ ਨੂੰ ਨਫਰਤ ਕਰਦਾ ਹਾਂ।
ਮੈਂ ਨਹੀਂ ਚਾਹੁੰਦਾ ਕਿ ਮੇਰੇ ਪੁੱਤ ਦੇ ਕਤਲ ਦੇ ਭਾਰ ਨਾਲ ਤੇਰੀ ਜ਼ਿੰਦਗੀ ਵੀ ਖਰਾਬ ਹੋਵੇ।” ਇਸ ਮਗਰੋਂ ਬਜ਼ੁਰਗ ਪਿਤਾ ਨੇ ਉਸ ਦੋਸ਼ੀ ਨੂੰ ਗਲ ਨਾਲ ਲਗਾ ਲਿਆ। ਉੱਥੇ ਬੈਠੇ ਹਰੇਕ ਵਿਅਕਤੀ ਦੀ ਅੱਖ ਭਰ ਗਈ ਤੇ ਜੱਜ ਦੇ ਵੀ ਹੰਝੂ ਨਾ ਰੁਕ ਸਕੇ।
Sikh Website Dedicated Website For Sikh In World