ਜੇਕਰ ਤੁਹਾਡੇ ਖਾਤੇ ‘ਚ ਪੈਸੇ ਹਨ ਪਰ ਜੇਬ ‘ਚ ਨਹੀਂ ਅਤੇ ਬੱਸ ‘ਚ ਜਾਣਾ ਵੀ ਜ਼ਰੂਰੀ ਹੈ, ਤਾਂ ਜਲਦ ਮਸ਼ੀਨ ‘ਤੇ ਅੰਗੂਠਾ ਲਾ ਕੇ ਸਫਰ ਕੀਤਾ ਜਾ ਸਕੇਗਾ। ਖਬਰਾਂ ਮੁਤਾਬਕ, ਇਹ ਪ੍ਰੀਖਣ ਉੱਤਰ ਪ੍ਰਦੇਸ਼ ‘ਚ ਸ਼ੁਰੂ ਹੋਣ ਵਾਲਾ ਹੈ। ਜੇਕਰ ਉੱਥੇ ਇਹ ਪ੍ਰੀਖਣ ਸਫਲ ਹੁੰਦਾ ਹੈ ਤਾਂ ਬਾਕੀ ਸੂਬੇ ਵੀ ਇਸ ਨੂੰ ਅਪਣਾ ਸਕਦੇ ਹਨ।

ਇਸ ਸੁਵਿਧਾ ਤਹਿਤ ਕੰਡਕਟਰ ਨੂੰ ਇਕ ਮਸ਼ੀਨ ਦਿੱਤੀ ਜਾਵੇਗੀ, ਜਿਸ ‘ਤੇ ਅੰਗੂਠਾ ਲਾਉਂਦੇ ਹੀ ਆਧਾਰ ਨਾਲ ਲਿੰਕ ਖਾਤੇ ਦੀ ਜਾਣਕਾਰੀ ਸਾਹਮਣੇ ਆ ਜਾਵੇਗੀ ਅਤੇ ਯਾਤਰੀ ਵੱਲੋਂ ਉਸ ‘ਚ ਪਿਨ ਭਰਨ ‘ਤੇ ਖਾਤੇ ‘ਚੋਂ ਪੈਸੇ ਕੱਟ ਜਾਣਗੇ। ਇਸ ਤਰੀਕੇ ਨਾਲ ਕੋਈ ਧੋਖਾਧੜੀ ਨਾ ਹੋਵੇ ਇਸ ਲਈ ਟਿਕਟ ‘ਤੇ ਬੈਂਕ ਖਾਤੇ ‘ਚੋਂ ਹੋਏ ਲੈਣ-ਦੇਣ ਦਾ ਪੂਰਾ ਵੇਰਵਾ ਰਹੇਗਾ।
ਖਬਰਾਂ ਮੁਤਾਬਕ, ਉੱਤਰ ਪ੍ਰਦੇਸ਼ ਦਾ ਟਰਾਂਸਪੋਰਟ ਵਿਭਾਗ ਰੋਡਵੇਜ਼ ਦੀਆਂ ਬੱਸਾਂ ‘ਚ ਜਲਦ ਹੀ ‘ਕੈਸ਼ਲੈੱਸ ਸਫਰ’ ਦੀ ਸੁਵਿਧਾ ਦੇਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਕੈਸ਼ਲੈੱਸ ਟਿਕਟਿੰਗ ਲਈ ਮਸ਼ੀਨਾਂ ਦਾ ਪ੍ਰੀਖਣ ਚੱਲ ਰਿਹਾ ਹੈ। ਇਸ ‘ਤੇ ਮੋਹਰ ਲੱਗਦੇ ਹੀ ਸਰਕਾਰੀ ਬੱਸਾਂ ‘ਚ ਇਹ ਵਿਵਸਥਾ ਲਾਗੂ ਹੋ ਜਾਵੇਗੀ।

ਕਿਹਾ ਜਾ ਰਿਹਾ ਹੈ ਕਿ ਨਵੀਂ ਮਸ਼ੀਨ ਪਿਛਲੀ ਈ-ਟਿਕਟਿੰਗ ਮਸ਼ੀਨ ਨਾਲੋਂ ਵੱਖਰੀ ਹੋਵੇਗੀ। ਇਸ ‘ਚ ਡੈਬਿਟ-ਕ੍ਰੈਡਿਟ ਕਾਰਡ, ਭੀਮ ਐਪ ਅਤੇ ਅੰਗੂਠਾ ਲਾ ਕੇ ਪੇਮੈਂਟ ਕਰਨ ਦੀ ਵਿਵਸਥਾ ਹੋਵੇਗੀ, ਯਾਨੀ ਇਕ ਹੀ ਮਸ਼ੀਨ ‘ਚ ਸਾਰੇ ਤਰ੍ਹਾਂ ਦੇ ਭੁਗਤਾਨ ਦੀ ਵਿਵਸਥਾ ਹੋਵੇਗੀ।
ਯਾਤਰੀ ਆਪਣੀ ਸੁਵਿਧਾ ਮੁਤਾਬਕ, ਡੈਬਿਟ-ਕ੍ਰੈਡਿਟ ਕਾਰਡ ਜਾਂ ਭੀਮ ਐਪ ਜਾਂ ਫਿਰ ਅੰਗੂਠਾ ਲਾ ਕੇ ਪੇਮੈਂਟ ਕਰਕੇ ਟਿਕਟ ਲੈ ਸਕੇਗਾ। ਜਾਣਕਾਰੀ ਮੁਤਾਬਕ, ਕੈਸ਼ਲੈੱਸ ਵਿਵਸਥਾ ਨੂੰ ਉਤਸ਼ਾਹਤ ਕਰਨ ਲਈ ਨਵਾਂ ਸਾਫਟਵੇਅਰ ਤਿਆਰ ਕੀਤਾ ਜਾਵੇਗਾ। ਜੇਕਰ ਇਹ ਵਿਵਸਥਾ ਲਾਗੂ ਹੁੰਦੀ ਹੈ ਤਾਂ ਕੈਸ਼ਲੈੱਸ ਮੁਹਿੰਮ ‘ਚ ਸਰਕਾਰੀ ਬੱਸਾਂ ਦਾ ਅਹਿਮ ਯੋਗਦਾਨ ਹੋ ਸਕਦਾ ਹੈ। ਇਸ ਨਾਲ ਭ੍ਰਿਸ਼ਟਾਚਾਰ ‘ਤੇ ਵੀ ਕਾਫੀ ਹੱਦ ਤਕ ਨਕੇਲ ਕੱਸੀ ਜਾ ਸਕੇਗੀ।
Sikh Website Dedicated Website For Sikh In World