ਨਵੀਂ ਦਿੱਲੀ— ਦੁਨੀਆ ‘ਚ ਘੁੰਮਣ-ਫਿਰਨ ਦਾ ਸ਼ੌਂਕ ਕਿਸ ਨੂੰ ਨਹੀਂ ਹੁੰਦਾ ਅਤੇ ਜੇਕਰ ਇਕ ਹੀ ਪਾਸਪੋਰਟ ‘ਤੇ ਕਈ ਦੇਸ਼ਾਂ ‘ਚ ਘੁੰਮਣ ਦਾ ਮੌਕਾ ਮਿਲ ਜਾਵੇ ਤਾਂ ਖੁਸ਼ੀ ਦੁਗਣੀ ਹੋ ਜਾਂਦੀ ਹੈ। ਸਾਲ 2017 ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ‘ਚ ਉਨ੍ਹਾਂ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੇ ਪਾਸਪੋਰਟ ‘ਤੇ ਬਿਨਾਂ ਵੀਜ਼ਾ ਕਈ ਦੇਸ਼ਾਂ ਦੀ ਸੈਰ ਕੀਤੀ ਜਾ ਸਕਦੀ ਹੈ ਅਤੇ ਨਾਲ ਹੀ ਕਈ ਸਹੂਲਤਾਂ ਮਿਲਦੀਆਂ ਹਨ। ਨੋਮਾਦ ਕੈਪੀਟਲ ਫਰਮ ਵੱਲੋਂ ਇਨ੍ਹਾਂ ਪਾਸਪੋਰਟਾਂ ‘ਤੇ ਇਕ ਰਿਪੋਰਟ ਜਾਰੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਸਵੀਡਨ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਹੈ। ਇਸ ‘ਤੇ ਸਵੀਡਸ਼ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ। ਇਸ ਰਿਪੋਰਟ ‘ਚ ਦੁਨੀਆ ਭਰ ਦੇ 199 ਦੇਸ਼ਾਂ ਦੇ ਪਾਸਪੋਰਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਇਸ ਰਿਪੋਰਟ ‘ਚ ਭਾਰਤ ਸ਼ਾਮਲ ਨਹੀਂ ਹੈ। ਆਓ ਜਾਣਦੇ ਹਾਂ ਇਨ੍ਹਾਂ ਪਾਸਪੋਰਟਾਂ ਦੀ ਤਾਕਤ :—
ਸਵੀਡਨ— ਸਵੀਡਨ ਨੂੰ ਇਸ ਪਾਸਪੋਰਟ ਸੂਚਕ ਅੰਕ ‘ਚ 109 ਨੰਬਰ ਦਿੱਤੇ ਗਏ ਹਨ। ਇਹ ਨੰਬਰ ਇਸ ਆਧਾਰ ‘ਤੇ ਤੈਅ ਹੁੰਦੇ ਹਨ ਕਿ ਕਿਸੇ ਦੇਸ਼ ਦੇ ਨਾਗਰਿਕ ਕਿੰਨੇ ਦੇਸ਼ਾਂ ‘ਚ ਬਿਨਾਂ ਵੀਜ਼ਾ ਜਾਂ ਵੀਜ਼ਾ ਆਨ ਅਰਾਈਵਲ ‘ਤੇ ਦਾਖਲ ਹੋ ਸਕਦੇ ਹਨ। ਰਿਪੋਰਟ ਮੁਤਾਬਕ, ਸਵੀਡਸ਼ ਨਾਗਰਿਕ ਨਾ ਸਿਰਫ ਬਿਨਾਂ ਵੀਜ਼ਾ 176 ਦੇਸ਼ਾਂ ਨੂੰ ਜਾ ਸਕਦੇ ਹਨ ਸਗੋਂ ਵਿਦੇਸ਼ਾਂ ‘ਚ ਸ਼ਾਨਦਾਰ ਪ੍ਰਤਿਸ਼ਠਾ ਦਾ ਆਨੰਦ ਵੀ ਮਾਣਦੇ ਹਨ। ਜਿਵੇਂ ਕਿ ਦੋਹਰੀ ਜਾਂ ਮਲਟੀਪਲ ਨਾਗਰਿਕਤਾ, ਉੱਚ ਪੱਧਰ ਦੀ ਨਿੱਜੀ ਆਜ਼ਾਦੀ ਅਤੇ ਵਿਦੇਸ਼ ਜਾ ਕੇ ਆਸਾਨੀ ਨਾਲ ਸਵੀਡਸ਼ ਟੈਕਸਾਂ ਤੋਂ ਬਚ ਸਕਦੇ ਹਨ।
ਬੈਲਜੀਅਮ— ਇਸ ਰਿਪੋਰਟ ‘ਚ ਦੂਜੇ ਨੰਬਰ ‘ਤੇ ਬੈਲਜੀਅਮ ਹੈ, ਜਿਸ ਦੇ ਨਾਗਰਿਕ ਨਾ ਸਿਰਫ ਖੁੱਲ੍ਹੇ ਤਰੀਕੇ ਨਾਲ ਯੂਰਪ ਘੁੰਮ ਸਕਦੇ ਹਨ ਸਗੋਂ ਦੁਨੀਆ ਭਰ ਦੇ 174 ਦੇਸ਼ਾਂ ਦੀ ਸੈਰ ਕਰ ਸਕਦੇ ਹਨ। ਬੈਲਜੀਅਮ ਦੇ ਨਾਗਰਿਕ ਵੀ ਦੋਹਰੀ ਨਾਗਰਿਕਤਾ ਦਾ ਆਨੰਦ ਲੈ ਸਕਦੇ ਹਨ।
ਸਪੇਨ ਅਤੇ ਇਟਲੀ— ਨੋਮਾਦ ਪਾਸਪੋਰਟ ਸਕੋਰ ‘ਚ ਇਟਲੀ ਅਤੇ ਸਪੇਨ ਦੋਹਾਂ ਨੂੰ ਇਕੋ-ਜਿਹੇ 107.5 ਅੰਕ ਮਿਲੇ ਹਨ। ਰਿਪੋਰਟ ਮੁਤਾਬਕ ਸਪੈਨਿਸ਼ ਪਾਸਪੋਰਟ ਧਾਰਕ ਪੂਰੇ ਯੂਰਪ ‘ਚ ਬਿਨਾਂ ਕਿਸੇ ਰੋਕ-ਟੋਕ ਦੇ ਘੁੰਮਣ ਦਾ ਮਜ਼ਾ ਲੈਂਦੇ ਹਨ। ਇਸ ਦੇ ਨਾਲ ਹੀ 175 ਦੇਸ਼ਾਂ ਨੂੰ ਬਿਨਾਂ ਵੀਜ਼ਾ ਘੁੰਮਣ ਜਾ ਸਕਦੇ ਹਨ। ਸਪੇਨ ਆਪਣੇ ਨਾਗਰਿਕਾਂ ਨੂੰ ਦੋਹਰੀ ਨਾਗਰਿਤਾ ਲੈਣ ਦੀ ਵੀ ਇਜਾਜ਼ਤ ਦਿੰਦਾ ਹੈ ਅਤੇ ਇਸ ਦੇ ਨਾਗਰਿਕ ਟੈਕਸ ਜਾਂ ਆਜ਼ਾਦੀ ਦੀ ਚਿੰਤਾ ਕੀਤੇ ਬਿਨਾਂ ਵਿਦੇਸ਼ਾਂ ‘ਚ ਰਹਿ ਸਕਦੇ ਹਨ। ਜਦੋਂ ਕਿ ਇਟਲੀ ਆਪਣੇ ਵਸਨੀਕ ਨਾਗਰਿਕਾਂ ‘ਤੇ ਭਾਰੀ ਟੈਕਸ ਲਾਉਂਦਾ ਹੈ ਪਰ ਇਸ ਦਾ ਪਾਸਪੋਰਟ ਦੁਨੀਆ ਦੇ ਤਾਕਤਵਰ ਪਾਸਪੋਰਟਾਂ ‘ਚੋਂ ਇਕ ਹੈ। ਇਸ ਦੇ ਨਾਗਰਿਕ ਵੀ 175 ਦੇਸ਼ਾਂ ਦੀ ਆਸਾਨੀ ਨਾਲ ਸੈਰ ਕਰ ਸਕਦੇ ਹਨ ਅਤੇ ਦੋਹਰੀ ਨਾਗਰਿਕਤਾ ਰੱਖ ਸਕਦੇ ਹਨ।
ਆਇਰਲੈਂਡ—ਆਇਰਿਸ਼ ਨਾਗਰਿਕ ਆਪਣੇ ਪਾਸਪੋਰਟ ‘ਤੇ 172 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ ਅਤੇ ਨਾਲ ਹੀ ਯੂਰਪੀ ਸੰਘ ‘ਚ ਘੁੰਮਣ ਦੀ ਆਜ਼ਾਦੀ ਵੀ ਮਿਲਦੀ ਹੈ। ਇਸ ਰਿਪੋਰਟ ‘ਚ ਆਇਰਲੈਂਡ ਨੂੰ 107 ਸਕੋਰ ਦੇ ਨਾਲ 5ਵਾਂ ਸਥਾਨ ਦਿੱਤਾ ਗਿਆ ਹੈ।
ਫਿਨਲੈਂਡ ਤੇ ਜਰਮਨੀ— ਉੱਥੇ ਹੀ ਇਨ੍ਹਾਂ ਦੇਸ਼ਾਂ ਤੋਂ ਬਾਅਦ ਫਿਨਲੈਂਡ ਤੇ ਜਰਮਨੀ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਨੂੰ 106.5 ਅੰਕ ਦਿੱਤੇ ਗਏ ਹਨ। ਫਿਨਿਸ਼ ਸਿਟੀਜ਼ਨ 175 ਦੇਸ਼ਾਂ ਦੀ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ। ਜਰਮਨ ਦੇ ਪਾਸਪੋਰਟ ‘ਤੇ 176 ਦੇਸ਼ਾਂ ‘ਚ ਬਿਨਾਂ ਵੀਜ਼ਾ ਜਾਣ ਦੀ ਇਜਾਜ਼ਤ ਮਿਲਦੀ ਹੈ। ਹਾਲਾਂਕਿ ਇਨ੍ਹਾਂ ਦੇ ਪਾਸਪੋਰਟ ‘ਤੇ ਜ਼ਿਆਦਾ ਸੁਵਿਧਾਵਾਂ ਨਹੀਂ ਹਨ। ਦੋਹਰੀ ਨਾਗਰਿਕਤਾ ਅਤੇ ਨਿੱਜੀ ਆਜ਼ਾਦੀ ‘ਤੇ ਥੋੜ੍ਹੀਆਂ ਜਿਹੀਆਂ ਪਾਬੰਦੀਆਂ ਹੋਣ ਕਾਰਨ ਇਨ੍ਹਾਂ ਦੋਹਾਂ ਦੇਸ਼ਾਂ ਨੂੰ 6ਵੇਂ ਨੰਬਰ ‘ਤੇ ਰੱਖਿਆ ਗਿਆ ਹੈ।
ਇਨ੍ਹਾਂ ਦੇਸ਼ਾਂ ਤੋਂ ਬਾਅਦ ਡੈਨਮਾਰਕ, ਸਵਿਟਜ਼ਰਲੈਂਡ ਤੇ ਲਕਜ਼ਮਬਰਗ ਹਨ, ਇਨ੍ਹਾਂ ਤਿੰਨਾਂ ਦੇਸ਼ਾਂ ਦੀ ਰੈਕਿੰਗ ਇਕ ਹੈ ਜਿਸ ਕਾਰਨ ਇਨ੍ਹਾਂ ਨੂੰ ਇਕੱਠੇ ਰੱਖਿਆ ਗਿਆ ਹੈ। ਇਸ ਤੋਂ ਬਾਅਦ ਨੰਬਰ ਫਰਾਂਸ ਤੇ ਨਿਊਜ਼ੀਲੈਂਡ ਅਤੇ ਪੁਰਤਗਾਲ, ਕੈਨੇਡਾ ਦਾ ਆਉਂਦਾ ਹੈ। ਕੈਨੇਡਾ ਨੂੰ ਇਸ ਰਿਪੋਰਟ ‘ਚ 104 ਸਕੋਰ ਦੇ ਨਾਲ 14ਵੀਂ ਰੈਕਿੰਗ ਦਿੱਤੀ ਗਈ ਹੈ। ਇਸ ਦੇ ਨਾਗਰਿਕ 172 ਦੇਸ਼ਾਂ ਦੀ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ। ਨੋਮਾਦ ਕੈਪੀਟਲ ਫਰਮ ਵੱਲੋਂ ਇਹ ਰਿਪੋਰਟ 5 ਤੱਥਾਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ, ਜਿਸ ‘ਚ ਵੀਜ਼ਾ ਮੁਕਤ ਯਾਤਰਾ, ਇੰਟਰਨੈਸ਼ਨਲ ਟੈਕਸੇਸ਼ਨ, ਅਨੁਭਵ, ਦੋਹਰੀ ਨਾਗਰਿਕਤਾ ਅਤੇ ਨਿੱਜੀ ਆਜ਼ਾਦੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਰਿਪੋਰਟ ‘ਚ ਸ਼ਾਮਲ ਦੇਸ਼ਾਂ ਦੇ ਲੋਕਾਂ ਨੂੰ ਕਈ ਦੇਸ਼ਾਂ ਲਈ ਬਿਨਾਂ ਵੀਜ਼ਾ ਅਤੇ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਮਿਲਦੀ ਹੈ। ਬਿਨਾਂ ਵੀਜ਼ਾ ਯਾਤਰਾ ‘ਚ ਵੀਜ਼ਾ ਆਨ ਅਰਾਈਵਲ ਅਤੇ ਈ-ਵੀਜ਼ਾ ਸੁਵਿਧਾਵਾਂ ਸ਼ਾਮਲ ਹਨ ਯਾਨੀ ਬਿਨਾਂ ਵੀਜ਼ਾ ਦਾ ਮਤਲਬ ਇਹ ਨਹੀਂ ਹੈ ਕਿ ਇਨ੍ਹਾਂ ਦੇਸ਼ਾਂ ਦੇ ਲੋਕ ਸਾਰੀ ਜਗ੍ਹਾ ਬਿਨਾਂ ਵੀਜ਼ਾ ਹੀ ਸੈਰ ਕਰ ਸਕਦੇ ਹਨ। ਕਿਸੇ ਦੇਸ਼ ਲਈ ਉਨ੍ਹਾਂ ਨੂੰ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਮਿਲਦੀ ਹੈ, ਕਿਸੇ ਲਈ ਈ-ਵੀਜ਼ਾ ਅਤੇ ਕਿਸੇ ਲਈ ਵੀਜ਼ੇ ਦੀ ਲੋੜ ਨਹੀਂ ਪੈਂਦੀ। ਵੀਜ਼ਾ ਆਨ ਅਰਾਈਵਲ ਤਹਿਤ ਲੋਕਾਂ ਨੂੰ ਪਹੁੰਚਣ ‘ਤੇ ਵੀਜ਼ਾ ਮਿਲਦਾ ਹੈ।