ਜਾਣੋ ਕੀ ਹੈ ਅਸਲੀ ਸਚਾਈ-ਸੋਸ਼ਲ ਮੀਡੀਆ ਤੇ ਫੈਲ ਗਈ #ਝੂਠੀ_ਖਬਰ…
ਵੱਡੀ ਖਬਰ-ਖ਼ੁਦਕੁਸ਼ੀ ਕਰਨ ਵਾਲਾ ਸਰਦਾਰ ਊਧਮ ਸਿੰਘ ਦਾ ਪੋਤਰਾ ਨਹੀਂ
ਬਹੁਤ ਸਾਰੇ ਸੱਜਣ ਵੱਖ-ਵੱਖ ਮੀਡੀਆ ਵਸੀਲਿਆਂ ਦੀਆਂ ਖ਼ਬਰਾਂ ਦੇ ਅਧਾਰ ‘ਤੇ ਪੁੱਛ ਰਹੇ ਨੇ ਕਿ ਕੀ ਇਹ ਸੱਚ ਹੈ ਕਿ ਸ਼ਹੀਦ ਊਧਮ ਸਿੰਘ ਜੀ ਦਾ ਪੋਤਾ ਖ਼ੁਦਕੁਸ਼ੀ ਕਰ ਗਿਆ ਹੈ। ਸਾਲ-ਦੋ ਸਾਲ ਪਹਿਲਾਂ ਵੀ ਜਦ ਏਦਾਂ ਦੀ ਬਹਿਸ ਚੱਲੀ ਸੀ ਤਾਂ ਮੈਂ ਰਾਕੇਸ਼ ਕੁਮਾਰ (ਜੋ ਸੁਨਾਮ ਤੋਂ ਹਨ) ਨਾਲ਼ ਇਕ ਇੰਟਰਵਿਊ ਉਚੇਚੇ ਤੌਰ ‘ਤੇ ਏਸੇ ਜਗਿਆਸਾ ਵਸ ਕੀਤੀ ਸੀ ਕਿ ਕੀ ਊਧਮ ਸਿੰਘ ਜੀ ਦਾ ਕੋਈ ਪੋਤਾ ਹੈ। ਉਨ੍ਹਾਂ ਅਨੁਸਾਰ, ਜਦੋਂ ਊਧਮ ਸਿੰਘ ਦੀਆਂ ਅਸਥੀਆਂ ਲਿਆਉਣੀਆਂ ਸਨ ਤਾਂ ਗਿਆਨੀ ਜੈਲ ਨੇ ਇਕ ਆਸ ਕੌਰ ਨਾਂਅ ਦੀ ਬੀਬੀ ਨੂੰ ਵਾਰਸ ਦੇ ਤੌਰ ‘ਤੇ ਖੜ੍ਹਾ ਕਰਕੇ ਇਹ ਮਸਲਾ ਹੱਲ ਕੀਤਾ ਸੀ (ਆਸ ਕੌਰ ਸ਼ਾਇਦ ਅੱਗੇ ਤੋਂ ਅੱਗੇ ਊਧਮ ਸਿੰਘ ਹੁਰਾਂ ਦੇ ਵੰਸ਼ ‘ਚੋਂ ਸੀ)। ਆਸ ਕੌਰ ਦੀ ਬਾਅਦ ‘ਚ ਚਚੇਰੀ ਭੈਣ ਦੇ ਤੌਰ ‘ਤੇ ਪੈਨਸ਼ਨ ਵੀ ਲਾਈ ਗਈ। ਮੀਡੀਆ ਹੁਣ ਜਿਸ ਪੀੜੀ ਨੂੰ ਊਧਮ ਸਿੰਘ ਦੇ ਪੋਤੇ ਦੇ ਤੌਰ ‘ਤੇ ਜੋੜ ਰਿਹਾ ਹੈ ਉਹ ਆਸ ਕੌਰ ਦੇ ਮੁੰਡੇ ਦੇ ਮੁੰਡੇ ਦੇ ਗਾਂਹ ਮੁੰਡੇ ਹਨ। ਹਕੀਕਤ ਇਹ ਹੈ ਕਿ ਊਧਮ ਸਿੰਘ (ਸ਼ੇਰ ਸਿੰਘ) ਤੇ ਸਾਧੂ ਸਿੰਘ ਹੁਰੀਂ ਦੋ ਭਰਾ ਸਨ, ਜੋ ਯਤੀਮਖ਼ਾਨੇ ‘ਚ ਪਲੇ। ਸਾਧੂ ਸਿੰਘ ਦੀ ਬਾਰ੍ਹਾਂ-ਤੇਰ੍ਹਾਂ ਸਾਲ ਦੀ ਉਮਰ ‘ਚ ਮੌਤ ਹੋ ਜਦਕਿ ਊਧਮ ਸਿੰਘ ਸ਼ਹੀਦ ਹੋ ਗਿਆ। ਇਹ ਮੀਡੀਆ ਦੀ ਗੜਬੜੀ ਹੈ, ਸੋ ਇਤਿਹਾਸ ਦਾ ਅਨਰਥ ਨਾ ਕਰੋ। ਹਾਂ, ਖ਼ੁਦਕੁਸ਼ੀ ਕੋਈ ਵੀ ਕਰੇ ਮੰਦਭਾਗੀ ਹੈ-ਤੇ ਮੈਨੂੰ ਨਿੱਜੀ ਤੌਰ ‘ਤੇ ਇਸ ਖ਼ੁਦਕੁਸ਼ੀ ਦਾ ਵੀ ਦੁੱਖ ਹੈ, ਖ਼ੁਦਕੁਸ਼ੀ ਪੀੜਤ ਪਰਵਾਰ ਦੀ ਪੂਰੀ ਸਹਾਇਤਾ ਸਰਕਾਰ ਨੂੰ ਕਰਨੀ ਚਾਹੀਦੀ ਹੈ। ਇਸ ਸ਼ੰਕੇ ਦੀ ਨਵਿਰਤੀ ਲਈ ਰਾਕੇਸ਼ ਕੁਮਾਰ ਹੁਰਾਂ ਵੱਲੋਂ ਖੋਜੀ ਊਧਮ ਸਿੰਘ ਹੁਰਾਂ ਦੀ ਬੰਸਾਵਲੀ ਤੁਹਾਡੇ ਸਨਮੁਖ ਕਰ ਰਿਹਾ ਹਾਂ, ਬਾਕੀ ਖੋਜ ਤੁਸੀਂ ਵੀ ਆਪਣੇ ਪੱਧਰ ‘ਤੇ ਕਰਦੇ ਰਿਹੋ।