ਸ਼ਹੀਦ ਕਿਸੇ ਵੀ ਕੌਮ ਦਾ ਅਮੁੱਲਾ ਸਰਮਾਇਆ ਹੁੰਦੇ ਹਨ। ਸਿੱਖ ਇਤਿਹਾਸ ਤਾਂ ਹੈ ਹੀ ਸ਼ਹੀਦਾਂ ਦਾ ਮਾਣ ਮੱਤਾ ਇਤਿਹਾਸ। ਗੁਰੂ ਜੀ ਨੇ ਬਾਣੀ `ਚ ਸੀਸ ਤਲੀ ਤੇ ਧਰਨ ਦਾ ਸਿਰਫ ਉਪਦੇਸ਼ ਹੀ ਨਹੀ ਦਿੱਤਾ ਸਗੋਂ ਉਸ ਤੇ ਖ਼ੁਦ ਅਮਲ ਕਰਕੇ ਇਹ ਸਬਕ ਦ੍ਰਿੜ ਵੀ ਕਰਵਾਇਆਂ ਹੈ।
ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹੀਦੀ ਤੋਂ ਆਰੰਭ ਹੋ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਧਰਮ ਦੀ ਰੱਖਿਆ ਕਰਦਿਆਂ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਸ਼ਹੀਦੀਆਂ, ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਨੇਕਾਂ ਸਿੰਘਾਂ ਸਮੇਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਇਹ ਸਿਲਸਿਲਾ ਬਾਬਾ ਬੰਦਾ ਬਹਾਦਰ, ਛੋਟੇ ਅਤੇ ਵੱਡੇ ਘਲੂਘਾਰੇ ਰਾਹੀਂ ਹੁੰਦਾ ਹੋਇਆ ਅੱਜ ਦੇ ਆਧੁਨਿਕ ਸਮੇਂ ਤਾਈਂ ਨਿਰੰਤਰ ਜਾਰੀ ਹੈ।
ਅੱਜ ਅਸੀਂ ਇਸੇ ਲੜੀ ਦੇ ਅਣਮੋਲ ਹੀਰੇ, ਨਿੱਕੀਆਂ ਉਮਰਾਂ `ਚ ਵੱਡੇ ਸਾਕੇ ਕਰਨ ਵਾਲੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ। ਜਿਥੇ ਸਾਹਿਬਜ਼ਾਦਿਆਂ ਵੱਲੋਂ ਨਿੱਕੀਆਂ ਉਮਰਾਂ `ਚ ਕੀਤੇ ਗਏ ਵੱਡੇ ਸਾਕੇ ਸਾਡੇ ਪ੍ਰੇਰਨਾ ਸਰੋਤ ਹਨ ਉਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਹੱਕ, ਸੱਚ ਧਰਮ ਦੀ ਰਾਖੀ ਕਰਿਆ ਅਤੇ ਜੁਲਮ ਦੇ ਖਾਤਮੇ ਲਈ ਤਤਪਰ ਰਹੀਏ। ਚਾਹੀਦਾ ਤਾਂ ਇਹ ਸੀ ਕਿ ਅਸੀਂ ਆਪਣੇ ਪ੍ਰੇਰਣਾ ਸਰੋਤਾਂ ਦੀ ਉਸੇ ਰੂਪ `ਚ ਸਾਂਭ-ਸੰਭਾਲ ਕਰਦੇ ਪਰ ਕਾਰ ਸੇਵਾ ਵਾਲੇ ਬਾਬਿਆਂ ਨੇ ਜਿਥੇ ਇਤਿਹਾਸਕ ਯਾਦਗਾਰਾਂ ਨੂੰ ਸੰਗਮਰਮਰ ਦੇ ਥੱਲੇ ਦੱਬ ਦਿੱਤਾ ਹੈ ਉਥੇ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਇਤਿਹਾਸਕ ਤਾਰੀਖਾਂ ਨੂੰ ਵਿਗਾੜਨ `ਚ ਆਪਣਾ ਯੋਗਦਾਨ ਪਾ ਰਹੀ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਅਦੁੱਤੀ ਸ਼ਹੀਦੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਧਰਮ ਦੀ ਰੱਖਿਆ ਕਰਨ ਨਾਲ ਉਮਰਾਂ ਦਾ ਕੋਈ ਸਬੰਧ ਨਹੀਂ ਹੁੰਦਾ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ, ਜਿਨ੍ਹਾਂ ਨੂੰ ਮੁਗਲ ਹਕੂਮਤ ਦੇ ਡਰਾਵੇ ਅਤੇ ਲਾਲਚ ਵੀ ਆਪਣੇ ਧਰਮ ਤੋਂ ਨਹੀ ਡੌਲ੍ਹਾ ਸਕੇ, ਇਹ ਸ਼ਹੀਦੀਆਂ ਅੱਜ ਵੀ ਸਾਨੂੰ ਸੁਨੇਹਾ ਦਿੰਦੀਆਂ ਹਨ ਕਿ ਧਰਮ ਦਾ ਸੌਦਾ ਨਹੀ ਕਰਨਾ।