ਐਸੇ ਕਰ ਕੇ ਧੀ ਜੰਮਣ ਤੋਂ ਮਾਪੇ ਡਰਦੇ ਨੇ………
ਇਹਨਾਂ ਦਿਨਾਂ ਵਿੱਚ ਬੀ.ਏ. ਦੇ ਪੇਪਰ ਹੋ ਰਹੇ ਹਨ। ਮੈਂ ਆਪਣੀ ਭੈਣ ਨਾਲ ਕਾਲਜ ਗਈ। ਮੈਂ ਬਾਹਰ ਬੈਠੀ ਸੀ। ਇੱਕ ਕੁੜੀ ਨੂੰ ਉਸਦਾ ਦਾਦਾ ਪੇਪਰ ਦਵਾਉਣ ਆਇਆ। ਉਹ ਕਾਲਜ ਦੇ ਬਾਹਰ ਸੜਕ ਉੱਤੇ ਹੀ ਰੁੱਕ ਗਿਆ। ਉਹ ਕੁੜੀ ਮੇਨ ਗੇਟ ਤੋਂ ਅੰਦਰ ਆਈ। ਕਾਲਜ ਬਿਲਡਿੰਗ ਦੇ ਪਿਛਲੇ ਪਾਸੇ ਜਾ ਕੇ ਕਾਲੇ ਸ਼ੀਸ਼ਿਆਂ ਵਾਲੀ ਕਾਰ ‘ਚ ਬੈਠੀ ਅਤੇ ਆਪਣੇ ਦਾਦੇ ਦੀਆਂ ਅੱਖਾਂ ਵਿੱਚ ਮਿੱਟੀ ਪਾ ਕੇ ਯਾਰ ਨਾਲ ਤੁਰ ਗਈ।
ਮੇਰੇ ਨਾਲ ਬੈਠੀ ਕੁੜੀ ਉਸ ਨੂੰ ਜਾਣਦੀ ਸੀ। ਉਸਨੇ ਦੱਸਿਆ ਕਿ ਇਸਦਾ ਯਾਰ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਮੈਂ ਕਿਹਾ ਕਿ ਉਹ ਸਿਰਫ ਟਾਇਮਪਾਸ ਕਰ ਰਿਹਾ ਹੈ ਕਿਉਂਕਿ ਸੱਚਾ ਆਸ਼ਿਕ ਉਸ ਨੂੰ ਪੇਪਰ ਛੱਡਾ ਕੇ ਘੁੰਮਣ ਲਈ ਨਾ ਲੈ ਕੇ ਜਾਦਾਂ। ਬਾਹਰ ਖੜ੍ਹੇ ਉਸ ਦੇ ਦਾਦੇ ਨੂੰ ਦੇਖ-ਦੇਖ ਤਰਸ ਆਈ ਜਾਵੇ। ਫਿੱਕੀ ਗੁਲਾਬੀ ਪੱਗ ਤੇ ਲੋਈ, ਠੰਡ ਵਿੱਚ ਠੱਰਦਾ ਉਹ 3 ਘੰਟੇ ਇੰਤਜ਼ਾਰ ਕਰਦਾ ਰਿਹਾ। ਮੇਰਾ ਬੜਾ ਮਨ ਕੀਤਾ ਕਿ ਉਸ ਬਜ਼ੁਰਗ ਨੂੰ ਦੱਸ ਕੇ ਆਵਾਂ ਫਿਰ ਸੋਚਿਆ ਕਿ ਚੱਲ ਵਿਚਾਰਾ ਝੂਠੀ ਆਸ ਤੇ ਇਹ ਸੋਚ ਕੇ ਤਾਂ ਖੁਸ਼ ਹੈ ਕਿ ਮੇਰੀ ਪੋਤੀ ਪੇਪਰ ਦੇ ਰਹੀ ਆ। ਸੱਚ ਸੁਣ ਕੇ ਜਮਾਂ ਟੁੱਟ ਹੀ ਜਾਉ ਵਿਚਾਰਾ। 3 ਘੰਟਿਆ ਬਾਅਦ ਕੁੜੀ ਆਈ ਬਿਲਡਿੰਗ ਪਿਛੋਂ ਕਾਰ ਵਿੱਚੋਂ ਨਿਕਲੀ ਤੇ ਦਾਦੇ ਨਾਲ ਚਲੀ ਗਈ।
ਹਲੇ ਉਸਦੇ ਅਫਸੋਸ ਵਿੱਚ ਮੈਂ ਤੇ ਨਾਲ ਦੀ ਕੁੜੀ ਗੱਲਾਂ ਹੀ ਕਰ ਰਹੇ ਸੀ ਕਿ ਇੱਕ ਹੋਰ ਮੁੰਡਾ ਤੇ ਕੁੜੀ ਹੱਥਾਂ ਵਿੱਚ ਹੱਥ ਪਾਈ ਕਾਲਜ ਦੇ ਗੇਟ ਤੋਂ ਅੰਦਰ ਆਏ, ਕੁੜੀ ਨੇ ਭਰਾ ਨੂੰ ਫੋਨ ਕੀਤਾ, ਵੀਰੇ ਪੇਪਰ ਹੋ ਗਿਆ ਮੇਰਾ। ਭਰਾ ਆਇਆ ਤੇ ਭੈਣ ਨੂੰ ਲੈ ਗਿਆ।
ਚਾਹੇ ਸਭ ਦੀ ਨਿੱਜੀ ਜਿੰਦਗੀ ਹੈ। ਆਪਾਂ ਕੁੱਝ ਨਹੀ ਕਰ ਸਕਦੇ ਉਹਨਾਂ ਦਾ। ਇਹੋ ਜਿਹੀਆਂ ਧੋਖਾ ਖਾ ਕੇ ਆਪੇ ਪਛਤਾਉਂਦੀਆਂ ਫਿਰਦੀਆਂ ਹੁੰਦੀਆਂ। ਪਰ ਬਿਗਾਨੇ ਮੁੰਡੇ ਪਿੱਛੇ ਮਾਂ-ਪਿਉ ਨੂੰ ਧੋਖਾ ਦੇਣਾ ਬਹੁਤ ਗਲਤ ਗੱਲ ਹੈ। ਫਿਰ ਲੋਕ ਕਹਿੰਦੇ ਆ ਕਿ ਕੁੜੀਆਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ ਪਰ ਮੈਂ ਤਾਂ ਕਹਿੰਦੀ ਆਂ ਕਿ ਇਹੋ ਜਿਹੀਆਂ ਕੁੜੀਆਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ।
ਪਰ ਬਹੁਤ ਦੇਖੇ ਹੈ ਵਿਚਾਰੇ ਉਹ ਮਾਂ-ਪਿਉ ਵੀ ਜੋ ਘਰੋਂ ਭੱਜੀ ਕੁੜੀ ਨਾਲ ਵੀ ਫੇਰ ਤੋਂ ਆਉਣ-ਜਾਣ ਸ਼ੁਰੂ ਕਰ ਲੈਂਦੇ ਆ ਜਾਂ ਲਵ ਮੈਰਿਜ ਤੋਂ ਬਾਅਦ ਤਲਾਕ ਲੈਣ ਵਾਲੀਆਂ ਦਾ ਵੀ ਸਾਥ ਦਿੰਦੇ ਆ। ਜਦਕਿ ਇਹ ਗਲਤ ਹੈ, ਤਾਂ ਹੀ ਹੋਰ ਕੁੜੀਆਂ ਦੇ ਵੀ ਹੌਸਲੇ ਬੁਲੰਦ ਹੁੰਦੇ ਆ ਕਿ ਮਾਂ-ਪਿਉ ਕਿਹੜਾ ਛੱਡ ਦੇਣਗੇ।
ਇਹਨਾਂ ਮਾੜੇ ਚਰਿੱਤਰ ਵਾਲੀਆਂ ਨੂੰ ਦੇਖ ਕੇ ਹੀ ਲੋਕ ਧੀਆਂ ਜੰਮਣ ਤੋਂ ਡਰਦੇ ਆ।
? ਮਨਜੀਤ ਕੌਰ (15-December-2017