ਗੁਰਦੁਆਰਾ ਸਾਹਿਬ ਦੇ ਸਰੋਵਰ ‘ਚੋਂ ਲਾਪਤਾ ਵਿਦਿਆਰਥੀ ਦੀ ਲਾਸ਼ ਬਰਾਮਦ
ਵੀਰਵਾਰ ਦੁਪਹਿਰ ਤੋਂ ਸ਼ੱਕੀ ਹਾਲਾਤ ‘ਚ ਲਾਪਤਾ ਸਰਕਾਰੀ ਹਾਈ ਸਕੂਲ ਕੂਲਰਾਂ ਦੇ 9ਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਸ਼ੁੱਕਰਵਾਰ ਦੁਪਹਿਰ ਗੁਰਦੁਆਰਾ ਸ੍ਰੀ ਥੜਾ ਸਾਹਿਬ ਦੇ ਸਰੋਵਰ ‘ਚੋਂ ਬਰਾਮਦ ਹੋਈ, ਜਿਸ ਦੀ ਸ਼ਨਾਖਤ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਨਾ ਲਿਆਂਦਾ ਗਿਆ। ਇਸ ਸੰਬੰਧ ‘ਚ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ ਪਹੁੰਚੇ ਮ੍ਰਿਤਕ ਵਿਦਿਆਰਥੀ ਗੁਰਸੇਵਕ (16) ਦੇ ਪਿਤਾ ਦਰਸ਼ਨ ਸਿੰਘ ਨਿਵਾਸੀ ਪਿੰਡ ਭੇਡਪੁਰੀ ਹਾਲ ਆਬਾਦ ਸਮਾਨਾ ਨੇ ਦੱਸਿਆ ਕਿ ਸਕੂਲ ਤੋਂ ਛੁੱਟੀ ਹੋ ਜਾਣ ਮਗਰੋਂ ਗੁਰਸੇਵਕ ਘਰ ਵਾਪਸ ਆ ਕੇ ਆਪਣਾ ਸਕੂਲ ਬੈਗ ਰੱਖ ਕੇ ਕੀਤੇ ਚਲਾ ਗਿਆ ਪਰ ਕਾਫੀ ਸਮਾਂ ਬੀਤ ਜਾਣ ਬਾਅਦ ਵੀ ਵਾਪਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਜਦ ਸ਼ਾਮ ਤਕ ਗੁਰਸੇਵਕ ਵਾਪਸ ਨਹੀਂ ਪਰਤਿਆ ਤਾਂ ਉਨ੍ਹਾਂ ਇਸ ਸੰਬੰਧੀ ਸਿਟੀ ਪੁਲਸ ਨੂੰ ਵੀ ਸੂਚਨਾ ਦਿੱਤੀ।
ਸ਼ੁੱਕਵਾਰ ਦੁਪਹਿਰ ਗੁਰਦੁਆਰਾ ਸਾਹਿਬ ਦੇ ਸਰੋਵਰ ‘ਚ ਕਿਸੇ ਬੱਚੇ ਦੀ ਲਾਸ਼ ਦੇਖ ਕੇ ਸੂਚਨਾ ਦੇਣ ‘ਤੇ ਸਿਟੀ ਪੁਲਸ ਵਲੋਂ ਦਰਸ਼ਨ ਸਿੰਘ ਨੂੰ ਬੁਲਾ ਕੇ ਸ਼ਨਾਖਤ ਕਰਵਾਈ ਗਈ। ਸਿਟੀ ਪੁਲਸ ਦੇ ਪ੍ਰਮੁੱਖ ਕਰਨੈਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁੱਟੇਜ ਦੇਖਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਕਿ ਇਸ਼ਨਾਨ ਕਰਦੇ ਸਮੇਂ ਗੁਰਸੇਵਕ ਦੀ ਸਰੋਵਰ ‘ਚ ਡੁੱਬ ਜਾਣ ਕਾਰਨ ਮੌਤ ਹੋ ਗਈ। ਮੌਤ ਦੇ ਕਾਰਨਾਂ ਦੀ ਪੁਸ਼ਟੀ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਗੁਰਸੇਵਕ ਦੀ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਗਈ।