ਮਲੇਸ਼ੀਆ ਦੇ ਫਾਇਰਮੈਨ ਅਬੂ ਜ਼ਰੀਨ ਹੁਸੈਨ ਦੀ ਕੋਬਰਾ ਦੇ ਡੰਗਣ ਕਾਰਨ ਮੌਤ ਹੋ ਗਈ। ਹੁਸੈਨ ਸੱਪਾਂ ਨਾਲ ਆਪਣੀ ਦੋਸਤੀ ਦੇ ਕਾਰਨ ਮਲੇਸ਼ੀਆ ‘ਚ ਹੀ ਨਹੀਂ ਬਲਕਿ ਪੂਰੀ ਦੁਨੀਆ ‘ਚ ਮਸ਼ਹੂਰ ਸੀ। ਉਨ੍ਹਾਂ ਦੀਆਂ ਸੱਪਾਂ ਨਾਲ ‘ਕਿਸ’ ਕਰਦਿਆਂ ਦੀਆਂ ਤਸਵੀਰਾਂ ਕਈ ਵਾਰ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ। ਅਬੂ ਜ਼ਰੀਨ ਸੋਮਵਾਰ ਨੂੰ ਇਕ ਜੰਗਲੀ ਕੋਬਰਾ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਨ੍ਹਾਂ ਨੂੰ ਸੱਪ ਨੇ ਡੰਗ ਮਾਰ ਦਿੱਤਾ। ਘਟਨਾ ਤੋਂ ਚਾਰ ਦਿਨ ਬਾਅਦ ਹੁਸੈਨ ਨੇ ਦੰਮ ਤੋੜ ਦਿੱਤਾ।
ਮਲੇਸ਼ੀਆ ‘ਚ ਸਨ ਸੈਲੀਬ੍ਰਿਟੀ
ਮਲੇਸ਼ੀਆ ਦੇ ਫਹੰਗ ਸੂਬੇ ਦੇ ਰਹਿਣ ਵਾਲੇ 33 ਸਾਲਾਂ ਹੁਸੈਨ ਕੋਬਰਾ ਦੇ ਡੰਗਣ ਤੋਂ ਬਾਅਦ ਚਾਰ ਦਿਨ ਹਸਪਤਾਲ ‘ਚ ਸਨ। ਜਿਸ ਕੋਬਰਾ ਨੇ ਉਨ੍ਹਾਂ ਨੂੰ ਡੰਗਿਆ ਸੀ ਉਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਜੇਕਰ ਕਿਸੇ ਹਾਥੀ ਨੂੰ ਡੰਗ ਲਵੇ ਤਾਂ ਉਹ ਵੀ ਕੁਝ ਹੀ ਘੰਟਿਆਂ ‘ਚ ਦੰਮ ਤੋੜ ਦਿੰਦਾ ਹੈ। ਸੱਪਾਂ ਨੂੰ ਫੜਨ ਤੇ ਉਨ੍ਹਾਂ ਨਾਲ ਦੋਸਤੀ ਦੇ ਕਾਰਨ ਹੁਸੈਨ ਨੂੰ ਮਲੇਸ਼ੀਆ ‘ਚ ਸੈਲੀਬ੍ਰਿਟੀ ਦਾ ਦਰਜਾ ਮਿਲਿਆ ਹੋਇਆ ਸੀ।
ਬੀਤੇ ਸਾਲ ਟੀਵੀ ਸ਼ੋਅ ਏਸ਼ੀਆ ਗੌਟ ਟੈਲੈਂਟ ‘ਚ ਵੀ ਉਹ ਆਏ ਸਨ ਤੇ ਸ਼ੋਅ ਦੌਰਾਨ ਉਨ੍ਹਾਂ ਨੇ ਸੱਪਾਂ ਨੂੰ ‘ਕਿਸ’ ਕੀਤਾ ਸੀ। ਹੁਸੈਨ ਨੇ ਸੱਪਾਂ ਨੂੰ ਕਾਬੂ ਕਰਨਾ ਆਪਣੇ ਪਿਤਾ ਤੋਂ ਸਿੱਖਿਆ ਸੀ। 2007 ਤੋਂ ਉਹ ਮਲੇਸ਼ੀਆ ਦੇ ਫਹੰਗ ਸਟੇਟ ‘ਚ ਦੂਜੇ ਫਾਇਰਫਾਈਟਰਸ ਨੂੰ ਸੱਪ ਫੜਨ ਦੀ ਟ੍ਰੇਨਿੰਗ ਦੇ ਰਹੇ ਸਨ। ਤਿੰਨ ਸਾਲ ਪਹਿਲਾਂ ਵੀ ਕੋਬਰਾ ਦੇ ਡੰਗਣ ਕਾਰਨ ਉਹ ਦੋ ਦਿਨ ਕੋਮਾ ‘ਚ ਰਹੇ ਸਨ ਪਰ ਉਦੋਂ ਉਨ੍ਹਾਂ ਦੀ ਜਾਨ ਬਚ ਗਈ ਸੀ। ਉਨ੍ਹਾਂ ਦਾ ਅਤਿੰਮ ਸਸਕਾਰ ਉਨ੍ਹਾਂ ਦੇ ਗ੍ਰਹਿਨਗਰ ਕੇਲਨਟਨ ‘ਚ ਹੋਵੇਗਾ।
ਸੱਪ ਨਾਲ ਵਿਆਹ ਕਰਨ ਦੀ ਉੱਡੀ ਸੀ ਅਫਵਾਹ
ਦੋ ਸਾਲ ਪਹਿਲਾਂ ਉਹ ਉਸ ਵੇਲੇ ਚਰਚਾ ‘ਚ ਆਏ ਜਦੋਂ ਉਨ੍ਹਾਂ ਦੇ ਆਪਣੇ ਪਾਲਤੂ ਸੱਪ ਨਾਲ ਵਿਆਹ ਕਰਨ ਦੀ ਖਬਰ ਆਈ ਸੀ। ਨਵੰਬਰ 2016 ‘ਚ ਕੁਝ ਅਖਬਾਰਾਂ ‘ਚ ਇਹ ਖਬਰ ਛਪੀ ਸੀ ਕਿ ਹੁਸੈਨ ਨੇ ਸੱਪ ਨਾਲ ਵਿਆਹ ਕਰ ਲਿਆ ਹੈ। ਅਜਿਹਾ ਕਿਹਾ ਜਾ ਰਿਹਾ ਸੀ ਕਿ ਸੱਪ ਦੇ ਰੂਪ ‘ਚ ਉਨ੍ਹਾਂ ਦੀ ਗਰਲਫ੍ਰੈਂਡ ਦਾ ਪੁਨਰਜਨਮ ਹੋਇਆ ਹੈ। ਹਾਲਾਂਕਿ ਬਾਅਦ ‘ਚ ਹੁਸੈਨ ਨੇ ਮੀਡੀਆ ਸਾਹਮਣੇ ਆ ਕੇ ਇਨ੍ਹਾਂ ਖਬਰਾਂ ਨੂੰ ਬਕਵਾਸ ਦੱਸਿਆ ਸੀ।