ਕੈਨੇਡਾ ਤੋਂ ਲਾਸ਼ ਬਣ ਕੇ ਘਰ ਆਇਆ ਮਾਪਿਆਂ ਦਾ ਕੱਲਾ-ਕੱਲਾ ਪੁੱਤ, ਦੇਖ ਧਾਹਾਂ ਮਾਰ ਰੋਇਆ ਪਰਿਵਾਰ…
ਪਟਿਆਲਾ\ਕੈਨੇਡਾ (ਜੋਸਨ) : ਬੀਤੇ ਦਿਨੀਂ ਪਟਿਆਲਾ ਦੇ ਨੌਜਵਾਨ ਅੰਮ੍ਰਿਤ ਪੌਲ ਪੁੱਤਰ ਦੀਦਾਰ ਸਿੰਘ ਜਿਸ ਦਾ ਕੈਨੇਡਾ ਵਿਚ ਦਿਲ ਦੀ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਦੀ ਮ੍ਰਿਤਕ ਦੇਹ ਸ਼ਨੀਵਾਰ ਪਟਿਆਲਾ ਅਮਨ ਨਗਰ ਸਥਿਤ ਉਸ ਦੇ ਘਰ ਅਤਿ ਗ਼ਮਗੀਨ ਮਾਹੌਲ ਵਿਚ ਪੁੱਜੀ। ਜਿਸ ਦਾ ਰਾਜਪੁਰਾ ਰੋਡ ‘ਤੇ ਸਥਿਤ ਵੀਰ ਜੀ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 25 ਵਰ੍ਹਿਆਂ ਦਾ ਅੰਮ੍ਰਿਤ ਪੌਲ ਇਕਲੌਤੀ ਭੈਣ ਦਾ ਇਕਲੌਤਾ ਭਰਾ ਸੀ ਅਤੇ ਕੈਨੇਡਾ ਪੜ੍ਹਨ ਲਈ ਗਿਆ ਸੀ।
ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਅੰਮ੍ਰਿਤ ਪੌਲ (25 ਸਾਲ) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅੰਮ੍ਰਿਤ ਪੌਲ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਦਿੱਲੀ 30 ਮਾਰਚ ਰਾਤ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਅਤੇ ਸ਼ਨੀਵਾਰ ਸਵੇਰੇ ਪਟਿਆਲਾ ਵਿਖੇ ਉਸ ਦੇ ਗ੍ਰਹਿ ਵਿਖੇ ਪੁੱਜੀ।
ਅਮਨ ਨਗਰ ਸਥਿਤ ਗ੍ਰਹਿ ਤੋਂ ਇਕ ਵੱਡੇ ਕਾਫ਼ਲੇ ਦੇ ਰੂਪ ‘ਚ ਮ੍ਰਿਤਕ ਦੇਹ ਨੂੰ ਵੀਰ ਜੀ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ ਜਿਥੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਚਿਖਾ ਨੂੰ ਅਗਨੀ ਮਿਰਤਕ ਅੰਮ੍ਰਿਤ ਪੌਲ ਦੇ ਪਿਤਾ ਦੀਦਾਰ ਸਿੰਘ ਨੇ ਦਿਖਾਈ।
ਅੰਤਿਮ ਸੰਸਕਾਰ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦੇ ਓ.ਐੱਸ.ਡੀ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਵਲੋਂ ਮੇਅਰ ਪਟਿਆਲਾ ਸੰਜੀਵ ਕੁਮਾਰ ਬਿੱਟੂ ਪਹੁੰਚੇ ਹੋਏ ਸਨ।
ਇਸ ਦੌਰਾਨ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੇ ਮ੍ਰਿਤਕ ਦੇਹ ‘ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਸਿਆਸੀ ਆਗੂ ਅਤੇ ਹੋਰ ਲੋਕ ਮੌਜੂਦ ਸਨ।