ਕੁੱਬੇ ਨੂੰ ਲੱਤ ਰਾਸ ਆ ਜਾਂਦੀ ਕਈ ਵਾਰ।

ਇੱਕ ਮਿੱਤਰ ਕੋਈ ਵੀਹ ਕੁ ਸਾਲ ਪਹਿਲਾਂ ਕੈਨੇਡਾ ਆਇਆ ਸੀ.. ਕੁਝ ਸਮਾਂ ਸਕਿਉਰਟੀ ਗਾਰਡ ਵਜੋਂ ਕੰਮ ਕੀਤਾ ਤੇ ਫੇਰ ਟਰੱਕ ਡਰਾਈਵਰ ਦਾ ਲਾਇਸੈਂਸ ਲੈ ਲਿਆ। ਇੱਕ ਟਰੱਕ ਮਾਲਕ ਮੁੰਡੇ ਨੇ ਉਸਨੂੰ ਟੀਮ ਡਰਾਈਵਰ ਵਜੋਂ ਰੱਖ ਲਿਆ.. ਇੱਕ ਮਹੀਨਾ ਫਰੀ ਟ੍ਰੇਨੀ ਵਜੋਂ ਤੇ ਦੂਸਰੇ ਮਹੀਨੇ ਤੋਂ ਤਨਖਾਹ ਦੇਣ ਦਾ ਵਾਅਦਾ ਕਰਕੇ। ਇੱਕ ਮਹੀਨਾ ਤਾਂ ਚਲੋ ਟਰੇਨਿੰਗ ਵਿਚ ਗਿਣਿਆ ਗਿਆ, ਦੂਜਾ ਛੱਡ ਕੇ ਤੀਜਾ ਵੀ ਲੰਘ ਗਿਆ ਪਰ ਭਾਈ ਵਾਰ ਵਾਰ ਮੰਗਣ ਤੇ ਵੀ ਤਨਖਾਹ ਨਾ ਦੇਵੇ। ਆਖਿਰ ਉਸ ਨੇ ਟਰੱਕ ਤੇ ਜਾਣਾ ਬੰਦ ਕਰ ਦਿੱਤਾ।

ਜਦੋਂ ਵੀ ਕਦੇ ਉਸਨੇ ਫੋਨ ਕਰਨਾ ਤਾਂ ‘ ਦੇ ਦੇਵਾਂਗਾ’ ਕਹਿ ਕੇ ਟਾਲ ਛੱਡਣਾ। ਇੱਕ ਦਿਨ ਭਾਈ ਨੇ ਸਿੱਧਾ ਹੀ ਜਵਾਬ ਦੇ ਦਿੱਤਾ ਕਿ” ਜਾਹ , ਜੋ ਕਰਨਾ ਕਰ ਲਾ, ਮੈਂ ਨੀ ਦਿੰਦਾ ਪੈਸੇ।”

ਸਾਡਾ ਦੋਸਤ ਕੈਨੇਡਾ ਵਿੱਚ ਨਵਾਂ ਹੋਣ ਕਰਕੇ ਉਸਨੂੰ ਲੇਬਰ ਕੋਰਟ ਜਾਂ ਲੇਬਰ ਦੇ ਕਿਸੇ ਕਨੂੰਨ ਬਾਰੇ ਜ਼ਿਆਦਾ
ਪਤਾ ਨਹੀਂ ਸੀ, ਹਾਰ ਕੇ ਉਸਦਾ ਖੈਹੜਾ ਛੱਡ ਹੋਰ ਕਿਸੇ ਕੰਪਨੀ ਚ ਕੰਮ ਦੀ ਭਾਲ਼ ਕਰਨ ਲੱਗ ਪਿਆ।”

ਇੱਕ ਦਿਨ ਉਸਨੂੰ ਕਿਸੇ ਕੰਪਨੀ ਵਿਚ ਜੌਬ ਬਾਰੇ ਪਤਾ ਲੱਗਿਆ, ਤਾਂ ਉਹ ਕਾਰ ਲੈ ਕੇ ਪਤਾ ਕਰਨ ਲਈ ਨਿਕਲ ਪਿਆ, ਐਡਰੈੱਸ ਦਾ ਪਤਾ ਨਹੀਂ ਸੀ ਪਰ ਅੰਦਾਜ਼ਾ ਸੀ ਕਿ ਕੰਪਨੀ ਕਿੱਥੇ ਕੁ ਹੈ। ਨੇੜੇ ਤੇੜੇ ਤਾਂ ਪਹੁੰਚ ਗਿਆ ਪਰ ਯਾਰਡ ਨਾ ਲੱਭੇ। ਇੱਕ ਗੋਰਾ ਖੜ੍ਹਾ ਸੀ, ਕਾਰ ਰੋਕ ਕੇ ਉਸ ਤੋਂ ਪੁੱਛਿਆ ਕਿ ਫਲਾਣੀ ਟਰੱਕ ਕੰਪਨੀ ਕਿੱਥੇ ਕੁ ਹੈ?

ਗੋਰਾ ਦਰਵਾਜ਼ਾ ਖੋਹਲ ਕੇ ਉਸਦੇ ਨਾਲ਼ ਹੀ ਬੈਠ ਗਿਆ, ਕਹਿੰਦਾ ‘ ਪਤਾ ਤਾਂ ਹੈ ਨਹੀਂ, ਚੱਲ ਆਪਾਂ ਰਲ ਕੇ ਲੱਭ ਲੈਨੇ ਆਂ।” ਮਿੱਤਰ ਸਾਡਾ ਸਾਢੇ ਪੰਜ ਕ ਫੁੱਟ ਦਾ ਹੈ, ਜਿਹੜਾ ਗੋਰਾ ਸੀ ਉਹ ਕਹਿੰਦਾ ਸਾਢੇ ਛੇ ਫੁੱਟ ਦਾ ਹੋਣਾ ਤੇ ਦੇਖਣ ਨੂੰ ਸੀ ਵੀ ਬੜਾ ਕੁਰਖਤ ਜਿਹਾ। ਮਿੱਤਰ ਬਹੁਤ ਡਰ ਗਿਆ ਬਈ ਆਹ ਤਾਂ ਰਾਹ ਪੁੱਛ ਕੇ ਪੰਗਾ ਹੀ ਲੈ ਲਿਆ… ਸੋਚੇ ਬਈ ਗੋਰਾ ਅੱਜ ਕੁੱਟੂ ਵੀ ਤੇ ਕਾਰ ਵੀ ਲੈ ਕੇ ਜਾਵੇਗਾ ਖੋਹ ਕੇ। ਕਹਿੰਦਾ ਕਿ ਉਹ ਡਰਿਆ ਜਿਹਾ ਕਾਰ ਚਲਾਉਂਦਾ ਆਵਾ ਗਾਉਣ ਜਿਹਾ ਗੇੜੇ ਕੱਢੀ ਗਿਆ ਉਸ ਇਲਾਕੇ ਵਿਚ, ਗੋਰਾ ਗੱਲਾਂ ਕਰੀ ਜਾਵੇ ਤੇ ਸਾਡਾ ਮਿੱਤਰ ਦਿਲ ਚ ਅਰਦਾਸਾਂ ਕਰੇ ਕਿ ਰੱਬਾ ਅੱਜ ਬਚਾ ਲਾ, ਅੱਗੇ ਤੋਂ ਰਾਹ ਵੀ ਬੰਦਾ ਕੁਬੰਦਾ ਦੇਖ ਕੇ ਹੀ ਪੁੱਛਿਆ ਕਰੇਗਾ।

ਕਾਰ ਚਲਾਉਂਦੇ ਨੂੰ ਉਸਨੂੰ ਰੋਡ ਦੇ ਇੱਕ ਪਾਸੇ ਉਹੀ ਟਰੱਕ ਖੜ੍ਹਾ ਦਿਸ ਗਿਆ ਜਿਸਨੂੰ ਉਹ ਚਲਾਉਂਦਾ ਰਿਹਾ ਸੀ ਤੇ ਮਾਲਕ ਵੀ ਕੋਲ ਹੀ ਖੜ੍ਹਾ ਸੀ, ਸ਼ਾਇਦ ਲੋਡ ਚੁੱਕਣ ਆਇਆ ਹੋਵੇਗਾ। ਕਹਿੰਦਾ ” ਮੈਂ ਕਾਰ ਖੜ੍ਹੀ ਕਰਕੇ ਗੋਰੇ ਨੂੰ ਕਿਹਾ ਕਿ ਦੋ ਕ ਮਿੰਟ ਇਤੰਜ਼ਾਰ ਕਰ, ਮੈਂ ਉਸ ਬੰਦੇ ਨੂੰ ਮਿਲ ਕੇ ਆਇਆ। ਕਹਿੰਦਾ , ਮੈ ਉਸ ਟਰੱਕ ਵੱਲ ਨੂੰ ਤੁਰ ਪਿਆ ਤੇ ਗੋਰਾ ਕਾਰ ਵਿੱਚੋਂ ਬਾਹਰ ਆ ਕੇ ਕਾਰ ਦੀ ਛੱਤ ਤੇ ਕੂਹਣੀ ਰੱਖ ਕੇ ਸਾਡੇ ਵਾਲ਼ੇ ਪਾਸੇ ਨੂੰ ਦੇਖਣ ਲੱਗ ਪਿਆ।”

ਜਦੋਂ ਉਹ ਮੁੰਡਾ ਟਰੱਕ ਦੇ ਮਾਲਕ ਕੋਲ ਪੁੱਜਾ ਤਾਂ ਉਸਦੇ ਬੋਲਣ ਤੋਂ ਪਹਿਲਾਂ ਹੀ ਟਰੱਕ ਮਾਲਕ ਕਹਿੰਦਾ ” ਯਾਰ, ਮਿੰਨਤ ਨਾਲ਼ ਗੋਰੇ ਨੂੰ ਇਥੋਂ ਲੈ ਜਾ, ਤੇਰਾ ਚੈਕ ਸ਼ਾਮ ਤੱਕ ਤੇਰੇ ਘਰ ਪਹੁੰਚ ਜਾਊ, ਬੱਸ ਇਹਨੂੰ ਇਥੋਂ ਲੈ ਜਾ ਵੀਰ ਬਣ ਕੇ।” ਮਾਲਕ ਸਮਝਿਆ ਕਿ ਉਹ ਗੋਰੇ ਨੂੰ ਲੈ ਕੇ ਉਸਨੂੰ ਹੀ ਲੱਭਦਾ ਫਿਰਦਾ ਹੈ। ਮਿੱਤਰ ਕਹਿੰਦਾ ਕਿ ਉਸਨੇ ਵੀ ਮੌਕਾ ਭਾਂਪ ਕੇ ਕਹਿ ਦਿੱਤਾ ਕਿ ਬੱਸ ਅੱਜ ਸ਼ਾਮ ਤੱਕ ਹੀ ਵੇਟ ਕਰਨੀ ਉਸਨੇ, ਫੇਰ ਨਾ ਆਖੀਂ ਦੱਸਿਆ ਨੀ, ਤੇ ਤੁਰ ਆਇਆ।

ਕਹਿੰਦਾ ਫੇਰ ਉਸਨੇ ਗੋਰੇ ਨੂੰ ਪੁੱਛਿਆ ਕਿ ਕੌਫ਼ੀ ਪੀਣੀ? ਗੋਰਾ ਖੁਸ਼ ਹੋ ਕੇ ਕਹਿੰਦਾ “Sure !”

ਕਹਿੰਦਾ ਫੇਰ ਉਸਨੇ ਗੋਰੇ ਨੂੰ ਸੈਂਡਵਿਚ ਵੀ ਖਵਾਇਆ, ਤੇ ਕੌਫੀ ਵੀ ਪਿਆਈ ਤੇ ਗੋਰਾ ਕਹਿੰਦਾ ਕਿ ਉਹ ਸਿਰਫ ਕਿਸੇ ਨਾਲ ਗੱਲਾਂ ਹੀ ਕਰਨਾ ਚਾਹੁੰਦਾ ਸੀ ਤੇ ਮਿੱਤਰ ਦਾ ਧਨਵਾਦ ਕੀਤਾ ਉਸਨੇ। ਕੁਝ ਚਿਰ ਬਾਅਦ ਉਹ ਗੋਰੇ ਤੋਂ ਵਿਦਾ ਲੈ ਕੇ ਘਰ ਚਲਾ ਗਿਆ। ਸ਼ਾਮ ਨੂੰ ਟਰੱਕ ਵਾਲਾ ਭਾਈ ਪੰਜ ਵਜੇ ਉਸਦੇ ਦਰਵਾਜ਼ੇ ਅੱਗੇ ਚੈਕ ਲਈ ਖੜ੍ਹਾ ਸੀ ।

error: Content is protected !!