ਕੁਦਰਤ ਦਾ ਕ੍ਰਿਸ਼ਮਾ 425 ਸਾਲ ਪੁਰਾਣੀਆਂ ਇਤਿਹਾਸਕ ਬੇਰੀਆਂ ਨੂੰ ਨਵੇਂ-ਨਰੋਏ ਰੁੱਖ ਵਾਂਗ ਫਲ ਲੱਗਾ
ਦੇਖੋ, ਬੇਰਾਂ ਨਾਲ ਮੁੜ ਲੱਦੀ ਦੁੱਖ ਭੰਜਨੀ ਬੇਰੀ, ਸੰਗਤਾਂ ”ਚ ਭਾਰੀ ਉਤਸ਼ਾਹ .. ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਲੱਗੀਆਂ ਤਿੰਨ ਬੇਰੀਆਂ ‘ਤੇ ਇਸ ਵਾਰ ਭਰਪੂਰ ਫਲ ਲੱਗਾ ਹੈ। ਸਵਾ ਚਾਰ ਸੌ ਸਾਲ ਪੁਰਾਣੀਆਂ ਇਨ੍ਹਾਂ ਇਤਿਹਾਸਕ ਬੇਰੀਆਂ ਨੂੰ ਕਿਸੇ ਨਵੇਂ-ਨਰੋਏ ਰੁੱਖ ਵਾਂਗ ਫਲ ਲੱਗਣਾ ਕੁਦਰਤ ਦਾ ਕ੍ਰਿਸ਼ਮਾ ਹੀ ਹੈ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਲੱਗੀ ਦੁੱਖ ਭੰਜਨ ਬੇਰੀ ਨੂੰ ਇਸ ਸਾਲ ਭਰਵਾਂ ਫਲ ਲੱਗਾ ਹੈ।
ਦੁੱਖਾਂ ਦਾ ਖੰਡਨ ਕਰਕੇ ਦੇਹ ਅਰੋਗਤਾ ਬਖਸ਼ਣ ਵਾਲੀ ਦੁੱਖ ਭੰਜਨੀ ਬੇਰੀ ਨੂੰ ਲੱਗੇ ਫਲ ਵੇਖ ਗੁਰਬਾਣੀ ਦੀ ਤੁਕ ‘ਸੂਕੇ ਹਰੇ ਕੀਏ ਖਿਨ ਮਾਹਿ..’ ਆਪ ਮੁਹਾਰੇ ਮੂੰਹੋਂ ਨਿਕਲਦੀ ਹੈ। ਬੀਬੀ ਰਜਨੀ ਦੇ ਪਤੀ ਦਾ ਕੋਹੜ ਮਿਟਾਉਣ ਵਾਲੀ ਦੁੱਖ ਭੰਜਨੀ ਬੇਰੀ ਸੁੱਕਣ ਤੋਂ ਬਾਅਦ ਇਕ ਵਾਰ ਫਿਰ ਹਰੀ ਹੋ ਗਈ ਹੈ। ਕੁਦਰਤ ਦੀ ਇਸ ਕਰਾਮਾਤ ਤੋਂ ਵਾਕਈ ਬਲਿਹਾਰੀ ਜਾਣ ਦਾ ਜੀਅ ਚਾਹੁੰਦਾ ਹੈ। ਕੁਝ ਸਮਾਂ ਪਹਿਲਾਂ ਇਨ੍ਹਾਂ ਬੇਰੀਆਂ ਦੀ ਸਥਿਤੀ ਕਾਫੀ ਖਰਾਬ ਹੋ ਚੁੱਕੀ ਸੀ ਤੇ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਸ਼੍ਰੋਮਣੀ ਕਮੇਟੀ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਜ਼ਿੰਮੇਵਾਰੀ ਸੌਂਪੀ ਸੀ।
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵੀ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਅਤੇ ਅੱਜ ਨਾ ਸਿਰਫ ਇਹ ਬੇਰੀਆਂ ਹਰੀਆਂ ਹੋਈਆਂ, ਸਗੋਂ ਇਨ੍ਹਾਂ ਨੂੰ ਮੋਟਾ ਅਤੇ ਮਿੱਠਾ ਫਲ ਵੀ ਲੱਗ ਚੁੱਕਾ ਹੈ। ਇਸ ਇਤਿਹਾਸਕ ਬੇਰੀ ਨੂੰ ਫਲ ਲੱਗਣ ਨਾਲ ਸੰਗਤਾਂ ‘ਚ ਕਾਫੀ ਉਤਸ਼ਾਹ ਦੇਖਿਆ ਗਿਆ। ਬੇਰੀ ਦੇ ਫਲ ਨੂੰ ਪ੍ਰਸਾਦਿ ਦੇ ਤੌਰ ‘ਤੇ ਲੈਣ ਲਈ ਸੰਗਤਾਂ ਝੋਲੀਆਂ ਅੱਡ ਕੇ ਲੰਮਾ ਸਮਾਂ ਇਸ ਦੇ ਹੇਠਾਂ ਬੈਠੀਆਂ ਰਹਿੰਦੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਨੂੰ ਬੇਰੀ ਨੇੜੇ ਪ੍ਰਸਾਦਿ ਰੱਖਣ ਅਤੇ ਜੂਠੇ ਹੱਥ ਨਾ ਲਗਾਉਣ ਦੀ ਅਪੀਲ ਕੀਤੀ ਗਈ ਹੈ।