ਮਾਂ ਨਾਲ ਪਿਆਰ ਕਿਸੇ ਤੇ ਅਹਿਸਾਨ ਨਹੀਂ ਸਗੋਂ ਮਨੁੱਖ ਦੀ ਆਪਣੀ ਹੀ ਜ਼ਰੂਰਤ ਹੈ ।ਮਾਂ ਦੇ ਦੁੱਧ ਦਾ ਮੁਲ ਕੋਈ ਨਹੀਂ ਚੁਕਾ ਸਕਦਾ, ਮਾਂ ਦੀ ਮਮਤਾ ਤੋਂ ਬੇਮੁਖ ਮਨੁੱਖ, ਮਨੁੱਖ ਹੀ ਨਹੀਂ ।ਫਿਰ ਮਾਂ ਤੋਂ ਸਿੱਖੀ, ਦੁੱਧ ਤੋਂ ਮਿੱਠੀ ਮਾਂ ਬੋਲੀ ਤੋਂ ਬੇਰੁਖੀ ਕਿਉਂ ?  

ਪੰਜਾਬੀਆਂ ਦਾ ਮਹਿਮਾਨ ਨਵਾਜ਼ੀ ਵਿਚ ਕੋਈ ਜਵਾਬ ਨਹੀਂ ਪਰ ਮਹਿਮਾਨ ਦੀ ਖਾਤਰ ਆਪਣੀ ਮਾਂ ਨੂੰ ਹੀ ਘਰੋਂ ਕੱਢ ਦਿੱਤਾ ਜਾਵੇ ਇਹ ਕਿੱਥੋਂ ਦੀ ਇਨਸਾਫੀ ਹੈ ? ਪੰਜਾਬੀ ਸ਼ਾਇਦ ਇਹ ਭੁੱਲ ਗਏ ਕਿ ਮਾਸੀਆਂ ਕਦੇ ਮਾਵਾਂ ਨਹੀਂ ਬਣਦੀਆਂ । 
ਪੰਜਾਬੀਆਂ ਦੇ ਘਰਾਂ ਵਿਚ ਆਪਸੀ ਗਲਬਾਤ ਹਿੰਦੀ ਜਾਂ ਅੰਗਰੇਜ਼ੀ ਵਿਚ ਹੋਣ ਲਗ ਪਈ ਹੈ , ਮਾਂ ਬੋਲੀ ਪੰਜਾਬੀ ਕਿਸੇ ਕੋਨੇ ਲੱਗੀ ਸਹਿਕ ਰਹੀ ਹੈ ।ਪੰਜਾਬ ਦੇ ਸਕੂਲਾਂ ਕਾਲਜਾ ਵਿਚ ਜੋ ਹਾਲ ਪੰਜਾਬੀ ਦਾ ਹੋ ਰਿਹਾ ਹੈ ਉਸ ਤੋਂ ਤਾਂ ਇਹ ਹੀ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬੀ ਦਾ ਰੱਬ ਹੀ ਰਾਖਾ । ਪੰਜਾਬੀ ਵਿਦਵਾਨ ਆਪਣੀ ਵਿਦਵਾਨਤਾ ਦਰਸਾਉਣ ਲਈ ਹਿੰਦੀ-ਸੰਸਕ੍ਰਿਤੀ ਤੇ ਅੰਗਰੇਜ਼ੀ ਸ਼ਬਦਾਂ ਨੂੰ ਪਹਿਲ ਦਿੰਦੇ ਹਨ। 
ਪੰਜਾਬੀ ਆਲੋਚਕ ਪੱਛਮੀ ਸਿਧਾਂਤਾਂ ਨੂੰ ਪੇਸ਼ ਕਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ । ਕੀ ਅਜੇ ਤਕ ਪੰਜਾਬੀ ਦਾ ਵਿਹਾਰਿਕ ਅਧਿਐਨ ਕਰਨ ਲਈ ਪੰਜਾਬੀ ਕਾਵਿ ਸ਼ਾਸਤਰ ਲੋੜ ਹੀ ਮਹਿਸੂਸ ਨਹੀਂ ਹੋਈ ?। ਪੰਜਾਬੀ ਬੋਲੀ ਦਾ ਸਤਿਕਾਰ ਜਿਵੇਂ ਬੀਤੇ ਸਮੇਂ ਦੀ ਗਲ ਹੋ ਗਈ ਹੋਵੇ। ਰਸੂਲ ਹਮਜ਼ਾਤੋਵ ਅਨੁਸਾਰ, “ਜਿਹੜਾ ਆਦਮੀ ਆਪਣੀ ਮਾਂ-ਬੋਲੀ ਦਾ ਸਤਿਕਾਰ ਨਹੀਂ ਕਰਦਾ,ਉਹ ਸਾਰੀ ਇਜ਼ਤ ਗੁਆ ਬੈਠਦਾ ਹੈ”।ਇਸ ਕਥਨ ਨੂੰ ਮੁਖ ਰਖ ਕੇ ਸਾਨੂੰ ਸਾਰਿਆਂ ਨੂੰ ਆਪਣੀ ਸਵੈ ਪੜਚੋਲ ਕਰਨੀ ਚਾਹੀਦੀ ਹੈ।ਇਸ ਸਮੇਂ ਆਪਣੇ ਹੀ ਘਰ ਵਿਚ ਬੇਗਾਨੀ ਹੋਈ ਮਾਂ ਬੋਲੀ ਪੰਜਾਬੀ ਆਪਣੇ ਪੁੱਤਰਾਂ ਨੂੰ ਮਦਦ ਲਈ ਪੁਕਾਰ ਰਹੀ ਹੈ । 
ਪੰਜਾਬੀ ਬੋਲੀ ਪੰਜਾਬੀ ਸਾਹਾਂ ਦੀ ਬੋਲੀ ਹੈ ।ਇਸ ਵਿਚ ਪੰਜਾਬੀ ਮਾਨਸਿਕਤਾ ਡੁੱਲ-ਡੁੱਲ ਪੈਂਦੀ ਹੈ। ਇਸ ਤੋਂ ਦੂਰ ਜਾ ਕੇ ਅਸੀਂ ਕਦੇ ਖੁਸ਼ ਨਹੀਂ ਰਹਿ ਸਕਦੇ ।ਇਸ ਵਿਚ ਬਾਬਾ ਨਾਨਕ ਵੀ ਹੈ ਤੇ ਵਾਰਿਸ ਵੀ। ਇਸ ਵਿਚ ਗੁਰੂ ਗੋਬਿੰਦ ਦੀ ਵਾਰ ਵੀ ਹੈ ਤੇ ਸ਼ਿਵ ਦਾ ਦਰਦ ਵੀ ।
ਦੋਸਤਾ ਨਾ ਵੇਖ ਘਿਰਨਾ ਨਾਲ ਪੰਜਾਬੀ ਜ਼ੁਬਾਨ । ਇਸ ‘ਚ ‘ਨਾਨਕ’ ਵੀ ਹੈ, ‘ਵਾਰਸ’ ਵੀ ਹੈ ਤੇ ‘ਬਾਹੂ’ ਵੀ ਹੈ ।
Sikh Website Dedicated Website For Sikh In World