ਉਹ ਬੋਲੀ ..ਠੀਕ ਪੰਜ ਵੱਜ ਕੇ ਪੰਜ ਮਿੰਟ ਤੇ ……

ਐਨਕ ਸਾਫ ਕਰਦੇ ਨੇ ਕੋਲ ਬੈਠੀ ਨੂੰ ਆਖਿਆ ..”ਸਾਡੇ ਵੇਲੇ ਮੁਬਾਇਲ ਨਹੀਂ ਸਨ ਹੁੰਦੇ ਤਾਂ ਵੀ ਪਤਾ ਨੀ ਕਿੱਦਾਂ ……”!
ਉਹ ਅੱਗੋਂ ਬੋਲੀ …”ਤੁਹਾਨੂੰ ਚੇਤਾ ਏ …ਠੀਕ ਪੰਜ ਵੱਜ ਕੇ ਪੰਜ ਮਿੰਟ ਤੇ ਪਾਣੀ ਦਾ ਗਿਲਾਸ ਫੜ ਬੂਹੇ ਕੋਲ ਪੁੱਜਦੀ ਹੀ ਸੀ ਕੇ ਸਾਈਕਲ ਦੀ ਘੰਟੀ ਵੱਜਦੀ …ਤੇ ਅੱਗੋਂ ਤੁਸੀਂ ਹੁੰਦੇ …”!
ਉਹ ਬੋਲਿਆ …”ਤੀਹ ਸਾਲ ਨੌਕਰੀ ਕੀਤੀ ਪਰ ਅਜੇ ਤੱਕ ਇੱਕ ਦੀ ਗੱਲ ਸਮਝ ਨੀ ਆਈ ਕੇ …ਤੂੰ ਪਾਣੀ ਦਾ ਗਿਲਾਸ ਲਿਆਉਂਦੀ ਸੀ ਤਾਂ ਮੈਂ ਆਉਂਦਾ ਸੀ ਕੇ ..ਕੇ ਮੇਰੇ ਆਉਣ ਤੇ ਤੂੰ ਪਾਣੀ ਦਾ ਗਿਲਾਸ ਭਰਨਾ ਸ਼ੁਰੂ ਕਰਦੀ ਸੀ …?”


ਅਤੀਤ ਦੇ ਸਮੁੰਦਰ ਵਿਚ ਡੁੱਬਦੀ ਹੋਈ ਬੋਲੀ …”ਹਾਂ ਸੱਚ ਤੁਹਾਨੂੰ ਯਾਦ ਹੈ ਰਿਟਾਇਰਮੈਂਟ ਤੋਂ ਪਹਿਲਾਂ ..ਜਦੋਂ ਤੁਹਾਨੂੰ ਸ਼ੂਗਰ ਨਹੀਂ ਸੀ ਹੁੰਦੀ … ਇੱਕ ਦਿਨ ਦੁਪਹਿਰ ਦੀ ਰੋਟੀ ਤੋਂ ਮਗਰੋਂ ਤਾਜੇ ਦੁੱਧ ਦੀ ਖੀਰ ਦੇਖ ਤੁਸੀਂ ਕਿਹਾ ਸੀ ਕੇ . ..ਮੈਂ ਸੋਚ ਹੀ ਰਿਹਾ ਸਾਂ ਕੇ ਜੇ ਕਿਤੇ ਅੱਜ ਰੋਟੀ ਮਗਰੋਂ ਖੀਰ ਮਿਲ ਜਾਵੇ ..”!
ਹੱਸਦਾ ਹੋਇਆ ਆਖਣ ਲੱਗਾ …”ਦਫਤਰੋਂ ਨਿਕਲਦਾ ਅਕਸਰ ਹੀ ਸਾਈਕਲ ਦੇ ਪੈਡਲ ਮਾਰਦਾ ਹੋਇਆ ਜੋ ਵੀ ਮਨ ਵਿਚ ਸੋਚਦਾ ਹੁੰਦਾ ..ਸਬੱਬ ਨਾਲ ਓਹੀ ਕੁਝ ਘਰੇ ਬਣਿਆ ਹੁੰਦਾ ਸੀ ..”!

ਪੱਲੇ ਨਾਲ ਮੂੰਹ ਪੂੰਝਦੀ ਆਖਣ ਲੱਗੀ …..”ਤੁਹਾਨੂੰ ਪਤਾ “ਗੁਰਮੁਖ” ਦੇ ਟੈਮ ਜਦੋਂ ਪੇਕੇ ਗਈ ਸੀ …ਅੱਧੀ ਰਾਤ ਪੀੜਾਂ ਲੱਗ ਗਈਆਂ …ਸੋਚੀ ਜਾਵਾਂ ਕੇ ਜੇ ਕਿਤੇ ਤੁਸੀਂ ਨੇੜੇ ਹੋਵੋ …ਪਤਾ ਨੀ ਰੱਬ ਦੀ ਕੁਦਰਤ ..ਸੁਵੇਰੇ ਦਾਈ ਨੇ ਇਹਨੂੰ ਮੇਰੀ ਝੋਲੀ ਪਾਇਆ ਤੇ ਓਸੇ ਵੇਲੇ ਆਪਣੇ ਸਾਈਕਲ ਦੀ ਘੰਟੀ ਦੀ ਵਾਜ ਕੰਨਾਂ ਵਿਚ ਪਈ..ਤੇ ਸਾਮਣੇ ਤੁਸੀਂ ਖਲੋਤੇ ਸੀ “!

ਉਹ ਬੋਲਿਆ …”ਹਾਂ ਓਸੇ ਦਿਨ ਪਤਾ ਨੀ ਕਿਓਂ ਦਫਤਰ ਵਿਚ ਜੀ ਜਿਹਾ ਨਾ ਲੱਗਾ ਤੇ ਸਾਬ ਨੂੰ ਆਖ ਸੁਵੇਰੇ ਹੀ ਛੁੱਟੀ ਲੈ ਲਈ ਤੇ ਸਾਈਕਲ ਸਿੱਧਾ ਤੇਰੇ ਪਿੰਡ ਦੇ ਰਾਹ ਨੂੰ ਪਾ ਲਿਆ …ਘੰਟੇ ਦੀ ਵਾਟ ਪਤਾ ਨੀ ਕਿੱਦਾਂ ਅੱਧੇ ਘੰਟੇ ਚ ਮੁੱਕ ਗਈ ਉਸ ਦਿਨ …ਰੱਬ ਹੀ ਜਾਣਦਾ “!
ਅੱਛਾ ਹੋਰ ਇਕ ਗੱਲ ..”ਤੁਹਾਨੂੰ ਪਤਾ ਜਦੋਂ ਤੁਸੀਂ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਤਾਜੀ ਲਿਖੀ ਕਵਿਤਾ ਦੀਆਂ ਦੋ ਲਾਈਨਾਂ ਬੋਲਦੇ ਸੀ ਤੇ ਮੈਂ ਸੰਗਦੀ ਹੋਈ ਆਪਣਾ ਮੂੰਹ ਚੁੰਨੀ ਵਿਚ ਲਕੋ ਲੈਂਦੀ …ਤੇ ਤੁਹਾਨੂੰ ਓਸੇ ਵੇਲੇ ਪਤਾ ਲੱਗ ਜਾਂਦਾਂ ਕੇ ਮੈਨੂੰ ਕਵਿਤਾ ਪਸੰਦ ਆ ਗਈ ” !
ਥੋੜੇ ਵਕਫ਼ੇ ਬਾਅਦ ਫੇਰ ਬੋਲੀ ..” ਤੁਹਾਨੂੰ ਯਾਦ ਹੈ ਜਦੋਂ ਤਵੇ ਦੀ ਨੁੱਕਰ ਨਾਲ ਮੇਰੀ ਬਾਂਹ ਸੜ ਗਈ ਸੀ ਤੇ ਤੁਸੀਂ ਓਸੇ ਵੇਲੇ ਜੇਬ ਚੋਂ “ਬਰਨੌਲ” ਕੱਢੀ ਤੇ ਆਪਣੇ ਹੱਥਾਂ ਨਾਲ ਮਲਦੇ ਹੋਏ ਆਖਿਆ ਸੀ ਕੇ ਇਹ ਲੈ ਬਾਕੀ ਰੱਖ ਲਵੀਂ ਸੰਦੂਖ ਵਿਚ ..” !

ਉਹ ਅੱਗੋਂ ਬੋਲਿਆ …”ਹਾਂ ਤੇਰੀ ਬਾਂਹ ਸੜਨ ਤੋਂ ਇੱਕ ਦਿਨ ਪਹਿਲਾਂ ਹੀ ਬਜਾਰ ਤੁਰੇ ਜਾਂਦੇ ਨੂੰ ਅਚਾਨਕ ਖਿਆਲ ਆਇਆ ਕੇ ਘਰੇ “ਬਰਨੌਲ” ਮੁੱਕੀ ਹੈ ਲੈਂਦਾ ਜਾਵਾਂ ..ਪਤਾ ਨੀ ਕਦੋਂ ਲੋੜ ਪੈ ਜਾਵੇ !”
ਫੇਰ ਉਹ ਅਚਾਨਕ ਕੋਲ ਆਈ ਤੇ ਆਖਣ ਲੱਗੀ …. “ਕੱਲੀ ਸਬਜ਼ੀ ਤੇ ਸੌਦੇ ਵਾਲੇ ਝੋਲੇ ਚੁੱਕੀ ਤੁਰੀ ਜਾਂਦੀ ਦੇ ਮਗਰ ਅਚਾਨਕ ਸਾਈਕਲ ਦੀ ਘੰਟੀ ਵਜਾ ਦਿੰਦੇ ਸੀ ਤੇ ਸਾਰੇ ਝੋਲੇ ਹੈਂਡਲ ਤੇ ਟੰਗ ਮੈਨੂੰ ਪਿੱਛੇ ਬਿਠਾ ਮਿੰਟਾਂ ਵਿਚ ਘਰ ਪਹੁੰਚ ਜਾਂਦੇ ਸੀ .. ..

ਮੋਬਾਈਲ ਤੇ ਹੁੰਦੇ ਨਹੀਂ ਸਨ .ਪਰ ਫੇਰ ਵੀ ਏਨਾ ਸਾਰਾ ਕੁਝ ਕਿੱਦਾਂ ਹੋ ਜਾਂਦਾ ਸੀ …?”!
ਉਹ ਅੱਗੋਂ ਅੱਖਾਂ ਪੂੰਝਦਾ ਆਖਣ ਲੱਗਾ ..”ਸੱਚੀਂ ਪੁੱਛੇ ਭਾਗਵਾਨੇ ..ਅੱਜ ਕੱਲ ਨਿਆਣਿਆਂ ਸਿਆਣਿਆਂ ਨੂੰ ਚੁੱਪ ਚਾਪ ਘੰਟਿਆਂ ਬੱਦੀ ਫੋਨ ਦੀਆਂ ਸਕਰੀਨਾਂ ਤੇ ਨਜਰਾਂ ਗੱਡੀ ਹੱਸਦੇ -ਰੋਂਦੇ ਦੇਖਦਾ ਹਾਂ ਤਾਂ ਕਾਲਜਾ ਮੂੰਹ ਨੂੰ ਆਉਂਦਾ …ਕੋਈ ਗੱਲ ਕਰਕੇ ਰਾਜੀ ਹੀ ਨਹੀਂ ਇੱਕ ਦੂਜੇ ਨਾਲ ..ਅਜੀਬ ਸੰਨਾਟਾ ਹੁੰਦਾ ਹਰੇ ਭਰੇ ਘਰ ਵਿਚ …ਪਤਾ ਨੀ ਕਿਹੋ ਜਿਹਾ ਜ਼ਮਾਨਾ ਆ ਗਿਆ ?”

ਅੱਗੋਂ ਮੌਕਾ ਸੰਭਾਲਦੀ ਹੱਸਦੀ ਹੋਈ ਆਖਣ ਲੱਗੀ ..” ਛੱਡੋ ਪਰਾਂ ਜੀ ਇਹਨਾਂ ਫਜੂਲ ਦੀਆਂ ਗੱਲਾਂ ਨੂੰ.. ਕਾਹਨੂੰ ਦਿਲ ਹੌਲਾ ਕਰਦੇ ਹੋ …ਪੰਜਾਂ ਮਿੰਟਾਂ ਵਿਚ ਲਾਚੀਆਂ ਤੇ ਅਦਰਕ ਵਾਲੀ ਚਾਹ ਬਣਾ ਕੇ ਲਿਆਈ ਥੋਡੇ ਲਈ …ਕੱਠੇ ਬਹਿ ਕੇ ਪੀਂਦੇ ਹਾਂ ”
ਅੱਗੋਂ ਹੈਰਾਨ ਹੁੰਦਾ ਆਖਣ ਲੱਗਾ ..” ਮੈਂ ਵੀ ਬਸ ਕਹਿਣ ਹੀ ਲੱਗਾ ਸੀ ਕੇ ਚਾਹ …ਪਰ ਇੱਕ ਗੱਲ ਤਾਂ ਦੱਸ ..ਤੈਨੂੰ ਕਿੱਦਾਂ ਪਤਾ ਲੱਗਾ ਕੇ ਅੱਜ ਮੇਰਾ ਗਲਾ ਖਰਾਬ ਹੈ ?

error: Content is protected !!