‘ਧੀਏ ‘ ਠੰਢ ਬੜੀ ਲੱਗ ਰਹੀ ਆ, ਖਾਂਸੀ ਵੀ ਆਉਂਦੀ ਆ ਇਕ ਕੱਪ ਚਾਹ ਬਣਾ ਦੇ ਅਦਰਕ ਪਾ ਕੇ’। ਸੱਸ ਮਾਁ ਨੇ ਕੰਬਦੀ ਅਵਾਜ਼ ਵਿਚ ਆਪਣੇ ਪੇਕੇ ਮੰਮੀ ਜੀ ਨਾਲ ਫੋਨ ‘ਤੇ ਰੁੱਝੀ ਨੁੂੰਹ ਨੂੰ ਤਰਲੇ ਭਰੇ ਸ਼ਬਦਾਂ ਵਿਚ ਕਿਹਾ , ‘ਨੂੰਹ : ਇਕ ਮਿੰਟ ਹੋਲਡ ਕਰਿਓ ਮੰਮੀ ਜੀ’, ਕਹਿ ਕਿ ਸਵੇਰ ਦੀ ਬਣੀ ਥਰਮਸ ਵਿੱਚੋਂ ਬੇਸੁਆਦੀ ਹੋਈ ਚਾਹ ਨੂੰ ਸਟੀਲ ਦੇ ਗਲਾਸ ਵਿਚ ਪਾ ਕੇ ਸੱਸ ਦੇ ਸਿਰਹਾਣੇ ਰੱਖ ਕੇ ਫਿਰ ਫੋਨ ‘ਤੇ ਰੁੱਝ ਗਈ।
ਸੱਸ ਮਾਁ ਨੇ ਬੜੀ ਮੁਸ਼ਕਿਲ ਨਾਲ ਗਲਾਸ ਨੂੰ ਫੜਿਆ, ਕਾਲੀ ਤੇ ਠੰਢੀ ਚਾਹ ਨੂੰ ਦੇਖਦਿਆਂ ਉਸ ਕੋਲੋਂ ਰਹਿ ਨਾ ਹੋਇਆ ਉਸ ਨੇ ਕਿਹਾ, ‘ਧੀਏ, ਚਾਹ ਠੰਢੀ ਅਤੇ ਕੁੜੱਤਣ ਮਾਰਦੀ ਆ, ਪੁੱਤ ਮੈਨੂੰ ਤਾਜ਼ੀ ਚਾਹ ਬਣਾ ਦੇ ਜਾਂ ਗਰਮ ਕਰਦੇ , ਅਸੀਂ ਸਾਰਿਆਂ ਸਵੇਰੇ ਇਹੋ ਚਾਹ ਪੀਤੀ ਹੋਰ ਤੇ ਕਿਸੇ ਨੇ ਨਹੀਂ ਕਿਹਾ, ਤੈਨੂੰ ਭੈੜੀ ਆਦਤ ਆ ਹਰ ਚੀਜ਼ ਵਿਚ ਨੁਕਸ ਕੱਢਣ ਦੀ, ਪਤਾ ਨਹੀਂ ਕਦੋਂ ਗਲੋਂ ਲੱਥੂ ਇਹ ਬੁੱਢੜੀ।
‘ਸੱਸ ਨੇ ਕੰਬਦੇ ਹੱਥਾਂ ਨਾਲ ਚਾਹ ਦਾ ਪਹਿਲਾ ਘੁੱਟ ਭਰਿਆ ਹੀ ਸੀ ਕਿ ਉਸ ਨੂੰ ਕੁਝ ਸਾਲ ਪਹਿਲਾਂ ਆਪਣੇ ਮਿਹਨਤ ਮਜ਼ਦੂਰੀ ਕਰਦੇ ਮਰੇ ਹੋਏ ਪਤੀ ਦੇ ਕਹੇ ਬੋਲ ਉਸ ਦੇ ਦਿਮਾਗ ਵਿਚ ਘੁੰਮਣ ਲੱਗੇ ਕਿ ‘ਮੈਂ ਭਾਵੇਂ ਦੁਨੀਆ ‘ਤੇ ਰਹਾਂ ਨਾ ਰਹਾਂ ਪਰ ਤੇਰੇ ਪੁੱਤਰ ਬੜੇ ਹੋਣਹਾਰ ਹਨ, ਤੇਰੀਆਂ ਨੂੰਹਾਂ ਵੀ ਬੜੀਆਂ ਹੋਣਹਾਰ ਹਨ, ਤੂੂੰ ਬਹੁਤ ਸੁੱਖ ਲਵੇਂਗੀ , ‘ ਉਸ ਦੀਆਂ ਅੱਖਾਂ ਵਿਚੋਂ ਵਹਿੰਦੇ ਅੱਥਰੂ ਤਬਕ-ਤਬਕ ਚਾਹ ਵਾਲੇ ਗਿਲਾਸ ਵਿਚ ਪੈਣੇ ਸ਼ੁਰੂ ਹੋ ਗਏ, ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਹੰਝੂਆਂ ਨਾਲ ਚਾਹ ਵਿਚਲੀ ਕੁੜੱਤਣ ਖ਼ਤਮ ਹੋ ਗਈ ਹੋਵੇ।
ਉਸ ਨੇ ਮੈਲੀ ਜਿਹੀ ਚੁੁੰਨੀ ਨਾਲ ਅੱਖਾਂ ਨੂੰ ਪੂੁੰਝਿਆ, ਸਾਹਮਣੇ ਦੀਵਾਰ ‘ਤੇ ਲੱਗੀ ਮਰੇ ਹੋਏ ਪਤੀ ਦੀ ਫੋਟੋ ਨੂੰ ਨਿਹਾਰ ਕੇ ਵੇਖਿਆ , ਉਸ ਦੇ ਅੰਦਰੋਂ ਹੂਕ ਨਿਕਲੀ , ਚੰਦ ਮਿੰਟਾਂ ਵਿਚ ਉਸ ਦੀਆਂ ਅੱਖਾਂ ਵਿਚੋਂ ਵਗਦੇ ਹੰਝੂ ਅਤੇ ਹਿਲਦੇ ਬੁੱਲ੍ਹ ਹੋਣਹਾਰ ਪੁੱਤਰਾਂ ਬਾਰੇ ਸੋਚਦੇ ਖਾਮੋਸ਼ ਹੋ ਗਏ।
ਹੁਣ ਅਫ਼ਸੋਸ ਕਰਨ ਵਾਸਤੇ ਆਉਣ-ਜਾਣ ਵਾਲਿਆਂ ਲਈ ਨੂੰਹ-ਪੁੱਤ ਗਰਮਾ-ਗਰਮ ਚਾਹ/ਕੌਫੀ ਬਣਾ ਕੇ ਬੜੀ ਨਿਮਰਤਾ ਨਾਲ ਵਰਤਾਉਣ ਦੇ ਨਾਲ ਰੋਟੀ-ਪਾਣੀ ਵੀ ਪੁੱਛਣ ਲੱਗ ਪਏ , ਲੋਕ ਚਾਹ ਦੀਆਂ ਚੁਸਕੀਆਂ ਲੈਂਦੇ ਹੋਣਹਾਰ ਨੂੰਹ-ਪੁੱਤ ਵੱਲੋਂ ਬਜ਼ੁਰਗਾਂ ਪ੍ਰਤੀ ਕੀਤੀ ਸੇਵਾ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣ ਲੱਗ ਪਏ।
ਪਰ ਨਿਮਾਣੇ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮਿਤਕ ਦੇ ਭਾਵੁਕ ਹੋਏ ਚਿਹਰੇ ਦੀਆਂ ਅੱਧ-ਪਚੱਧੀਆਂ ਅੱਡੀਆਂ ਅੱਖਾਂ ਇਹ ਸਭ ਦੇਖ ਰਹੀਆਂ ਹੋਣ ਅਤੇ ਥੋੜ੍ਹਾ-ਬਹੁਤ ਖੁੱਲਿ੍ਹਆ ਮੂੰਹ ਇਸ ਤਰ੍ਹਾਂ ਕਹਿ ਰਿਹਾ ਹੋਵੇ, ‘ਪੁੱਤ…! ਜੇਕਰ ਕਿਤੇ ਤੁਸੀਂ ਮੇਰੇ ਨਾਲ ਵੀ ਇਸ ਤਰ੍ਹਾਂ ਪਿਆਰ ਸਤਿਕਾਰ ਨਾਲ ਬੋਲਦੇ ਹੁੰਦੇ, ਮੈਨੂੰ ਵੀ ਇਸ ਤਰ੍ਹਾਂ ਪਿਆਰ ਸਤਿਕਾਰ ਨਾਲ ਰੋਟੀ-ਪਾਣੀ ਪੁੱਛਿਆ ਹੁੰਦਾ ਤਾਂ ਮੈਂ ਅਜੇ ਇਸ ਦੁਨੀਆ ਨੂੰ ਅਲਵਿਦਾ ਨਾ ਕਹਿੰਦੀ 😢
✍🏻 ਸੱਚ ਦੇ ਅਫਸਨੇ