ਇੱਕ ਕੁੱਤਾ ਰੋਜ਼ਾਨਾ ਉਸਦੇ ਘਰ ਆਉਂਦਾ ਤੇ ਆਰਾਮ ਕਰਕੇ ਚਲਾ ਜਾਂਦਾ
ਬੂਹੇ ਤੇ ਹਿਲਜੁੱਲ ਹੋਈ ਦੇਖਿਆ ਇੱਕ ਕੁੱਤਾ ਸੀ। ਜਾਨਵਰਾਂ ਦਾ ਪ੍ਰੇਮੀਂ ਸਾਂ। ਪਿਆਰ ਨਾਲ ਸਿਰ ਤੇ ਹੱਥ ਫੇਰਿਆ ਤੇ ਉਹ ਪਿੱਛੇ ਪਿੱਛੇ ਅੰਦਰ ਲੰਘ ਆਇਆ।
ਸਿੱਧਾ ਬਾਰੀ ਵੱਲ ਨੂੰ ਗਿਆ ਤੇ ਠੰਡੀ ਠੰਡੀ ਹਵਾ ਵਿਚ ਬੈਠ ਮਿੰਟਾ ਸਕਿੰਟਾਂ ਵਿਚ ਹੀ ਗੂੜੀ ਨੀਂਦਰ ਸੌਂ ਗਿਆ। ਦੋ ਕੂ ਘੰਟੇ ਮਗਰੋਂ ਉਠਿਆ। ਮੇਰੇ ਵੱਲ ਦੇਖ ਪੂਛਲ ਹਿਲਾ ਧੰਨਵਾਦ ਕੀਤਾ ਤੇ ਬਾਹਰ ਨਿੱਕਲ ਗਿਆ। ਆਦਤਾਂ ਤੋਂ ਕਾਫੀ ਸੁਲਝਿਆ ਹੋਇਆ ਜਾਨਵਰ ਲੱਗਾ। ਅਗਲੇ ਦਿਨ ਫੇਰ ਓਸੇ ਵੇਲੇ ਬੂਹੇ ਤੇ ਹਰਕਤ ਹੋਈ। ਓਹੀ ਕੁੱਤਾ ਦੁੰਮ ਹਿਲਾਉਂਦਾ ਅੰਦਰ ਆਇਆ। ਬਾਰੀ ਲਾਗੇ ਦੋ ਘੰਟੇ ਸੁੱਤਾ ਤੇ ਫੇਰ ਚੁੱਪ ਚਾਪ ਬਾਹਰ ਨੂੰ ਤੁਰ ਗਿਆ।
ਇਹ ਵਰਤਾਰਾ ਹੁਣ ਰੋਜ ਦੀ ਰੂਟੀਨ ਜਿਹੀ ਹੀ ਬਣ ਗਿਆ ਸੀ। ਇੱਕ ਦਿਨ ਮੈਂ ਰੁੱਕਾ ਲਿਖ ਉਸਦੇ ਪਟੇ ਨਾਲ ਬੰਨ ਦਿੱਤਾ। ਰੁੱਕੇ ਵਿਚ ਲਿਖਿਆ ਸੀ ਕੇ ਤੁਸੀਂ ਜੋ ਵੀ ਹੋ। ਤੁਹਾਡਾ ਕੁੱਤਾ ਬੜਾ ਪਿਆਰਾ ਤੇ ਸਿਆਣਾ ਹੈ। ਮਿਥੇ ਟਾਈਮ ਤੇ ਦਸਤਕ ਦਿੰਦਾ ਹੈ।
ਬੂਹਾ ਖੋਲ੍ਹਦਿਆਂ ਹੀ ਸਲੀਕੇ ਨਾਲ ਅੰਦਰ ਲੰਘ ਆਉਂਦਾ ਹੈ। ਬਾਰੀ ਲਾਗੇ ਦੋ ਘੜੀਆਂ ਸੌਂ ਬਾਹਰ ਨਿੱਕਲ ਜਾਂਦਾ ਹੈ। ਸਮਝ ਨਹੀਂ ਆਉਂਦੀ ਕੇ ਇਹ ਏਦਾਂ ਕਿਓਂ ਕਰਦਾ ਹੈ ?
ਅਗਲੇ ਦਿਨ ਪਟੇ ਨਾਲ ਬੰਨੇ ਰੁੱਕੇ ਵਿਚ ਲਿਖਿਆ ਸੀ ਕੇ “ਪਰਮਾਤਮਾ ਦਾ ਦਿੱਤਾ ਬਹੁਤ ਕੁਝ ਹੈ ਸਾਢੇ ਘਰ, ਚੰਗਾ ਕਾਰੋਬਾਰ ਹੈ, ਚੰਗਾ ਰਿਜਕ ਹੈ, ਚੰਗੀਆਂ ਸੁਖ ਸਹੂਲਤਾਂ ਨੇ, ਪਰ ਇੱਕੋ ਚੀਜ ਦੀ ਕਮੀਂ ਹੈ, ਸੁਖ ਸ਼ਾਂਤੀ ਨਹੀਂ ਹੈ। ਕਲੇਸ਼ ਬਹੁਤ ਰਹਿੰਦਾ, ਨਿੱਕੀ ਨਿੱਕੀ ਬਹਿਸ ਲੜਾਈ ਦਾ ਰੂਪ ਧਾਰ ਲੈਂਦੀ ਹੈ। ਫੇਰ ਮਾਰਨ ਮਰਾਉਣ ਦਾ ਸਿਲਸਿਲਾ ਦੇਰ ਰਾਤ ਤੱਕ ਚੱਲਦਾ ਰਹਿੰਦਾ ਹੈ। ਉਹ ਮੇਰੇ ਤੇ ਚੀਖਦੀ ਹੈ ਭਾਂਡੇ ਸੁੱਟਦੀ ਹੈ ਤੇ ਮੈਂ ਓਸਤੇ ਤੇ।
ਇਸ ਮਾਹੌਲ ਵਿਚ ਇਹ ਵਿਚਾਰਾ ਡਰ ਕੇ ਨੁੱਕਰੇ ਲੱਗਿਆ ਰਹਿੰਦਾ ਹੈ ਤੇ ਇਸਦੀ ਨੀਂਦ ਪੂਰੀ ਨਹੀਂ ਹੁੰਦੀ। ਸ਼ਾਇਦ ਇਸੇ ਲਈ ਹੀ ਇਹ ਤੁਹਾਡੇ ਘਰੇ ਆ ਜਾਂਦਾ ਹੈ।
“ਕਲਾ ਕਲੰਦਰ ਵੱਸੇ ਤੇ ਘੜਿਓਂ ਪਾਣੀ ਨੱਸੇ” ਵਾਲੀ ਬਜ਼ੁਰਗਾਂ ਦੀ ਕਹਾਵਤ ਯਾਦ ਕਰ ਹੀ ਰਿਹਾ ਸੀ ਕੇ ਨਜਰ ਆਖਰੀ ਲਾਈਨ ਤੇ ਜਾ ਪਈ, ਵਿਚ ਲਿਖਿਆ ਸੀ “ਮੁਆਫ ਕਰਨਾ ਜੇ ਥੋਨੂੰ ਇਤਰਾਜ ਨਾ ਹੋਵੇ ਤਾਂ ਕੁੱਤੇ ਨਾਲ ਦੋ ਘੜੀਆਂ ਆਰਾਮ ਕਰਨ ਮੈਂ ਵੀ ਆ ਜਾਇਆ ਕਰਾਂ?”
ਸੋ ਦੋਸਤੋ ਕੌੜੀ ਹਕੀਕਤ ਇਹ ਹੈ ਕਿ ਪੈਸੇ ਨਾਲ ਸੁੱਖ ਸ਼ਾਂਤੀ ਨਹੀਂ ਖਰੀਦੀ ਜਾ ਸਕਦੀ । ਇਸ ਗੱਲ ਦਾ ਅਹਿਸਾਸ ਜਾਨਵਰਾਂ ਨੂੰ ਵੀ ਹੋ ਜਾਂਦਾ ਹੈ ।
–