ਇਸ ਭੈਣ ਦੀ ਹਿੰਮਤ ਅਤੇ ਤਿਆਗ ਨੂੰ ਸਲਾਮ…

ਇਨਸਾਨ ਦੀ ਜ਼ਿੰਦਗੀ ‘ਚ ਬਹੁਤ ਸਾਰੇ ਉਤਾਰ-ਚੜ੍ਹਾਅ ਆਉਂਦੇ ਹਨ। ਹਰ ਦੁੱਖ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਦਾ ਨਾਂ ਹੀ ਜ਼ਿੰਦਗੀ ਹੈ। ਸੁੱਖ-ਦੁੱਖ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਜੇਕਰ ਗੱਲ ਔਰਤ ਦੀ ਕੀਤੀ ਜਾਵੇ ਤਾਂ ਉਹ ਜ਼ਿਆਦਾ ਸਹਿਣਸ਼ੀਲ ਹੁੰਦੀ ਹੈ। ਕੁਝ ਅਜਿਹੀ ਹੀ ਹੈ ਗੁਰਜੀਤ ਕੌਰ ਟਿਵਾਣਾ ਦੀ ਜ਼ਿੰਦਗੀ, ਜਿਸ ਨੇ ਹਰ ਦੁੱਖ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਗੁਰਜੀਤ ਕੌਰ ਨੇ ਆਪਣੀ ਜ਼ਿੰਦਗੀ ਆਪਣੇ ਪਤੀ ਪ੍ਰਭਦਿਆਲ ਸਿੰਘ ਉਰਫ ਜੱਗੀ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ ਹੈ।

ਗੁਰਜੀਤ ਕੌਰ ਨੇ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਉਤਾਰ-ਚੜ੍ਹਾਅ ਦੇਖੇ ਹਨ। ਉਨ੍ਹਾਂ ਦੇ ਵਿਆਹ ਨੂੰ 29 ਸਾਲ ਹੋ ਗਏ ਹਨ ..

ਆਓ ਜਾਣਦੇ ਹਾਂ ਗੁਰਜੀਤ ਕੌਰ ਦੀ ਜ਼ਿੰਦਗੀ ਬਾਰੇ—

ਬੀਬੀ ਗੁਰਜੀਤ ਕੌਰ 1977 ‘ਚ ਆਪਣੇ ਪਰਿਵਾਰ ਨਾਲ ਨਿਊਜ਼ੀਲੈਂਡ ਆਈ। ਜਦੋਂ ਉਹ ਸਿਰਫ 9 ਸਾਲ ਦੀ ਸੀ ਤਾਂ ਉਨ੍ਹਾਂ ਦਾ ਪਰਿਵਾਰ ਪਹਿਲੀ ਵਾਰ ਨਿਊਜ਼ੀਲੈਂਡ ਗਿਆ। ਗੁਰਜੀਤ ਨੇ ਆਪਣੀ ਸਕੂਲ ਦੀ ਪੜ੍ਹਾਈ ਨਿਊਜ਼ੀਲੈਂਡ ਦੇ ਸ਼ਹਿਰ ਹੈਮਿਲਟਨ ਸਥਿਤ ਸਕੂਲ ‘ਚ ਕੀਤੀ। ਵੱਡੀ ਹੋ ਕੇ ਗੁਰਜੀਤ ਨਰਸ ਬਣੀ ਅਤੇ ਹੈਮਿਲਟਨ ਦੇ ਸਥਾਨਕ ਹਸਪਤਾਲ ‘ਚ ਨਰਸ ਵਜੋਂ ਕੰਮ ਕੀਤਾ। ਗੁਰਜੀਤ ਕੌਰ ਦਾ 1988 ‘ਚ ਪੰਜਾਬ ਦੇ ਰਹਿਣ ਵਾਲੇ ਨੌਜਵਾਨ ਪ੍ਰਭਦਿਆਲ ਨਾਲ ਵਿਆਹ ਹੋਇਆ।

ਉਨ੍ਹਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ। ਪਹਿਲੇ ਬੱਚੇ ਦਾ ਜਨਮ 1989 ‘ਚ ਹੋਇਆ ਅਤੇ ਦੂਜੇ ਦਾ ਜਨਮ 1992 ‘ਚ ਹੋਇਆ। ਗੁਰਜੀਤ ਦਾ ਦੂਜਾ ਪੁੱਤਰ ਮਾਨਸਿਕ ਤੌਰ ‘ਤੇ ਤੰਦਰੁਸਤ ਨਹੀਂ ਹੈ। ਉਸ ਨੂੰ ਜਨਮ ਤੋਂ ਹੀ ‘ਡਾਊਨ ਸਿੰਡਰੋਮ’ ਸੀ। ਵਿਆਹ ਦੇ 10 ਸਾਲਾਂ ਬਾਅਦ ਗੁਰਜੀਤ ਨੂੰ ਕਦੇ ਨਾ ਭੁੱਲਣ ਵਾਲਾ ਇਕ ਅਜਿਹਾ ਜ਼ਖਮ ਮਿਲਿਆ, ਜਿਸ ਨੂੰ ਉਹ ਪੂਰੀ ਜ਼ਿੰਦਗੀ ਯਾਦ ਰੱਖੇਗੀ। ਉਸ ਦੇ ਪਤੀ ਯਾਨੀ ਕਿ ਜੱਗੀ ਨੂੰ ਬ੍ਰੇਨ ਸਟਰੋਕ ਹੋਣ ਕਾਰਨ ਅਧਰੰਗ ਹੋ ਗਿਆ। ਨਿਊਜ਼ੀਲੈਂਡ ‘ਚ ਨਰਸ ਦੀ ਨੌਕਰੀ ਛੱਡ ਕੇ ਉਸ ਨੇ ਆਪਣੀ ਜ਼ਿੰਦਗੀ ਆਪਣੇ ਪਤੀ ਦੇ ਸੇਵਾ ਲਈ ਸਮਰਪਿਤ ਕਰ ਦਿੱਤੀ ਹੈ।


1991 ‘ਚ ਪਰਤੀ ਪੰਜਾਬ—

ਸਾਲ 1991 ‘ਚ ਪੰਜਾਬ ‘ਚ ਰਹਿੰਦੀ ਗੁਰਜੀਤ ਦੀ ਸੱਸ ਦੀ ਕੈਂਸਰ ਨਾਲ ਮੌਤ ਹੋ ਗਈ। ਜੱਗੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਸੱਸ ਦੀ ਮੌਤ ਤੋਂ ਬਾਅਦ ਉਸ ਨੇ ਪੰਜਾਬ ‘ਚ ਹੀ ਆਪਣੇ ਜੱਦੀ ਘਰ ਰਹਿਣ ਦਾ ਫੈਸਲਾ ਕੀਤਾ। ਗੁਰਜੀਤ ਦੇ ਬੱਚਿਆਂ ਨੇ ਵੀ ਆਪਣੀ ਪੜ੍ਹਾਈ ਪੰਜਾਬ ‘ਚ ਹੀ ਸ਼ੁਰੂ ਕੀਤੀ।

ਆਪਣੀ ਜ਼ਿੰਦਗੀ ਪਤੀ ਦੇ ਸੇਵਾ ਲਈ ਕੀਤੀ ਸਮਰਪਿਤ—

ਮਈ 1998 ਨੂੰ ਜੱਗੀ ਨੂੰ ਬ੍ਰੇਨ ਸਟਰੋਕ ਹੋ ਗਿਆ। ਜੱਗੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ। ਜੱਗੀ ਨੂੰ ਬ੍ਰੇਨ ਸਟਰੋਕ ਦੇ ਨਾਲ ਅਧਰੰਗ ਹੋ ਗਿਆ, ਜਿਸ ਕਾਰਨ ਉਹ ਸਹੀ ਤਰ੍ਹਾਂ ਨਾਲ ਤੁਰ-ਫਿਰ ਅਤੇ ਬੋਲ ਨਹੀਂ ਸਕਦਾ। ਗੁਰਜੀਤ ਨੇ ਅਜਿਹੇ ਸਮੇਂ ਵੀ ਹਿੰਮਤ ਨਹੀਂ ਹਾਰੀ ਅਤੇ ਆਪਣੀ ਜ਼ਿੰਦਗੀ ਆਪਣੇ ਪਤੀ ਦੀ ਸੇਵਾ ‘ਚ ਸਮਰਪਿਤ ਕਰ ਦਿੱਤੀ।

ਗੁਰਜੀਤ ਹੁਣ ਆਪਣੇ ਪਰਿਵਾਰ ਲਈ ਆਰਥਿਕ ਮਦਦ ਕਰ ਰਹੀ ਹੈ, ਜੋ ਕਿ ਪੰਜਾਬ ਦੇ ਜਲੰਧਰ ਦੇ ਇਕ ਪਿੰਡ ‘ਚ ਰਹਿੰਦਾ ਹੈ। ਜੱਗੀ ਦਾ ਪਰਿਵਾਰਕ ਕਿੱਤਾ ਖੇਤੀਬਾੜੀ ਹੈ। ਗੁਰਜੀਤ ਦੀ ਭੈਣ ਜੋ ਕਿ ਨਿਊਜ਼ੀਲੈਂਡ ‘ਚ ਰਹਿੰਦੀ ਹੈ, ਉਹ ਗੁਰਜੀਤ ਦਾ ਪੂਰਾ ਸਹਿਯੋਗ ਕਰਦੀ ਹੈ। ਗੁਰਜੀਤ ਦਾ ਕਹਿਣਾ ਹੈ ਕਿ ਮੇਰੇ ਪਤੀ ਜੱਗੀ ਮੇਰੇ ਦਿਲ ‘ਚ ਵੱਸਦੇ ਹਨ ਅਤੇ ਹਮੇਸ਼ਾ ਰਹਿਣਗੇ।

error: Content is protected !!