ਦੋਸਤੋ ਨਿੱਕੇ ਹੁੰਦਿਆਂ ਦੀ ਆਪਣੇ ਅੱਖੀਂ ਦੇਖੀ ਸਾਂਝੀ ਕਰਨ ਲੱਗਾ ਹਾਂ।
ਓਹਨਾ ਚਚੇਰੇ ਭਰਾਵਾਂ ਦਾ ਆਪਸ ਵਿਚ ਜਮੀਨ ਦਾ ਰੌਲਾ ਬੜੀ ਦੇਰ ਤੋਂ ਚੱਲਦਾ ਆ ਰਿਹਾ ਸੀ। ਇੱਕ ਭਰਾ ਥੋੜਾ ਪੜਿਆ ਲਿਖਿਆ ਸੀ। ਉਸਦੀ ਹਮੇਸ਼ਾਂ ਏਹੀ ਕੋਸ਼ਿਸ਼ ਰਹਿੰਦੀ ਕੇ ਮਸਲਾ ਬਹਿ ਕੇ ਗੱਲਬਾਤ ਰਾਹੀਂ ਨਬੇੜ ਲਿਆ ਜਾਵੇ ਪਰ ਦੂਜਾ ਧੜਾ ਹਮੇਸ਼ਾ ਛਵੀਆਂ ਕੁਲ੍ਹਾੜੀਆਂ ਤਿੱਖੀਆਂ ਕਰੀ ਰੱਖਦਾ।
ਲੱਗਦਾ ਸੀ ਕੇ ਅਨਿਲ ਕਪੂਰ ਵਾਲੀ “ਵਿਰਾਸਤ” ਨਾਮ ਦੀ ਫਿਲਮ ਇਹਨਾਂ ਦੇ ਟੱਬਰ ਦੀ ਕਹਾਣੀ ਤੇ ਹੀ ਬਣੀ ਸੀ। ਫੇਰ ਰੱਬ ਦੀ ਐਸੀ ਕਰਨੀ ਹੋਈ ਕੇ ਪੜਿਆ ਲਿਖਿਆ ਮੁੰਡਾ ਥੋੜਾ ਢਿੱਲਾ ਰਹਿਣ ਲੱਗਾ।
ਡਾਕਟਰਾਂ ਟੈਸਟ ਕੀਤੇ ਤੇ ਪਤਾ ਲੱਗਾ ਕੇ ਮਾਪਿਆਂ ਦੇ ਕੱਲੇ ਕੱਲੇ ਪੁੱਤ ਦੀ ਕੈਂਸਰ ਦੀ ਆਖਰੀ ਸਟੇਜ ਸੀ। ਓਹਨਾ ਸ਼ਰੀਕਾਂ ਤੋਂ ਇਸ ਗੱਲ ਦਾ ਓਹਲਾ ਰਖਿਆ ਪਰ ਬਿਮਾਰੀ ਅਤੇ ਕੋਰਟ ਕਚਹਿਰੀਆਂ ਵਾਲੇ ਮਸਲੇ ਕਿਥੇ ਲੁਕੇ ਰਹਿੰਦੇ।
ਅਖੀਰ ਜਦੋਂ ਇਸਦੀ ਭਿਣਕ ਦੂਜੀ ਧਿਰ ਨੂੰ ਲੱਗੀ ਤਾਂ ਓਹਨਾ ਦੇ ਘਰ ਦਿਨ ਵੇਲੇ ਬੱਕਰੇ ਰਿਝਣੇ ਸ਼ੁਰੂ ਹੋ ਗਏ ਅਤੇ ਸ਼ਰਾਬ ਸਪੀਕਰ ਅਤੇ ਮਹਿਫ਼ਿਲਾਂ ਦੇ ਅਣਗਿਣਤ ਦੌਰਾਂ ਦੇ ਸਿਲਸਿਲੇ ਆਮ ਜਿਹੇ ਹੋ ਗਏ। ਸਾਰੀ ਜਾਇਦਾਤ ਆਪਣੀ ਝੋਲੀ ਵਿਚ ਪੈਂਦੀ ਸਮਝ ਅਗਲਿਆਂ ਪਟਵਾਰੀ ਅਤੇ ਕਾਨੂੰਗੋ ਤੱਕ ਸਾਰਾ ਮਾਲ ਮਹਿਕਮਾਂ ਆਪਣੇ ਹੱਥ ਵਿਚ ਕਰ ਲਿਆ।
ਇਥੋਂ ਤੱਕ ਕੇ ਮੂੰਹ ਜਬਾਨੀ ਚਾਚੇ ਦੇ ਕਿੱਲਿਆਂ ਦੀ ਵੰਡ ਵੰਡਾਈ ਵੀ ਕਰ ਲਈ ਗਈ। ਉੱਤੋਂ ਚੜ੍ਹੋਖੱਤੀ ਵਿਚ ਬਿਮਾਰੀ ਵਾਲੇ ਘਰ ਅੱਗੋਂ ਖੰਗੂੜੇ ਮਾਰ ਮਾਰ ਲੰਘਿਆ ਕਰਨ।
ਇਲਾਕੇ ਵਿਚ ਇਹ ਸੋਚ ਭਾਰੂ ਹੋਣ ਲੱਗੀ ਕੇ ਭਾਈ ਕਲਜੁਗ ਵਾਲੇ ਵਰਤਾਰੇ ਵਿਚ ਤੇ ਪਾਪ ਦੂਣ-ਸਵਾਇਆ ਹੋ ਵਧਦਾ ਫੁੱਲਦਾ ਹੈ। ਇੱਕ ਵਾਰ ਅੱਧੀ ਰਾਤ ਸ਼ਰਾਬ ਨਾਲ ਰੱਜੇ ਹੋਏ ਪਿੰਡ ਆਉਂਦਿਆਂ ਦਾ ਟਰੈਕਟਰ ਨਹਿਰ ਵਿਚ ਜਾ ਪਿਆ ਤੇ ਦੋਨੋਂ ਭਰਾ ਥਾਏਂ ਹੀ ਮੁੱਕ ਗਏ।
ਓਧਰ ਦੂਜੇ ਪਾਸੇ ਉਸ ਡਾਹਢੇ ਦੀ ਕਰਨੀ ਨੇ ਇੱਕ ਵਾਰ ਫੇਰ ਨਵਾਂ ਚੱਕਰ ਚਲਾਇਆ, ਕੈਂਸਰ ਦੀ ਆਖਰੀ ਸਟੇਜ ਵਾਲਾ ਮੁੜ ਪੱਕੇ ਪੈਰੀ ਹੋ ਤੁਰਿਆ ਅਤੇ ਯਕੀਨ ਮਨਿਓਂ ਕਰਮਾਂ ਵਾਲਾ ਅਜੇ ਤੱਕ ਵੀ ਜਿਉਂਦਾ ਹੈ।
ਸੋ ਦੋਸਤੋ ਉਪਰ ਵਾਲੇ ਦੀ ਲੀਲਾ ਤਾਂ ਓਹੀ ਜਾਣੇ ਪਰ ਏਨਾ ਜਰੂਰ ਹੈ ਕੇ ਉਸਨੂੰ “ਅੱਤ” ਨਾਮ ਦੇ ਅੱਖਰ ਤੋਂ ਚਿੜ ਬਹੁਤ ਹੈ। ਫੇਰ ਜਦੋਂ ਪਾਣੀ ਸਿਰੋਂ ਲੰਘ ਜਾਂਦਾ ਹੈ ਤਾਂ ਉਸਦੀ ਅਚਨਚੇਤ ਚੱਲੀ ਲਾਠੀ ਦਾ ਖੜਾਕ ਬਿਲਕੁਲ ਹੀ ਨਹੀਂ ਹੁੰਦਾ।
ਹਰਪ੍ਰੀਤ ਸਿੰਘ ਜਵੰਦਾ