ਸ੍ਰੀ ਹਰਿਮੰਦਰ ਸਾਹਿਬ ਜਿਸ ਨੂੰ ਇਸ ਦੀ ਸਜੀਵ ਸੁੰਦਰਤਾ ਅਤੇ ਇਸ ਉੱਪਰ ਸੋਨੇ ਦੀ ਝਾਲ ਦੇ ਕਾਰਨ ਅੰਗਰੇਜ਼ੀ ਬੋਲਣ ਵਾਲਿਆਂ ਵਿਚ ਇਹ ਗੋਲਡਨ ਟੈਂਪਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਦੁਨੀਆਂ ਵਿਚ ਆਪਣੀ ਵਿਲੱਖਣ ਥਾਂ ਰੱਖਦਾ ਹੈ।
ਇਹ ਨਾਂ ‘ਹਰਿਮੰਦਰ ਸਾਹਿਬ’ ਹਰੀ/ਪਰਮਾਤਮਾ ਦੇ ਨਾਂ ‘ਤੇ ਹੈ।ਸਾਰੀ ਦੁਨੀਆਂ ਵਿਚ ਸਿੱਖ ਰੋਜ਼ ਹੀ ਆਪਣੀ ਅਰਦਾਸ ਵਿਚ ਸ੍ਰੀ ਅੰਮ੍ਰਿਤਸਰ ਆਉਣ ਅਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਸ਼ਰਧਾ-ਸਤਿਕਾਰ ਅਦਾ ਕਰਨ ਦੀ ਲੋਚਾ ਕਰਦਾ ਹੈ।ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੂੰ ਸਿੱਖਾਂ ਵਾਸਤੇ ਇਕ ਕੇਂਦਰੀ ਪੂਜਾ ਅਸਥਾਨ ਰਚਣ ਦਾ ਖਿਆਲ ਆਇਆ ਤੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਨਿਰਮਾਣਕਾਰੀ ਦਾ ਖਾਕਾ ਖੁਦ ਬਣਾਇਆ। ਪੂਰਬਲੇ ਸਮੇਂ ਤੀਸਰੇ ਗੁਰੂ, ਗੁਰੂ ਅਮਰਦਾਸ ਜੀ ਨੇ ਪਵਿੱਤਰ ਸਰੋਵਰ ‘ਅੰਮ੍ਰਿਤਸਰ’ ਜਾਂ ‘ਅੰਮ੍ਰਿਤ ਸਰੋਵਰ, ਨੂੰ ਖੁਦਵਾਉਣ ਦੀ ਯੋਜਨਾ ਬਣਾਈ ਸੀ, ਅਤੇ ਇਸਨੂੰ ਗੁਰੂ ਰਾਮਦਾਸ ਸਾਹਿਬ ਦੁਆਰਾ ਬਾਬਾ ਬੁੱਢਾ ਜੀ ਦੀ ਨਿਗਰਾਨੀ ਵਿਚ ਖੁਦਵਾਇਆ ਗਿਆ ਸੀ। ਸਥਾਨ ਵਾਸਤੇ ਜ਼ਮੀਨ ਪੂਰਬਲੇ ਗੁਰੂ ਸਾਹਿਬਾਨ ਦੁਆਰਾ ਸਥਾਨਕ ਪਿੰਡਾਂ ਦੇ ਜਿੰਮੀਦਾਰਾਂ ਤੋਂ ਨਕਦ ਅਦਾਇਗੀ ਨਾਲ ਪ੍ਰਾਪਤ ਕਰ ਲਈ ਗਈ ਸੀ। ਇਕ ਨਗਰ ਵਸਾਉਣ ਦੀ ਯੋਜਨਾ ਵੀ ਬਣਾਈ ਗਈ। ਇਸ ਲਈ 1570 ਈ: ਵਿਚ ਸਰੋਵਰ ਅਤੇ ਨਗਰ ‘ਤੇ ਕਾਰਜ ਨਾਲ-ਨਾਲ ਸ਼ੁਰੂ ਹੋਇਆ। ਦੋਨਾਂ ‘ਤੇ ਕਾਰਜ 1577 ਈ: ‘ਚ ਪੂਰਾ ਹੋਇਆ।
ਗੁਰੂ ਅਰਜਨ ਸਾਹਿਬ ਨੇ ਇਸ ਦੀ ਨੀਂਹ 1 ਮਾਘ 1645 ਬਿਕਰਮੀ ਸੰਮਤ (ਦਸੰਬਰ 1588) ‘ਚ ਮੁਸਲਮਾਨ ਫਕੀਰ ਹਜ਼ਰਤ ਮੀਆਂ ਮੀਰ ਜੀ ਤੋਂ ਰਖਵਾਈ ਜੋ ਕਿ ਲਾਹੌਰ ਦੇ ਰਹਿਣ ਵਾਲੇ ਸਨ। ਰਚਨਾ-ਕਾਰਜ ਗੁਰੂ ਅਰਜਨ ਸਾਹਿਬ ਦੀ ਪ੍ਰਤੱਖ ਰੂਪ ‘ਚ ਕੀਤੀ ਨਿਗਰਾਨੀ ‘ਚ ਹੋਇਆ ਅਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲ੍ਹੋ ਜੀ (ਸਾਰੀਆਂ ਪ੍ਰਸਿੱਧ ਸਿੱਖ ਸ਼ਖਸ਼ੀਅਤਾਂ) ਅਤੇ ਇਸ ਪਵਿੱਤਰ ਕਾਰਜ ਵਿਚ ਕਈ ਹੋਰ ਸਮਰਪਿਤ ਸਿੱਖਾਂ ਦੁਆਰਾ ਵੀ ਮਦਦ ਕੀਤੀ ਗਈ।
ਹਿੰਦੂ ਮੰਦਰ ਉਸਾਰੀ ਕਲਾ ਅਨੁਸਾਰ ਉਸਾਰੀ ਨੂੰ ਜ਼ਮੀਨ ਤੋਂ ਉੱਚਾ ਉਸਾਰਣ ਦੀ ਰੀਤ ਤੋਂ ਵੱਖਰਾ ਰਸਤਾ ਅਪਨਾਉਂਦਿਆਂ ਗੁਰੂ ਅਰਜਨ ਸਾਹਿਬ ਨੇ ਇਸਨੂੰ ਹੇਠਲੀ ਸਤਹ ‘ਤੇ ਰੱਖਕੇ ਬਣਾਇਆ। ਹਿੰਦੂ ਮੰਦਰਾਂ ਅੰਦਰ ਆਉਣ-ਜਾਣ ਵਾਸਤੇ ਜਿਥੇ ਇਕੋ ਦਰਵਾਜ਼ਾ ਹੁੰਦਾ ਹੈ, ਉਥੇ ਗੁਰੂ ਸਾਹਿਬਾਨ ਨੇ ਇਸਨੂੰ ਚਾਰੇ ਪਾਸਿਓ ਖੁੱਲ੍ਹਾ ਰੱਖਿਆ। ਇਉਂ ਆਪ ਜੀ ਨੇ ਸਿੱਖ ਧਰਮ ਦਾ ਇਕ ਨਵਾਂ ਚਿੰਨ੍ਹ ਰਚ ਦਿੱਤਾ। ਗੁਰੂ ਸਾਹਿਬ ਨੇ ਇਸ ਵਿਚ ਜਾਤ, ਨਸਲ, ਲਿੰਗ ਅਤੇ ਮਜ੍ਹਬ ਦੇ ਵਿਤਕਰੇ ਤੋਂ ਬਿਨਾਂ ਹਰੇਕ ਮਨੁੱਖ ਦੇ ਦਾਖਲ ਹੋਣ ਵਾਸਤੇ ਵਿਵਸਥਾ ਕੀਤੀ।
ਭਵਨ ਉਸਾਰੀ ਦਾ ਕਾਰਜ ਭਾਦਰੋਂ ਸੁਦੀ 1,1661 ਬਿਕਰਮੀ ਸੰਮਤ (ਅਗਸਤ/ਸਤੰਬਰ, 1604) ‘ਚ ਪੂਰਾ ਹੋਇਆ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਿਰਾਜਮਾਨ ਕੀਤਾ ਅਤੇ ਇਸ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ। ਇਸ ਅਸਥਾਨ ਨੇ ਅਠਸਠ ਤੀਰਥ ਦਾ ਰੁਤਬਾ ਹਾਸਲ ਕੀਤਾ।
ਸ੍ਰੀ ਹਰਿਮੰਦਰ ਸਾਹਿਬ ਨੂੰ ਸਰੋਵਰ ਦੇ ਵਿਚਕਾਰ 67 ਫੁੱਟ ਵਰਗਾਕਾਰ ਮੰਚ ‘ਤੇ ਬਣਾਇਆ ਗਿਆ ਹੈ। ਇਹ ਆਪਣੇ ਆਪ ਵਿਚ 40.5 ਫੁੱਟ ਵਰਗਾਕਾਰ ਹੈ ਅਤੇ ਇਸ ਦੀਆਂ ਪੂਰਬ, ਪੱਛਮ, ਉੱਤਰ ਅਤੇ ਦੱਖਣ ਦਿਸ਼ਾਵਾਂ ਵਿਚ ਇਕ ਇਕ ਦਰਵਾਜਾ ਹੈ। ਦਰਸ਼ਨੀ ਡਿਊੜੀ ਇਕ ਚਾਪ ਦੀ ਸ਼ਕਲ ‘ਚ ਕੇਂਦਰ ਅਸਥਾਨ ਨੂੰ ਲਿਜਾਣ ਵਾਲੇ ਪੁਲ ਦੇ ਕੰਢੇ ਸਥਿਤ ਹੈ। ਇਸਦੇ ਦਰਵਾਜੇ ਦੀ ਬਣਤਰ ਲੱਗਭਗ 10 ਫੁੱਟ ਉੱਚੀ ਅਤੇ 8 ਫੁੱਟ ਛੇ ਇੰਚ ਚੌੜੀ ਹੈ। ਦਰਵਾਜੇ ਦੇ ਚੌਖਟੇ ਮਨਮੋਹਣੇ ਢੰਗ ਨਾਲ ਸਜੇ ਹੋਏੇ ਹਨ।
ਦਰਸ਼ਨੀ ਡਿਊੜੀ ਅਤੇ ਸ੍ਰੀ ਹਰਿਮੰਦਰ ਸਾਹਿਬ ਦਰਮਿਆਨ ਬਣੇ ਪੁਲ ਦੀ ਲੰਬਾਈ 202 ਫੁੱਟ ਅਤੇ ਚੌੜਾਈ 21 ਫੁੱਟ ਹੈ। ਇਹ ਪੁਲ 13 ਫੁੱਟ ਚੌੜੀ ਪਰਦੱਖਣਾ (ਪਰਿਕਰਮਾ ਮਾਰਗ) ਨਾਲ ਜੁੜਿਆ ਹੋਇਆ ਹੈ, ਜੋ ਮੁੱਖ ਅਸਥਾਨ ਦੇ ਆਲੇ-ਦਵਾਲੇ ਜਾਂਦੀ ਹੈ ਅਤੇ ‘ਹਰਿ ਕੀ ਪਉੜੀ’ ਨਾਲ ਵੀ ਜੋੜਦੀ ਹੈ। ਹਰਿ ਕੀ ਪਉੜੀ ਦੀ ਪਹਿਲੀ ਮੰਜ਼ਲ ‘ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਲਗਾਤਾਰ ਹੁੰਦਾ ਰਹਿੰਦਾ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਸੰਰਚਨਾ ਤਕਨੀਕੀ ਰੂਪ ‘ਚ ਤਿੰਨ-ਮੰਜ਼ਲੀ ਹੈ। ਪੁਲ ਦੇ ਸਾਹਮਣੇ ਵਾਲਾ ਮੱਥਾ ਚਾਪਾਂ ਨੂੰ ਮਿਲਾ ਕੇ ਵਧੀਆ ਸਜਾਇਆ ਹੋਇਆ ਹੈ ਅਤੇ ਪਹਿਲੀ ਮੰਜ਼ਲ ਦੀ ਛੱਤ 26 ਫੁੱਟ ਅਤੇ 9 ਇੰਚ ਉਚਾਈ ‘ਤੇ ਹੈ।
ਇਸਦੀ ਛੇ ਕੋਨੀ ਛੱਤ ਦੇ ਸਿਖਰ ‘ਤੇ ਸਾਰੇ ਪਾਸੇ ਗੁੰਬਦਾਂ ਵਾਲੇ ਬਨੇਰੇ ਬਣੇ ਹੋਏ ਹਨ। ਇਸਦੇ ਚਹੁੰ ਕੋਨਿਆਂ ‘ਤੇ ਚਾਰ ‘ਮਮਟੀਆਂ’ ਵੀ ਸਥਿਤ ਹਨ। ਕੇਂਦਰੀ ਹਾਲ ਦੇ ਸਿਖਰ ਉੱਤੇ ਇਕ ਸ਼ਾਨਦਾਰ ਕਮਰਾ ਬਣਿਆ ਹੋਇਆ ਹੈ। ਇਹ ਇਕ ਛੋਟਾ ਵਰਗਾਕਾਰ ਕਮਰਾ ਹੈ ਅਤੇ ਇਹਦੇ ਤਿੰਨ ਦਰਵਾਜੇ ਹਨ। ਇਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਨੇਮ ਨਾਲ ਹੁੰਦਾ ਰਹਿੰਦਾ ਹੈ। ਇਸਦੇ ਪਿਛਲੇ ਪਾਸੇ ਨਿਸ਼ਾਨ ਸਾਹਿਬ ਸੁਸ਼ੋਬਿਤ ਹੈ। ਇਸ ਕਮਰੇ ਦੇ ਉੱਪਰ ਇਕ ਗੁੰਬਦ ਬਣਿਆ ਹੋਇਆ ਹੈ ਜਿਸ ਦੇ ਹੇਠਲੇ ਆਧਾਰ ‘ਤੇ ਕਮਲ ਦੇ ਫੁੱਲ ਵਰਗੀਆਂ ਪੰਖੜੀਆਂ ਦਿਸਦੀਆਂ ਹਨ। ਉਸ ਉੱਪਰ ਸੁੰਦਰ ਛਤਰੀ ਵਾਲਾ ਕਲਸ਼ ਸੁਸ਼ੋਬਿਤ ਹੈ।
ਇਸ ਦੀ ਉਸਾਰੀ ਕਲਾ ਮੁਸਲਮਾਨੀ ਅਤੇ ਹਿੰਦੂ ਭਵਨ ਕਲਾਵਾਂ ਦਾ ਇਕ ਅਦੁੱਤੀ ਸੁਮੇਲ ਪੇਸ਼ ਕਰਦੀ ਹੈ। ਇਹ ਦੁਨੀਆਂ ਭਰ ਦੀਆਂ ਭਵਨ ਕਲਾਵਾਂ ਦੇ ਸਭ ਤੋਂ ਚੰਗੇ ਨਮੂਨੇ ਵਜੋਂ ਮੰਨਿਆ ਜਾਂਦਾ ਹੈ। ਅਕਸਰ ਆਖਿਆ ਜਾਂਦਾ ਹੈ ਕਿ ਇਸ ਉਸਾਰੀ ਨੇ ਭਾਰਤ ਦੇ ਅੰਦਰ ਭਵਨ ਕਲਾ ਦੇ ਇਤਿਹਾਸ ‘ਚ ਉਸਾਰੀ ਕਲਾ ਦਾ ਇਕ ਆਜ਼ਾਦ ਸਕੂਲ ਰਚ ਦਿੱਤਾ ਹੈ।ਇਹ ਸਿੱਖ ਕੌਮ ਦਾ ਕੇਂਦਰੀ ਧਰਮ ਅਸਥਾਨ ਹੈ।