ਹੈਦਰਾਬਾਦ : ਅਰਬ ਦੇਸ਼ਾਂ ਦੇ ਨਾਗਰਿਕਾਂ ਵੱਲੋਂ ਭਾਰਤ ‘ਚ ਨਾਬਾਲਿਗ ਲੜਕੀਆਂ ਨਾਲ ਵਿਆਹ ਕਰਵਾਉਣ ਦੇ ਇਕ ਵੱਡੇ ਗਿਰੋਹ ਦਾ ਹੈਦਰਾਬਾਦ ਪੁਲਿਸ ਨੇ ਪਰਦਾਫ਼ਾਸ਼ ਕੀਤਾ ਹੈ। ਇਸ ਮਾਮਲੇ ‘ਚ ਅੱਠ ਅਰਬ ਸ਼ੇਖ਼ਾਂ ਸਮੇਤ 20 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਫੜੇ ਗਏ ਵਿਅਕਤੀਆਂ ‘ਚ ਮੁੰਬਈ ਦੇ ਮੁੱਖ ਕਾਜੀ ਫ਼ਰੀਦ ਅਹਿਮਦ ਖ਼ਾਨ ਸਮੇਤ ਤਿੰਨ ਕਾਜੀ, ਚਾਰ ਲਾਜ ਮਾਲਕ ਤੇ ਪੰਜ ਦਲਾਲ ਵੀ ਸ਼ਾਮਿਲ ਹਨ। ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਐੱਮ ਮਹਿੰਦਰ ਰੈੱਡੀ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੂ ਕੀਤੇ ਗਏ ਅਰਬ ਸ਼ੇਖ਼ ਦਲਾਲਾਂ, ਕਾਜੀ ਤੇ ਲਾਜ ਮਾਲਕਾਂ ਦੀ ਮਦਦ ਨਾਲ ਨਾਬਾਲਿਗ ਲੜਕੀਆਂ ਨਾਲ ਵਿਆਹ ਕਰਵਾਉਣ ਦੀ ਤਾਕ ‘ਚ ਸਨ।
ਕਾਬੂ ਕੀਤੇ ਗਏ ਸ਼ੇਖ਼ਾਂ ‘ਚ ਪੰਜ ਓਮਾਨ ਤੇ ਤਿੰਨ ਕਤਰ ਦੇ ਨਾਗਰਿਕ ਹਨ। ਇਸ ਗਿਰੋਹ ਦਾ ਜਾਲ ਹੈਦਰਾਬਾਦ ਤੋਂ ਲੈ ਕੇ ਓਮਾਨ ਤੇ ਹੋਰ ਦੇਸ਼ਾਂ ਤੱਕ ਫੈਲਿਆ ਹੈ। ਪੁਲਿਸ ਕਮਿਸ਼ਨਰ ਵੀ ਸੱਤਿਆਨਾਰਾਇਣ ਅਨੁਸਾਰ ਦੋ ਨਾਬਾਲਿਗ ਲੜਕੀਆਂ ਨੂੰ ਬਚਾਇਆ ਜਾ ਰਿਹਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਲੋਕਾਂ ਨੇ ਵਿਆਹ ਕਰਵਾਉਣ ਦੇ ਬਹਾਨੇ 20 ਲੜਕੀਆਂ ਤੇ ਅੌਰਤਾਂ ਦੀ ਤਸਕਰੀ ਦੀ ਸਾਜ਼ਿਸ਼ ਰਚੀ ਸੀ।
ਇਸ ਗਿਰੋਹ ਦਾ ਪਰਦਾਫ਼ਾਸ਼ ਪੁਰਾਣੇ ਹੈਦਰਾਬਾਦ ਦੇ ਫਲਕਨੁਮਾ ਇਲਾਕੇ ‘ਚ ਦਰਜ ਇਕ ਮਾਮਲੇ ਦੀ ਜਾਂਚ ਦੌਰਾਨ ਹੋਇਆ। ਇਕ ਔਰਤ ਨੇ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪਤੀ ਨੇ ਆਪਣੀ ਹੀ ਨਾਬਾਲਿਗ ਧੀ ਨੂੰ ਕੁਝ ਦਲਾਲਾਂ ਦੀ ਮਦਦ ਨਾਲ 70 ਸਾਲਾਂ ਦੇ ਓਮਾਨੀ ਨਾਗਰਿਕ ਅਹਿਮਦ ਅਬਦੁੱਲਾ ਨੂੰ ਵੇਚ ਦਿੱਤਾ। ਲੜਕੀ ਓਮਾਨ ‘ਚ ਫਸੀ ਹੋਈ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਲੜਕੀ ਨੂੰ ਬਚਾਉਣ ਤੇ ਦੋਸ਼ੀ ੂਨੂੰ ਕਾਬੂ ਕਰਕੇ ਹੈਦਰਾਬਾਦ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲਿਸ ਹੈਦਰਾਬਾਦ ਦੇ ਪੁਰਾਣੇ ਇਲਾਕੇ ‘ਚ ਇਸ ਤਰ੍ਹਾਂ ਦੇ ਵੱਡੇ ਗਿਰੋਹ ਦਾ ਪਹਿਲਾਂ ਵੀ ਪਰਦਾਫ਼ਾਸ਼ ਕਰ ਚੁੱਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗਿਰੋਹ ਦੇ ਏਜੰਟ ਗ਼ਰੀਬ ਪਰਿਵਾਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਦੀਆਂ ਨਾਬਾਲਿਗ ਲੜਕੀਆਂ ਨੂੰ ਜਾਲ ‘ਚ ਫਸਾਉਂਦੇ ਹਨ। ਉਹ ਕਾਜੀ ਦੀ ਮਦਦ ਨਾਲ ਵਿਆਹ ਕਰਵਾ ਕੇ ਇਨ੍ਹਾਂ ਲੜਕੀਆਂ ਨੂੰ ਵਿਦੇਸ਼ੀਆਂ ਨੂੰ ਵੇਚਣ ਦਾ ਕੰਮ ਕਰਦੇ ਹਨ। ਵਿਆਹ ਸਮੇਂ ਲੜਕੀ ਤੋਂ ਤਲਾਕ ਦੇ ਕੋਰੇ ਦਸਤਾਵੇਜ਼ ‘ਤੇ ਦਸਤਖਤ ਕਰਵਾ ਲਏ ਜਾਂਦੇ ਹਨ।