ਪੰਜਾਬ ਵਿੱਚ ਕਿਸਾਨ ਅਤੇ ਕਿਸਾਨੀ ਦੋਨਾਂ ਦੀ ਹੀ ਪਰੇਸ਼ਾਨੀ ਰੁਕਣ ਦਾ ਨਾਮ ਨਹੀ ਲੈ ਰਹੀ ਹੈ। ਸਰਕਾਰ ਬੇਸ਼ੱਕ ਕਰਜ਼ ਮੁਆਫੀ ਦੀ ਕਿਸ਼ਤ ਵੀ ਜਾਰੀ ਕਰ ਚੁੱਕੀ ਹੈ। ਪਰ ਇਸ ਦੇ ਬਾਵਜੂਦ ਵੀ ਆਏ ਹੀ ਦਿਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀ ਲੈ ਰਹੀਆਂ । ਤਾਜਾ ਘਟਨਾ ਸਾਹਮਣੇ ਆਈ ਹੈ ਫਰੀਦਕੋਟ ਦੇ ਪਿੰਡ ਚਹਿਲ ਦੀ ਜਿੱਥੋਂ ਦੇ ਕਿਸਾਨ ਨੇ ਪਿੰਡ ਵਾਸੀਆਂ ਅਨੁਸਾਰ ਕੈਪਟਨ ਦੀ ਕਰਜ਼ ਮੁਆਫੀ ਸਕੀਮ ਵਿੱਚ ਨਾਮ ਨਾਂ ਆਉਣ ਕਰਕੇ ਮੌਤ ਦਾ ਰਸਤਾ ਚੁਣ ਲਿਆ ਹੈ। ਉਹ ਅਜ਼ਾਦੀ ਘੁਲਾਟੀਏ ਊਧਮ ਸਿੰਘ ਦੇ ਪੌਤੇ ਸੀ।
ਚਹਿਲ ਵਾਸੀ ਗੁਰਦੇਵ ਸਿੰਘ ਆਪਣੇ ਪਰਵਾਰ ਨੂੰ ਰੋਂਦਾ ਕਾਰਲਾਉਂਦਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਕਿਸਾਨ ਦੇ ਰਿਸ਼ਤੇਦਾਰ ਮੁਤਾਬਕ ਗੁਰਦੇਵ ਸਿਰ ਕਰੀਬ 20 ਲੱਖ ਰੁਪਏ ਦਾ ਕਰਜ ਸੀ। ਗੁਰਦੇਵ ਸਿੰਘ ਨੇ ਆਪਣੇ ਹੀ ਖੇਤ ਵਿੱਚ ਜਾ ਕੇ ਗਲੇ ਵਿੱਚ ਰਸੀ ਪਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪਿੰਡ ਚਹਿਲ ਦੇ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਇਹ ਕਿਸਾਨ ਬੇਹੱਦ ਵਧੀਆ ਇਨਸਾਨ ਸੀ ਅਤੇ ਕਰੀਬ 20/22 ਏਕੜ ਜ਼ਮੀਨ ਇਸਦੇ ਕੋਲ ਸੀ। ਕਾਫ਼ੀ ਦਿਨਾਂ ਤੋਂ ਇਹ ਪ੍ਰੇਸ਼ਾਨੀ ਦੇ ਆਲਮ ‘ਚ ਚੱਲ ਰਿਹਾ ਸੀ। ਜਿਸ ਕਾਰਨ ਉਸਨੇ ਖੁਦਕੁਸ਼ੀ ਕੀਤੀ।
ਇਸ ਦੌਰਾਨ ਮ੍ਰਿਤਕ ਕਿਸਾਨ ਗੁਰਦੇਵ ਦੇ ਰਿਸ਼ਤੇਦਾਰ ਜੋਰਾ ਸਿੰਘ ਨੇ ਕਿਹਾ ਕਿ ਗੁਰਦੇਵ ਸਿੰਘ ਆਪਣਾ ਨਾਮ ਸਰਕਾਰ ਦੀ ਕਰਜ ਮੁਆਫੀ ਸਕੀਮ ਵਿੱਚ ਨਾ ਆਉਣ ਤੋਂ ਪ੍ਰੇਸ਼ਾਨ ਸੀ। ਉਸਦੇ ਸਿਰ ਕਰੀਬ 20 ਲੱਖ ਰੁਪਏ ਦਾ ਕਰਜ ਸੀ। ਇਸਦੇ ਨਾਲ ਹੀ ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਉਹ ਕਿਸਾਨਾਂ ਦਾ ਕਰਜ ਸਿਰੇ ਤੋਂ ਸਹੀ ਤਰੀਕੇ ਨਾਲ ਮਾਫ ਕਰਨ ਤਾਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੁਕ ਸਕਣ।
ਇਸ ਪੂਰੇ ਮਾਮਲੇ ਉੱਤੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐਸ ਐੱਚ ਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚਹਿਲ ਦੇ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ। ਉਹ ਮੌਕੇ ਉੱਤੇ ਆਏ ਹਨ ਅਤੇ ਵਾਰਸਾਂ ਨਾਲ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਹੁਣ ਜਾਂਚ ਜਾਰੀ ਹੈ।
ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ ਮਾਫੀ ਲਈ ਪਿੰਡਾਂ ਵਿਚ ਲਗਾਈ ਲਿਸਟਾਂ ਮਜ਼ਾਕ ਬਣ ਕੇ ਰਹਿ ਗਈਆਂ ਹਨ। ਇਨਾਂ ਲਿਸਟਾਂ ਵਿਚ ਲੱਖਾਂ ਰੁਪਏ ਦੇ ਕਰਜਾਈ ਕਿਸਾਨਾਂ ਨੂੰ ਮਹਿਜ ਕੁਝ ਰੁਪਏ ਦੇ ਚੈੱਕ ਦੇ ਕੇ ਮਜ਼ਾਕ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਸੰਗਰੂਰ ਨੇੜਲੇ ਪਿੰਡ ਗੱਗੜਪੁਰ ਵਿਖੇ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਪਿੰਡ ਵਿਚ ਲੱਗੀ ਕਰਜਾ ਮਾਫੀ ਦੀ ਸੂਚੀ ਵਿਚ 24 ਨੰਬਰ ‘ਤੇ ਵਿਧਵਾ ਜਸਵੰਤ ਕੌਰ ਦਾ ਮਹਿਜ 291 ਰੁਪਏ ਦਾ ਹੀ ਕਰਜ ਮਾਫ ਕੀਤਾ ਗਿਆ ਹੈ। ਸਿਤਮ ਦੀ ਗੱਲ ਤਾਂ ਇਹ ਹੈ ਕਿ ਵਿਧਵਾ ਜਸਵੰਤ ਕੌਰ ਦਾ ਪਹਿਲਾਂ ਪਤੀ ਅਤੇ ਬਾਅਦ ਵਿਚ ਪੁੱਤਰ ਵੀ ਹਾਰਟ ਅਟੈਕ ਨਾਲ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ। ਹੁਣ ਉਹ ਆਪਣੇ ਪਿੰਡ ਨੂੰਹ ਅਤੇ ਪੋਤੇ ਪੋਤੀਆਂ ਨਾਲ ਰਹਿ ਰਹੀ ਹੈ।
ਜਸਵੰਤ ਕੌਰ ਉਤੇ ਸਹਿਕਾਰੀ ਸਭਾ ਦਾ ਕਰੀਬ 36000 ਰੁਪਏ ਦਾ ਤੋਂ ਇਲਾਵਾ ਹੋਰ ਵੀ ਬੈਂਕ ਦਾ ਕਰਜ ਹੈ। ਉਸਦਾ ਕਹਿਣਾ ਹੈ ਕਿ ਕਰਜਾ ਲਿਸਟਾਂ ਵਿਚ ਅਜਿਹਾ ਮਜਾਕ ਉਡਾ ਕੇ ਕੈਪਟਨ ਕੀ ਸਾਬਿਤ ਕਰਨਾ ਚਾਹੁੰਦੇ ਹਨ। ਇਨ੍ਹਾਂ ਲਿਸਟਾਂ ਵਿਚ ਪੱਖਪਾਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲਿਸਟਾਂ ਘਰਾਂ ਵਿਚ ਬੈਠ ਕੇ ਬਣਾ ਲਈਆਂ ਗਈਆਂ ਹਨ, ਜਦਕਿ ਛੋਟੇ ਅਤੇ ਅਸਲ ਹੱਕਦਾਰ ਕਿਸਾਨਾਂ ਦੇ ਨਾਮ ਨਹੀਂ ਪਾਏ ਗਏ ਹਨ।
ਜਦੋਂ ਇਸ ਸਬੰਧੀ ਸਹਿਕਾਰੀ ਸਭਾ ਦੇ ਪ੍ਰਧਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ 700 ਕਮੇਟੀ ਮੈਂਬਰਾਂ ਵਿਚੋਂ ਸਿਰਫ 100 ਦੇ ਕਰੀਬ ਕਿਸਾਨਾਂ ਦੀ ਕਰਜਮਾਫੀ ਲਿਸਟ ਆਈ ਹੈ। ਬਾਕੀ ਉਚ ਅਧਿਕਾਰੀਆਂ ਨੇ ਕੀ ਕਿਤਾ ਇਸ ਬਾਰੇ ਉਹ ਨਹੀਂ ਜਾਣਦੇ।