ਅਮਰੀਕਾ ਜਾ ਰਹੇ ਗਾਇਬ ਹੋਏ 6 ਨੌਜਵਾਨਾਂ ਦਾ ਇੰਗਲੈਂਡ ਨਿਵਾਸੀ ਨੇ ਖੋਲ੍ਹਿਆ ਭੇਤ ..

ਦੁਆਬੇ ਦੇ ਵੱਖ-ਵੱਖ ਜ਼ਿਲਿਆਂ ਨਾਲ ਸਬੰਧਤ ਪੰਜਾਬ ਦੇ 6 ਨੌਜਵਾਨ ਜੋ ਏਜੰਟਾਂ ਨੂੰ ਮੋਟਾ ਪੈਸਾ ਦੇ ਕੇ ਅਮਰੀਕਾ ਜਾ ਰਹੇ ਸਨ, ਦੇ ਕਈ ਦਿਨਾਂ ਤੋਂ ਗਾਇਬ ਹੋਣ ਦਾ ਭੇਤ ਇੰਗਲੈਂਡ ਨਿਵਾਸੀ ਨੇ ਫ਼ੋਨ ਕਰ ਕੇ ਖੋਲ੍ਹਿਆ। ‘media’ ਦੇ ਪ੍ਰਤੀਨਿਧੀ ਕੋਲ ਇੰਗਲੈਂਡ ਤੋਂ ਫ਼ੋਨ ਕਰ ਕੇ ਜਲੰਧਰ ਜ਼ਿਲੇ ਦੇ ਨਾਲ ਸਬੰਧਤ ਚੱਕ ਪੀਰਪੁਰਾ ਦੇ ਨਿਵਾਸੀ ਸੋਢੀ ਸਿੰਘ ਬਾਗੜੀਆ ਨੇ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਨਾਲ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਤੋਂ ਗਾਇਬ ਹੋਏ ਵਿਦੇਸ਼ ਜਾਣ ਵਾਲੇ ਨੌਜਵਾਨ ਵੀ ਜਮਾਇਕਾ ਜੇਲ ਵਿਚ ਹੋਣਗੇ, ਜਿਥੇ ਕਿ ਉਹ ਖੁਦ ਵੀ ਡੇਢ ਸਾਲ ਰਹਿ ਚੁੱਕਾ ਹੈ। ਸੋਢੀ ਸਿੰਘ ਨੇ ਦੱਸਿਆ ਕਿ ਉਸ ਨੂੰ ਏਜੰਟ 2004-05 ਵਿਚ ਕਿਊਬਾ ਦੇ ਰਸਤੇ ਅੱਗੇ ਲਿਜਾ ਰਹੇ ਸਨ ਤਾਂ ਜਮਾਇਕਾ ਵਿਚ ਉਸ ਨੂੰ ਅਤੇ ਉਸ ਦੇ 40 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੇ ਦੱਸਿਆ ਕਿ ਅਮਰੀਕਾ ਅਤੇ ਇੰਗਲੈਂਡ ਜਾਣ ਲਈ ਸਾਰੇ ਏਜੰਟ ਇਹੀ ਰਸਤਾ ਅਖਤਿਆਰ ਕਰਦੇ ਹਨ।
ਉਸ ਨੇ ਦੱਸਿਆ ਕਿ ਇਸ ਜੇਲ ਦੀਆਂ ਸੁਧਾਰ ਕਮੇਟੀਆਂ ਦੇ ਅਧਿਕਾਰੀ ਜਦੋਂ ਆਉਂਦੇ ਤਾਂ ਉਹ ਆਪਣੀ ਰਿਹਾਈ ਦੀਆਂ ਜਾਂ ਭਾਰਤ ਪਰਿਵਾਰਾਂ ਨੂੰ ਸੂਚਿਤ ਕਰਨ ਲਈ ਬੇਨਤੀਆਂ ਕਰਦੇ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਸੀ ਹੁੰਦੀ। ਪਸ਼ੂਆਂ ਦਾ ਮਾਸ ਖਾਣ ਤੋਂ ਇਨਕਾਰ ਕਰਨ ‘ਤੇ ਉਨ੍ਹਾਂ ਨੂੰ ਕਈ-ਕਈ ਦਿਨ ਭੁੱਖੇ ਰੱਖਿਆ ਜਾਂਦਾ ਅਤੇ ਮਰਨ ਲਈ ਛੱਡ ਦਿੱਤਾ ਜਾਂਦਾ। ਆਖਰ ਜਿਊਂਦੇ ਰਹਿਣ ਲਈ ਮਜਬੂਰ ਹੋ ਕੇ ਇਹੀ ਮਾਸ ਖਾਣਾ ਪੈਂਦਾ। ਉਸ ਨੇ ਦੱਸਿਆ ਕਿ ਉਸ ਨੂੰ ਡੇਢ ਸਾਲ ਦੌਰਾਨ ਜਮਾਇਕਾ ਦੀਆਂ ਤਿੰਨ ਵੱਖ-ਵੱਖ ਜੇਲਾਂ ਵਿਚ ਰੱਖਿਆ ਗਿਆ, ਜਿਥੇ ਉਸ ਨੇ ਦੇਖਿਆ ਕਿ ਪੰਜਾਬੀਆਂ ਅਤੇ ਗੁਜਰਾਤੀਆਂ ਸਮੇਤ ਕਈ ਹੋਰ ਰਾਜਾਂ ਦੇ ਨੌਜਵਾਨ ਇਨ੍ਹਾਂ ਜੇਲਾਂ ਵਿਚ ਕਈ ਸਾਲਾਂ ਤੋਂ ਬੰਦ ਸਨ। ਉਸ ਨੇ ਸੰਭਾਵਨਾ ਜਤਾਈ ਕਿ ਸਥਿਤੀ ਇਸ ਤੋਂ ਵੀ ਮਾੜੀ ਹੋਵੇਗੀ ਕਿਉਂਕਿ ਏਜੰਟਾਂ ਰਾਹੀਂ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ।
ਸੋਢੀ ਸਿੰਘ ਨੇ ਕਿਹਾ ਕਿ ਇਹ ਏਜੰਟ ਦੁਬਈ, ਕਿਊਬਾ, ਯੁਨੇਕਾ ਅਤੇ ਮਿਆਮੀ ਦੇ ਰਸਤੇ ਨੌਜਵਾਨਾਂ ਨੂੰ ਅਮਰੀਕਾ ਅਤੇ ਇੰਗਲੈਂਡ ਲੈ ਕੇ ਜਾਂਦੇ ਹਨ। ਇਸ ਲਈ ਇਹ ਪੱਕਾ ਹੈ ਕਿ ਗਾਇਬ ਹੋਏ ਨੌਜਵਾਨ ਜਮਾਇਕਾ ਦੀ ਜੇਲ ਵਿਚ ਹੀ ਹੋਣਗੇ। ਉਸ ਨੇ ਪੰਜਾਬ ਦੇ ਸਾਰੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਬੱਚੇ ਏਜੰਟਾਂ ਰਾਹੀਂ ਅਮਰੀਕਾ ਜਾਂ ਇੰਗਲੈਂਡ ਜਾਣ ਲਈ ਰਵਾਨਾ ਹੋਏ ਸਨ ਪਰ ਅਜੇ ਤੱਕ ਕਿਸੇ ਦਾ ਪਤਾ ਨਹੀਂ ਲੱਗਾ, ਉਹ ਸਾਰੇ ਜਮਾਇਕਾ ਦੀਆਂ ਜੇਲਾਂ ਨਾਲ ਸੰਪਰਕ ਕਰਨ। ਉਸ ਨੇ ਪਰਿਵਾਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਕੇਂਦਰ ਸਰਕਾਰ ‘ਤੇ ਵੀ ਦਬਾਅ ਪਾ ਕੇ ਜਮਾਇਕਾ ਦੀਆਂ ਜੇਲਾਂ ਵਿਚ ਬੰਦ ਨੌਜਵਾਨਾਂ ਬਾਰੇ ਪਤਾ ਕਰਵਾਉਣ।

error: Content is protected !!